ਰਾਸਟਰੀ ਖਬਰਨਾਮਾ

Facebookmail

—————————————————————————–

———————————————————————– 

ਮਹਾਂਪੰਚਾਇਤ ਅੱਜ 14 ਮਾਰਚ ਨੂੰ ਉੱਚ ਅਨੁਸ਼ਾਸਨ ਨਾਲ ਸ਼ਾਂਤਮਈ ਹੋਵੇਗੀ -ਸੰਯੁਕਤ ਕਿਸਾਨ ਮੋਰਚਾ  

ਦਿੱਲੀ ਪੁਲਿਸ ਨੇ ਰਾਮਲੀਲਾ ਮੈਦਾਨ ਲਈ ਐਨ.ਓ.ਸੀ. ਜਾਰੀ ਕੀਤਾ   

ਨਵੀਂ ਦਿੱਲੀ / 14 ਮਾਰਚ 2024/ ਭਵਨਦੀਪ ਸਿੰਘ ਪੁਰਬਾ

                ਅੱਜ 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਹੋਣ ਵਾਲੀ ਵਿਸ਼ਾਲ ਅਤੇ ਸ਼ਾਂਤਮਈ ਕਿਸਾਨ ਮਜ਼ਦੂਰ ਮਹਾਪੰਚਾਇਤ ਵਿੱਚ ਸ਼ਾਮਲ ਹੋ ਕੇ ਇਸ ਨੂੰ ਸਫ਼ਲ ਬਣਾਉਣ ਲਈ, ਵੱਡੀ ਪੱਧਰ ‘ਤੇ ਸ਼ਮੂਲੀਅਤ ਯਕੀਨੀ ਬਣਾਉਣ ਲਈ ਪੂਰੀ ਤਿਆਰੀ ਹੈ। ਮਹਾਪੰਚਾਇਤ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ, ਫਿਰਕੂ, ਤਾਨਾਸ਼ਾਹੀ ਨੀਤੀਆਂ ਵਿਰੁੱਧ ਸੰਘਰਸ਼ ਤੇਜ਼ ਕਰਨ ਅਤੇ ਕਿਸਾਨੀ, ਖੁਰਾਕ ਸੁਰੱਖਿਆ, ਰੋਜ਼ੀ-ਰੋਟੀ ਅਤੇ ਲੋਕਾਂ ਨੂੰ ਕਾਰਪੋਰੇਟ ਲੁੱਟ ਤੋਂ ਬਚਾਉਣ ਲਈ ਮਤਾ ਪਾਸ ਕਰੇਗੀ। ਆਗਾਮੀ ਲੋਕ ਸਭਾ ਚੋਣਾਂ ਦੇ ਸੰਦਰਭ ਵਿੱਚ ਮਹਾਪੰਚਾਇਤ ਵੱਲੋਂ ਕਿਸਾਨਾਂ-ਮਜ਼ਦੂਰਾਂ ਦੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਚੱਲ ਰਹੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਭਵਿੱਖੀ ਕਾਰਜ ਯੋਜਨਾ ਦਾ ਐਲਾਨ ਕੀਤਾ ਜਾਵੇਗਾ। ਮਹਾਪੰਚਾਇਤ ਵਿੱਚ ਕੇਂਦਰੀ ਟਰੇਡ ਯੂਨੀਅਨਾਂ, ਹੋਰ ਟਰੇਡ ਯੂਨੀਅਨਾਂ, ਖੇਤਰੀ ਫੈਡਰੇਸ਼ਨਾਂ ਅਤੇ ਐਸੋਸੀਏਸ਼ਨਾਂ ਦੇ ਸਾਂਝੇ ਮੰਚ ਦੇ ਪ੍ਰਤੀਨਿਧੀ ਭਾਗ ਲੈਣਗੇ। ਇਸ ਨਾਲ ਲੋਕ ਮਸਲਿਆਂ ‘ਤੇ ਸੰਘਰਸ਼ ਵਿਚ ਉਭਰ ਰਹੀ ਏਕਤਾ ਵਿਚ ਕਿਸਾਨਾਂ-ਮਜ਼ਦੂਰਾਂ ਦੇ ਪਲੇਟਫਾਰਮ ਦਾ ਇਕਜੁੱਟ ਚਿਹਰਾ ਲੋਕਾਂ ਸਾਹਮਣੇ ਉਜਾਗਰ ਹੋਵੇਗਾ। ਉਪਰੋਕਤ ਜਾਣਕਾਰੀ ਸੰਯੁਕਤ ਕਿਸਾਨ ਮੋਰਚੇ ਨੇ ਆਪਣੇ ਪ੍ਰੈਸ ਨੋਟ ਜਾਰ ਕਰਕੇ ਦਿੱਤੀ।

            ਸੰਯੁਕਤ ਕਿਸਾਨ ਮੋਰਚੇ ਨੇ ਸਾਰੇ ਜਨਤਕ ਅਤੇ ਜਮਾਤੀ ਸੰਗਠਨਾਂ ਅਤੇ ਮਜ਼ਦੂਰਾਂ, ਵਿਦਿਆਰਥੀਆਂ, ਨੌਜਵਾਨਾਂ ਅਤੇ ਔਰਤਾਂ ਦੀਆਂ ਯੂਨੀਅਨਾਂ ਨੂੰ ਮਹਾਂਪੰਚਾਇਤ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਦਿੱਲੀ ਪੁਲਿਸ ਨੇ 14 ਮਾਰਚ, 2024 ਨੂੰ ਰਾਮਲੀਲਾ ਮੈਦਾਨ ਵਿਖੇ ਮਹਾਪੰਚਾਇਤ ਦਾ ਆਯੋਜਨ ਕਰਨ ਅਤੇ ਦਿੱਲੀ ਮਿਉਂਸਪਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਪਾਰਕਿੰਗ ਸਥਾਨਾਂ ਅਤੇ ਪਾਣੀ, ਪਖਾਨੇ, ਐਂਬੂਲੈਂਸ ਵਰਗੀਆਂ ਹੋਰ ਬੁਨਿਆਦੀ ਸਹੂਲਤਾਂ ਦਾ ਪ੍ਰਬੰਧ ਕਰਨ ਲਈ ਐਨ.ਓ.ਸੀ. ਦੇ ਦਿੱਤੀ ਹੈ। ਮਹਾਪੰਚਾਇਤ ‘ਚ ਪੂਰੇ ਭਾਰਤ ਦੇ ਰਾਜਾਂ ਦੇ ਕਿਸਾਨ ਹਿੱਸਾ ਲੈਣਗੇ। ਜ਼ਿਆਦਾਤਰ ਕਿਸਾਨ ਰੇਲ ਗੱਡੀਆਂ ਰਾਹੀਂ ਆ ਰਹੇ ਹਨ। ਸਬੰਧਤ ਸੰਸਥਾਵਾਂ ਦੇ ਝੰਡਿਆਂ ਤੋਂ ਇਲਾਵਾ ਬੱਸਾਂ ਅਤੇ ਚਾਰ ਪਹੀਆ ਵਾਹਨਾਂ ‘ਤੇ ਵਿੰਡੋ ਸਟਿੱਕਰ ਵੀ ਲੱਗੇ ਹੋਣਗੇ, ਤਾਂ ਜੋ ਦਿੱਲੀ ਜਾਣ ਲਈ ਬਿਨਾਂ ਕਿਸੇ ਮੁਸ਼ਕਲ ਦੇ ਆਵਾਜਾਈ ਦੀ ਸਹੂਲਤ ਹੋ ਸਕੇ ਅਤੇ ਕਿਸਾਨਾਂ ਨੂੰ ਉਤਾਰਨ ਤੋਂ ਬਾਅਦ ਉਨ੍ਹਾਂ ਨੂੰ ਨਿਰਧਾਰਤ ਥਾਵਾਂ ‘ਤੇ ਪਾਰਕ ਕੀਤਾ ਜਾ ਸਕੇ। ਸੰਯੁਕਤ ਕਿਸਾਨ ਮੋਰਚੇ ਨੇ ਦੱਸਿਆ ਕਿ ਮਹਾਂਪੰਚਾਇਤ ਉੱਚ ਅਨੁਸ਼ਾਸਨ ਨਾਲ ਸ਼ਾਂਤਮਈ ਹੋਵੇਗੀ।

———————————————————————– 

ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਕਾਫਲੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਹੇਠ ਦਿੱਲੀ ਲਈ ਰਵਾਨਾ

ਮਹਾਂ ਪੰਚਾਇਤ ਵਿੱਚ ਸ਼ਾਮਲ ਹੋਣਗੇ ਦਹਿ ਹਜ਼ਾਰਾਂ ਕਿਸਾਨ  -ਮਨਜੀਤ ਧਨੇਰ 

ਚੰਡੀਗੜ੍ਹ / 13 ਮਾਰਚ 2024/ ਭਵਨਦੀਪ ਸਿੰਘ ਪੁਰਬਾ

               ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਗਰਾਊਂਡ ਵਿੱਚ ਹੋ ਰਹੀ ਕਿਸਾਨ ਮਜ਼ਦੂਰ ਮਹਾਂ ਪੰਚਾਇਤ ਵਾਸਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਕਾਫਲੇ ਅੱਜ ਸਾਰੇ ਪੰਜਾਬ ਵਿੱਚੋਂ ਰਵਾਨਾ ਹੋ ਗਏ ਹਨ। ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਆਪਣੇ ਸਾਥੀਆਂ ਸਮੇਤ ਦਿੱਲੀ ਜਾਂਦੇ ਹੋਏ ਬਨੂੜ ਤੋਂ ਹੋ ਕੇ ਗੁਜਰੇ ਤਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਨੂੰ ਮਹਾਂ ਪੰਚਾਇਤ ਕਰਨ ਦੀ ਮਨਜ਼ੂਰੀ ਮਿਲ ਗਈ ਹੈ। ਉਹਨਾਂ ਦੀ ਜਥੇਬੰਦੀ ਦੇ ਕਿਸਾਨ ਮਾਨਸਾ, ਧੂਰੀ, ਬਠਿੰਡਾ, ਬੁਢਲਾਡਾ ਵਗੈਰਾ ਰੇਲਵੇ ਸਟੇਸ਼ਨਾਂ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਇਕੱਠੇ ਹੋ ਕੇ ਟ੍ਰੇਨਾਂ ਰਾਹੀਂ ਦਿੱਲੀ ਵੱਲ ਰਵਾਨਾ ਹੋ ਚੁੱਕੇ ਹਨ। ਸਾਡੀ ਜਥੇਬੰਦੀ ਦੇ ਦੋ ਹਜ਼ਾਰ ਤੋਂ ਵੱਧ ਕਿਸਾਨ ਦਿੱਲੀ ਵਾਸਤੇ ਕੂਚ ਕਰ ਗਏ ਹਨ। ਅੱਜ ਰਾਤ ਨੂੰ ਇਹ ਸਾਰੇ ਕਾਫਲੇ ਦਿੱਲੀ ਦੇ ਵੱਖ ਵੱਖ ਸਥਾਨਾਂ ਤੇ ਰੁਕਣਗੇ ਅਤੇ 14 ਮਾਰਚ ਨੂੰ ਸਵੇਰੇ 11 ਵਜੇ ਤੋਂ ਪਹਿਲਾਂ ਪਹਿਲਾਂ ਰਾਮਲੀਲਾ ਮੈਦਾਨ ਵਿੱਚ ਪਹੁੰਚ ਜਾਣਗੇ।

            ਇਹ ਮਹਾਂ ਪੰਚਾਇਤ ਕਿਸਾਨਾਂ ਦੀਆਂ ਦਿੱਲੀ ਘੋਲ ਵੇਲੇ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਤੋਂ ਇਲਾਵਾ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮਾਫ ਕਰਨ, ਕਿਸਾਨਾਂ ਅਤੇ ਮਜ਼ਦੂਰਾਂ ਨੂੰ 58 ਸਾਲ ਦੀ ਉਮਰ ਪੂਰੀ ਹੋਣ ਤੇ ਦਸ ਹਜ਼ਾਰ ਰੁਪਏ ਮਹੀਨਾ ਪੈਨਸ਼ਨ ਦੇਣੀ, ਚਾਰ ਲੇਬਰ ਕੋਡ ਰੱਦ ਕਰਨੇ ਵਗੈਰਾ ਦੀਆਂ ਮੰਗਾਂ ਨੂੰ ਲੈ ਕੇ ਤੋ ਰਹੀ ਹੈ। ਇਸ ਸਮੇਂ ਸੂਬਾ ਪ੍ਰਧਾਨ ਨੇ ਪਿਛਲੇ ਦਿਨੀ ਮਜ਼ਦੂਰ ਜਥੇਬੰਦੀਆਂ ਵੱਲੋਂ ਦਿੱਤੇ ਰੇਲ ਰੋਕੋ ਪ੍ਰੋਗਰਾਮ ਨੂੰ ਫੇਲ੍ਹ ਕਰਨ ਲਈ ਆਗੂਆਂ ਨੂੰ ਗਿਰਫਤਾਰ ਕਰਨ ਅਤੇ ਲਾਠੀਚਾਰਜ ਕਰਨ ਤੇ ਪੰਜਾਬ ਸਰਕਾਰ ਦੀ ਸਖਤ ਨਿਖੇਧੀ ਕੀਤੀ।

———————————————————————– 

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਪੰਜਾਬ ਵਿੱਚ ਚਾਰ ਥਾਵਾਂ ਤੇ ਮਨਾਇਆ ਗਿਆ ਕੌਮਾਂਤਰੀ ਇਸਤਰੀ ਦਿਵਸ

ਔਰਤ ਮੁਕਤੀ ਦੀ ਜੰਗ ਨੂੰ ਕਿਸਾਨ ਮਜ਼ਦੂਰ ਲਹਿਰ ਦੇ ਅੰਗ ਵਜੋਂ ਅੱਗੇ ਵਧਾਵਾਂਗੇ  -ਅੰਮ੍ਰਿਤ ਪਾਲ ਕੌਰ 

ਚੰਡੀਗੜ੍ਹ / 08 ਮਾਰਚ 2024/ ਭਵਨਦੀਪ ਸਿੰਘ ਪੁਰਬਾ

                ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਦੀ ਅਗਵਾਈ ਹੇਠ ਜਥੇਬੰਦੀ ਵੱਲੋਂ ਪੰਜਾਬ ਵਿੱਚ ਚਾਰ ਥਾਵਾਂ, ਬਰਨਾਲਾ ਜਿਲੇ ਦੇ ਇਤਿਹਾਸਕ ਪਿੰਡ ਠੀਕਰੀਵਾਲਾ, ਮਾਨਸਾ ਜ਼ਿਲ੍ਹੇ ਵਿੱਚ ਬੁਢਲਾਡਾ ਪੱਕਾ ਮੋਰਚਾ, ਪੰਜਾਬ ਹਰਿਆਣਾ ਬਾਰਡਰ ਤੇ ਡੱਬਵਾਲੀ ਪੱਕਾ ਮੋਰਚਾ ਅਤੇ ਲੁਧਿਆਣਾ ਜ਼ਿਲੇ ਦੇ ਗ਼ਾਲਿਬ ਕਲਾਂ ਵਿਖੇ ਔਰਤ ਕਿਸਾਨ ਕਾਨਫਰੰਸਾਂ ਕੀਤੀਆਂ ਗਈਆਂ। ਕਾਨਫਰੰਸਾਂ ਦੀ ਸ਼ੁਰੂਆਤ ਬੇਵਕਤੀ ਵਿਛੋੜਾ ਦੇ ਗਏ ਸਾਥੀਆਂ ਨੂੰ ਸ਼ਰਧਾਂਜਲੀਆਂ ਭੇਂਟ ਕਰਨ ਨਾਲ ਹੋਈ। ਕਨਵੈਨਸ਼ਨਾਂ ਨੂੰ ਸੂਬਾ ਕਮੇਟੀ ਮੈਂਬਰ ਅੰਮ੍ਰਿਤ ਪਾਲ ਕੌਰ, ਮਨਪ੍ਰੀਤ ਕੌਰ, ਪ੍ਰੇਮਪਾਲ ਕੌਰ, ਅਮਰਜੀਤ ਕੌਰ ਅਤੇ ਰਾਜਵੀਰ ਕੌਰ ਨੇ ਔਰਤ ਦਿਵਸ ਦੀ ਮਹੱਤਤਾ ਤੋਂ ਜਾਣੂ ਕਰਵਾਉਂਦਿਆਂ ਹੋਇਆਂ ਕਿਹਾ ਕਿ ਅਖੌਤੀ ਅਜ਼ਾਦੀ ਦੇ 76 ਸਾਲ ਬੀਤ ਜਾਣ ਬਾਅਦ ਵੀ ਔਰਤਾਂ ਉੱਪਰ ਜ਼ਬਰ ਸਾਰੇ ਹੱਦਾਂ ਬੰਨ੍ਹੇ ਪਾਰ ਕਰ ਰਿਹਾ ਹੈ।

               ਇਹਨਾਂ ਇਕੱਠਾਂ ਦੀ ਵਿਲੱਖਣਤਾ ਇਹ ਸੀ ਕਿ ਪ੍ਰੋਗਰਾਮਾਂ ਦਾ ਸਾਰਾ ਪ੍ਰਬੰਧ ਔਰਤਾਂ ਨੇ ਕੀਤਾ, ਪ੍ਰਧਾਨਗੀ ਔਰਤਾਂ ਨੇ ਕੀਤੀ, ਸਟੇਜਾਂ ਵੀ ਔਰਤਾਂ ਨੇ ਚਲਾਈਆਂ ਅਤੇ ਬੁਲਾਰਿਆਂ ਵਜੋਂ ਵੀ ਮੁੱਖ ਤੌਰ ਤੇ ਔਰਤਾਂ ਨੇ ਹੀ ਸੰਬੋਧਨ ਕੀਤਾ। ਪ੍ਰੋਗਰਾਮਾਂ ਦੀ ਸ਼ੁਰੂਆਤ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਨਾਲ ਹੋਈ।ਜਥੇਬੰਦੀ ਦੇ ਔਰਤ ਵਿੰਗ ਦੀ ਆਗੂ ਬੀਬੀ ਅੰਮ੍ਰਿਤਪਾਲ ਕੌਰ ਹਰੀ ਨੌਂ ਨੇ ਡੱਬਵਾਲੀ ਬਾਰਡਰ ਵਾਲੇ ਇਕੱਠ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ, ਮਜ਼ਦੂਰਾਂ ਅਤੇ ਸਮੂਹ ਕਿਰਤੀ ਲੋਕਾਂ ਦੀ ਮੁਕਤੀ ਦਾ ਕਾਰਜ ਬਹੁਤ ਵੱਡਾ ਹੈ ਪਰ ਔਰਤਾਂ ਨੂੰ ਦੂਹਰੀ ਗੁਲਾਮੀ ਭੋਗਣੀ ਪੈਂਦੀ ਹੈ। ਉਹਨਾਂ ਨੇ ਕਿਹਾ ਕਿ ਔਰਤਾਂ ਦੀ ਮੁਕੰਮਲ ਮੁਕਤੀ, ਮਜ਼ਦੂਰਾਂ ਕਿਸਾਨਾਂ ਦੀ ਮੁਕਤੀ ਜੰਗ ਦੀ ਜਿੱਤ ਨਾਲ ਹੀ ਸੰਭਵ ਹੋ ਸਕਦੀ ਹੈ। ਇੱਥੇ ਜਸਵਿੰਦਰ ਕੌਰ ਝੰਡੂਕੇ, ਰਾਜ ਰਾਣੀ, ਰਣਦੀਪ ਕੌਰ ਰਾਮਪੁਰਾ, ਬਲਜੀਤ ਕੌਰ ਰਾਮਪੁਰਾ, ਰਾਜਵੀਰ ਕੌਰ ਫਿਰੋਜ਼ਪੁਰ, ਮਹਿੰਦਰ ਕੌਰ ਫਰੀਦਕੋਟ ਅਤੇ ਜਸਵੀਰ ਕੌਰ ਕਰਾੜ ਵਾਲਾ ਨੇ ਸੰਬੋਧਨ ਕੀਤਾ।

              ਠੀਕਰੀਵਾਲਾ ਵਿਖੇ ਹੋਏ ਸਮਾਗਮ ਦੀ ਪ੍ਰਧਾਨਗੀ ਪ੍ਰੇਮਪਾਲ ਕੌਰ,ਮਨਪ੍ਰੀਤ ਕੌਰ, ਮਨਜੀਤ ਕੌਰ, ਪਰਮਜੀਤ ਕੌਰ, ਪ੍ਰਦੀਪ ਕੌਰ, ਹਰਜੀਤ ਕੌਰ, ਦਲੀਪ ਕੌਰ ਅਤੇ ਪਰਮਜੀਤ ਕੌਰ ਹਮੀਦੀ ਨੇ ਕੀਤੀ ਅਤੇ ਸਟੇਜ ਤੋਂ ਮਨਪ੍ਰੀਤ ਕੌਰ, ਪ੍ਰੇਮਪਾਲ ਕੌਰ, ਪ੍ਰਦੀਪ ਕੌਰ, ਜੈਸਮੀਨ , ਮਨਜੀਤ ਕੌਰ ਅਤੇ ਕੇਵਲਜੀਤ ਕੌਰ ਨੇ ਸੰਬੋਧਨ ਕੀਤਾ।ਸੰਬੋਧਨ ਕਰਨ ਵਾਲੀਆਂ ਬੀਬੀਆਂ ਨੇ ਕਿਹਾ ਕਿ ਓਪਰੀ ਨਜ਼ਰੇ ਲਗਦਾ ਹੈ ਕਿ ਹੁਣ ਔਰਤਾਂ ਅਜ਼ਾਦ ਹੋ ਗਈਆਂ ਹਨ ਅਤੇ ਮਰਦਾਂ ਬਰਾਬਰ ਹਰ ਖੇਤਰ ਵਿੱਚ ਕੰਮ ਕਰਦੀਆਂ ਹਨ ਪਰ ਸੱਚਾਈ ਇਹ ਹੈ ਕਿ ਜਿੱਥੇ ਔਰਤਾਂ ਦੀ ਦੋਹਰੀ ਲੁੱਟ ਵਿੱਚ ਵਾਧਾ ਹੋਇਆ ਹੈ ਉੱਥੇ ਜ਼ਬਰ ਜੁਲਮ ਤੇ ਔਰਤਾਂ ਨਾਲ ਛੇੜ – ਛਾੜ ਤੇ ਵਹਿਸ਼ੀ ਬਲਾਤਕਾਰ ਅਤੇ ਕਤਲਾਂ ਦੀਆਂ ਘਟਨਾਵਾਂ ਦਾ ਵਰਤਾਰਾ ਪਹਿਲਾਂ ਨਾਲੋਂ ਵੀ ਵੱਧ ਹੋ ਗਿਆ ਹੈ।

              ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਵਿਖੇ ਔਰਤਾਂ ਨੇ ਇਕੱਠੇ ਹੋ ਕੇ ਪਹਿਲਾਂ ਕੌਮਾਂਤਰੀ ਇਸਤਰੀ ਦਿਵਸ ਬਾਰੇ ਵਿਚਾਰਾਂ ਕੀਤੀਆਂ ਅਤੇ ਬਾਅਦ ਵਿੱਚ ਬੁਡਲਾਡਾ ਸ਼ਹਿਰ ਵਿੱਚ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਬੁਲੰਦ ਕਰਦੇ ਨਾਹਰੇ ਮਾਰਦੇ ਹੋਏ ਮਾਰਚ ਕੀਤਾ। ਕੌਮਾਂਤਰੀ ਇਸਤਰੀ ਦਿਹਾੜੇ ਤੇ ਉਪਰੋਕਤ ਕਾਨਫਰੰਸਾਂ ਵਿੱਚ ਔਰਤਾਂ ਨੇ ਆਪਣੀ ਗੁਲਾਮੀ ਦੇ ਸੰਗਲ ਤੋੜਨ ਲਈ ਵਿਚਾਰ ਚਰਚਾ ਕਰ ਕੇ ਮੁਕੰਮਲ ਆਜ਼ਾਦੀ ਲਈ ਜੂਝਣ ਦਾ ਅਹਿਦ ਕੀਤਾ।

———————————————————————– 

ਪੰਜਾਬ ਸਰਕਾਰ ਨੇ ਬਜਟ ਵਿੱਚ ਠੋਸ ਵਿਉਂਤਬੰਦੀ ਦੀ ਥਾਂ ਲਿੱਪਾਪੋਚੀ ਨਾਲ ਡੰਗ ਸਾਰਿਆ -ਮਨਜੀਤ ਧਨੇਰ

ਖੇਤੀ ਨੀਤੀ ਨੂੰ ਵਿਸਾਰ ਕੇ ਖੇਤੀ ਖੇਤਰ ਲਈ ਫੰਡ ਪਹਿਲਾਂ ਨਾਲੋਂ ਵੀ ਘਟਾਇਆ -ਹਰਨੇਕ ਮਹਿਮਾ  

ਚੰਡੀਗੜ੍ਹ / 06 ਮਾਰਚ 2024/ ਭਵਨਦੀਪ ਸਿੰਘ ਪੁਰਬਾ

                 ਪੰਜਾਬ ਦੇ ਵਿੱਤ ਮੰਤਰੀ ਸ੍ਰ: ਦਲਜੀਤ ਸਿੰਘ ਚੀਮਾ ਨੇ ਕੱਲ੍ਹ ਵਿਧਾਨ ਸਭਾ ਵਿੱਚ ਸਾਲ 2024-25 ਦਾ ਬਜਟ ਪੇਸ਼ ਕੀਤਾ ਹੈ। ਇਸ ਬਾਰੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਪ੍ਰਤੀਕਿਰਿਆ ਦਿੰਦਿਆਂ ਦੱਸਿਆ ਕਿ ਬਜਟ ਕਿਸਾਨਾਂ ਅਤੇ ਮਜ਼ਦੂਰਾਂ ਲਈ ਸਿਰਫ ਨਿਰਾਸ਼ਤਾ ਹੀ ਲ਼ੈ ਕੇ ਆਇਆ ਹੈ। ਉਹਨਾਂ ਕਿਹਾ ਕਿ ਖੇਤੀ ਸੈਕਟਰ ਇਸ ਸਮੇਂ ਚੌਤਰਫਾ ਸੰਕਟ ਦੀ ਮਾਰ ਹੇਠ ਹੈ। ਕਰਜ਼ੇ ਕਾਰਨ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਵਧ ਰਹੀਆਂ ਆਤਮ ਹੱਤਿਆਵਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ। ਕਿਸਾਨ ਘੱਟੋ ਘੱਟ ਸਮਰਥਨ ਮੁੱਲ ਅਤੇ ਹੋਰ ਮੰਗਾਂ ਲਈ ਲੜਾਈੰ ਲੜ ਰਹੇ ਹਨ ਪਿੰਡਾਂ ਵਿੱਚ ਲੋਕਾਂ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਅਜਿਹਾ ਸੰਕਟ ਹੱਲ ਕਰਨ ਲਈ ਪੰਜਾਬ ਨੂੰ ਵਿਆਪਕ ਖੇਤੀ ਨੀਤੀ ਦੀ ਲੋੜ ਹੈ। ਇਸ ਦਾ ਵਾਅਦਾ ਵੀ ਆਦਮੀ ਪਾਰਟੀ ਵੱਲੋਂ ਆਪਣੇ ਚੋਣ ਮੈਨੀਫੈਸਟੋ ਵਿੱਚ ਕੀਤਾ ਗਿਆ ਸੀ। ਪੰਜਾਬ ਸਰਕਾਰ ਨੇ 31 ਮਾਰਚ 2023 ਤੱਕ ਜਥੇਬੰਦੀਆਂ ਅਤੇ ਖੇਤੀ ਖੇਤਰ ਦੇ ਮਾਹਿਰਾਂ ਤੋਂ ਖੇਤੀ ਨੀਤੀ ਬਣਾਉਣ ਲਈ ਸੁਝਾਅ ਮੰਗੇ ਸਨ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਨੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਦੀ ਅਗਵਾਈ ਹੇਠ, ਖੇਤੀ ਨੀਤੀ ਦਾ ਖਰੜਾ ਤਿਆਰ ਕਰ ਕੇ 22 ਮਾਰਚ 2023 ਨੂੰ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਸੀ।
ਸਰਕਾਰ ਨੇ ਕੋਈ ਖੇਤੀ ਨੀਤੀ ਜਾਰੀ ਕਰਨ ਦੀ ਥਾਂ ਇੱਕ ਕੰਪਨੀ ਬੋਸਟਨ ਸਲਾਹਕਾਰ ਗਰੁੱਪ ਨਾਲ 5 ਕਰੋੜ 65 ਲੱਖ ਰੁਪਏ ਵਿੱਚ ਪੰਜਾਬ ਲਈ ਖੇਤੀ ਨੀਤੀ ਬਣਾਉਣ ਦਾ ਠੇਕਾ ਕਰ ਲਿਆ ਹੈ। ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਸੁਆਲ ਕੀਤਾ ਕਿ ਖੇਤੀਬਾੜੀ ਯੂਨੀਵਰਸਟੀ ਦੇ ਮਾਹਿਰਾਂ ਅਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਛੱਡ ਕੇ ਇਹ ਕੰਪਨੀ ਕਿਸ ਤਰ੍ਹਾਂ ਦੀ ਖੇਤੀ ਨੀਤੀ ਜਾਰੀ ਕਰੇਗੀ? ਸਪਸ਼ਟ ਹੈ ਕਿ ਇਹ ਸਾਮਰਾਜੀ ਬਹੁਕੌਮੀ ਕੰਪਨੀਆਂ ਨੂੰ ਫਿੱਟ ਬੈਠਦੀ ਖੇਤੀ ਨੀਤੀ ਹੀ ਲਿਆਵੇਗੀ, ਜਿਸ ਦੇ ਖ਼ਿਲਾਫ਼ ਕਿਸਾਨ ਜਥੇਬੰਦੀਆਂ ਪਿਛਲੇ ਲੰਬੇ ਸਮੇਂ ਤੋਂ ਲੜਦੀਆਂ ਆ ਰਹੀਆਂ ਹਨ।

             ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ 2023-24 ਦੇ ਬਜਟ ਵਿੱਚ ਖੇਤੀਬਾੜੀ ਲਈ 13704 ਕਰੋੜ ਰੁਪਏ ਰੱਖੇ ਗਏ ਸਨ ਜੋ ਕਿ ਬਾਅਦ ਵਿੱਚ ਰਿਵਾਈਜ਼ ਕਰ ਕੇ 13888 ਕਰੋੜ ਰੁਪਏ ਕੀਤੇ ਗਏ। ਇਸ ਵਾਰ ਇਹ ਰਕਮ 13784 ਕਰੋੜ ਰੁਪਏ ਰੱਖੀ ਗਈ ਹੈ ਇਸ ਤਰਾਂ ਸਰਕਾਰ ਨੇ ਬਜਟ ਵਧਾਉਣ ਦੀ ਥਾਂ 104 ਕਰੋੜ ਰੁਪਏ ਦੀ ਕੈਂਚੀ ਫੇਰ ਦਿੱਤੀ ਹੈ। ਜੇਕਰ ਪਿਛਲੇ ਸਾਲ ਮਹਿੰਗਾਈ ਛੇ ਪ੍ਰਤੀਸ਼ਤ ਵਧੀ ਹੋਵੇ ਤਾਂ ਪਿਛਲੇ ਸਾਲ ਜਿੰਨੀ ਖਰੀਦ ਸ਼ਕਤੀ ਬਰਕਰਾਰ ਰੱਖਣ ਲਈ 833 ਕਰੋੜ ਹੋਰ ਲੋੜੀਂਦੇ ਸਨ। ਇਸ ਤਰ੍ਹਾਂ ਪਿਛਲੇ ਸਾਲ ਨਾਲੋਂ ਅਸਲ ਘਾਟਾ (104+833) 937 ਕਰੋੜ ਬਣਦਾ ਹੈ। ਪੰਜਾਬ ਦੇ ਪਾਣੀ, ਵਾਤਾਵਰਨ ਅਤੇ ਮਿੱਟੀ ਨੂੰ ਬਚਾਉਣ ਲਈ ਫਸਲੀ ਵਿਭਿੰਨਤਾ ਦੀ ਲੋੜ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ। ਸਰਕਾਰ ਨੇ ਪਿਛਲੇ ਸਾਲ ਫਸਲੀ ਵਿਭਿੰਨਤਾ ਵਾਸਤੇ 1000 ਕਰੋੜ ਬਜਟ ਰੱਖਿਆ ਸੀ ਪਰ ਇਸ ਵਾਰ 575 ਕਰੋੜ ਰੁਪਏ ਰੱਖੇ ਗਏ ਹਨ। ਸਪਸ਼ਟ ਹੈ ਕਿ ਪੰਜਾਬ ਸਰਕਾਰ ਇਸ ਪਾਸੇ ਰਤਾ ਵੀ ਗੰਭੀਰ ਨਹੀਂ ਹੈ। ਪਿਛਲੇ ਸਾਲ ਰੱਖੇ ਬਜਟ ਵਿੱਚੋਂ ਕਿੰਨਾ ਖਰਚਿਆ ਗਿਆ ਅਤੇ ਉਹ ਕਿੱਥੇ ਖਰਚਿਆ ਗਿਆ, ਇਹ ਵੀ ਵਿਚਾਰਨ ਯੋਗ ਮੁੱਦਾ ਹੈ। ਬਜਟ ਵਿੱਚ ਮਾਲਵਾ ਨਹਿਰ ਦੀ ਉਸਾਰੀ ਦਾ ਐਲਾਨ ਚੰਗਾ ਕਦਮ ਹੈ ਪਰ ਜਲ ਸਰੋਤ ਵਿਭਾਗ ਦੇ ਸਾਰੇ ਪ੍ਰੋਜੈਕਟਾਂ ਲਈ ਕੁੱਲ ਬਜਟ 143 ਕਰੋੜ ਰੁਪਏ ਰੱਖਿਆ ਗਿਆ ਹੈ। ਇਸ ਵਿੱਚੋਂ ਨਵੀਂ ਨਹਿਰ ਵਾਸਤੇ ਕਿੰਨਾ ਫੰਡ ਮਿਲੇਗਾ? ਬਜਟ ਵਿੱਚ ਹੜ੍ਹਾਂ ਤੋਂ ਰੋਕਥਾਮ ਵਾਸਤੇ ਵਿਸ਼ੇਸ਼ ਉਪਰਾਲੇ ਕਰਨ ਲਈ ਰਕਮ ਵਧਾਉਣ ਦੀ ਥਾਂ ਸਿਰਫ਼ 948 ਕਰੋੜ ਰੁਪਏ ਰੱਖੇ ਗਏ ਹਨ ਜੋ ਕਿ ਪਿਛਲੇ ਸਾਲ ਨਾਲੋਂ ਸਿਰਫ਼ 3% ਵਾਧਾ ਹੈ। ਮਹਿੰਗਾਈ ਦੇ ਹਿਸਾਬ ਨਾਲ ਬਜਟ ਦੀ ਇਸ ਮੱਦ ਦੀ ਅਸਲ ਕਦਰ ਵੀ ਪਹਿਲਾਂ ਨਾਲੋਂ ਘਟ ਗਈ ਹੈ। ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਬਜਟ ਵਿੱਚ ਖੇਤੀ ਸੈਕਟਰ ਨੂੰ ਕੋਈ ਤਰਜੀਹ ਦੇਣ ਦੀ ਥਾਂ ਸਗੋਂ ਅਣਗੌਲਿਆਂ ਕਰਕੇ ਬਜਟ ਘਟਾ ਦਿੱਤਾ ਗਿਆ ਹੈ। ਖੇਤੀ ਨੀਤੀ ਬਣਾਉਣ ਵੱਲ ਕੋਈ ਧਿਆਨ ਨਹੀਂ ਹੈ। ਪਿਛਲੇ ਸਾਲ ਫ਼ਸਲਾਂ ਦੇ ਖ਼ਰਾਬੇ ਦਾ ਮੁਆਵਜ਼ਾ ਦਿਖਾਵਾ ਮਾਤਰ ਹੀ ਦਿੱਤਾ ਗਿਆ ਹੈ ਅਤੇ ਬਜਟ ਵਿੱਚ ਅੱਗੇ ਵੀ ਕੋਈ ਤਜਵੀਜ਼ ਨਹੀਂ ਕੀਤੀ ਗਈ। ਫ਼ਸਲ ਬੀਮਾ ਯੋਜਨਾ ਅਤੇ ਹੜਾਂ ਦੀ ਰੋਕਥਾਮ ਵੱਲ ਵੀ ਕੋਈ ਧਿਆਨ ਨਹੀਂ ਦਿੱਤਾ ਗਿਆ। ਇਸ ਤਰ੍ਹਾਂ ਭਗਵੰਤ ਮਾਨ ਸਰਕਾਰ ਵੀ ਪਿਛਲੀਆਂ ਸਰਕਾਰਾਂ ਵਾਂਗੂੰ ਹੀ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੀ ਸੇਵਾ ਵਿੱਚ ਲੱਗੀ ਹੋਈ ਹੈ। ਖੇਤੀਬਾੜੀ ਖੇਤਰ ਲਈ ਲਿੱਪਾ ਪੋਚੀ ਕਰ ਕੇ ਡੰਗ ਸਾਰਨ ਦੀ ਨੀਤੀ ਤੇ ਚੱਲ ਰਹੀ ਹੈ ਅਤੇ ਇਸਦਾ ਪਿਛਲੀਆਂ ਸਰਕਾਰਾਂ ਨਾਲੋਂ ਕੋਈ ਬੁਨਿਆਦੀ ਫ਼ਰਕ ਨਹੀਂ ਹੈ। ਲੋਕਾਂ ਨੂੰ ਆਪਣੀ ਜਥੇਬੰਦਕ ਤਾਕਤ ਤੇ ਟੇਕ ਰੱਖ ਕੇ ਸੰਘਰਸ਼ਾਂ ਰਾਹੀਂ ਹੀ ਮਸਲੇ ਹੱਲ ਕਰਵਾਉਣੇ ਪੈਣਗੇ।

———————————————————————– 

ਜਨਤਕ ਸੰਘਰਸ਼ ਦੇ ਜਮਹੂਰੀ ਹੱਕ ਦੀ ਰਾਖੀ ਲਈ 4 ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਭਰ ਵਿੱਚ ਜ਼ਿਲ੍ਹਾ ਪੱਧਰੇ ਵਿਸ਼ਾਲ ਰੋਸ ਮਾਰਚ

ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਮਰਦਾਂ ਅਤੇ ਔਰਤਾਂ ਨੇ ਕੀਤੀ ਸ਼ਮੂਲੀਅਤ 

ਚੰਡੀਗੜ੍ਹ / 05 ਮਾਰਚ 2024/ ਭਵਨਦੀਪ ਸਿੰਘ ਪੁਰਬਾ

                ਭਾਕਿਯੂ (ਏਕਤਾ-ਉਗਰਾਹਾਂ), ਭਾਕਿਯੂ ਏਕਤਾ ਡਕੌਂਦਾ (ਧਨੇਰ) ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਭਾਰਤ ਵੱਲੋਂ ਕਿਰਤੀ ਕਿਸਾਨ ਯੂਨੀਅਨ ਦੀ ਹਮਾਇਤ ਨਾਲ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਉਣ ਲਈ, ਰਹਿੰਦੀਆਂ ਮੰਗਾਂ ਮੰਨਵਾਉਣ ਲਈ ਅਤੇ ਇਹਨਾਂ ਮੰਗਾਂ ਲਈ ਦਿੱਲੀ ਜਾਣ ਵਾਲੀਆਂ ਜਥੇਬੰਦੀਆਂ ਦਾ ਜਨਤਕ ਸੰਘਰਸ਼ ਦਾ ਸੰਵਿਧਾਨਕ ਜਮਹੂਰੀ ਹੱਕ ਖੋਹਣ ਖਿਲਾਫ, ਅੱਜ ਪੰਜਾਬ ਭਰ ਦੇ ਜ਼ਿਲ੍ਹਾ/ਸਬ ਡਵੀਜ਼ਨ ਕੇਂਦਰਾਂ ‘ਤੇ ਭਾਜਪਾ ਸਰਕਾਰ ਵਿਰੁੱਧ ਵਿਸ਼ਾਲ ਧਰਨੇ ਦੇਣ ਉਪਰੰਤ ਸ਼ਹਿਰੀ ਬਾਜ਼ਾਰਾਂ ਵਿੱਚ ਰੋਸ ਮਾਰਚ ਕੀਤੇ ਗਏ।  ਇਸ ਸਬੰਧੀ ਅੱਜ ਇੱਥੇ ਪ੍ਰੈਸ ਦੇ ਨਾਂ ਸਾਂਝਾ ਬਿਆਨ ਜਾਰੀ ਕਰਦਿਆਂ ਜਥੇਬੰਦੀਆਂ ਦੇ ਪ੍ਰਧਾਨ ਕ੍ਰਮਵਾਰ ਜੋਗਿੰਦਰ ਸਿੰਘ ਉਗਰਾਹਾਂ, ਮਨਜੀਤ ਸਿੰਘ ਧਨੇਰ, ਡਾ: ਦਰਸ਼ਨਪਾਲ ਅਤੇ ਨਿਰਭੈ ਸਿੰਘ ਢੁੱਡੀਕੇ ਨੇ ਦੱਸਿਆ ਕਿ ਇਹਨਾਂ ਰੋਸ ਪ੍ਰਦਰਸ਼ਨਾਂ ਦੀਆਂ ਮੁੱਖ ਮੰਗਾਂ ਵਿਚ ਦਸੰਬਰ ’21 ਦੇ ਲਿਖਤੀ ਸਰਕਾਰੀ ਵਾਅਦੇ ਵਾਲੀਆਂ ਮੰਗਾਂ ਜਿਵੇਂ ਸਭ ਫਸਲਾਂ ਦੀ ਐੱਮ ਐੱਸ ਪੀ ਦੀ ਕਾਨੂੰਨੀ ਗਰੰਟੀ, ਕਿਸਾਨਾਂ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਕਤੀ ਤੇ ਬੁਢਾਪਾ ਪੈਨਸ਼ਨ, ਸਰਵਜਨਿਕ ਜਨਤਕ ਵੰਡ ਪ੍ਰਣਾਲੀ ਲਾਗੂ ਕਰਨ ਅਤੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਪੂਰਾ ਇਨਸਾਫ ਦੇਣ ਵਰਗੀਆਂ ਲਟਕਦੀਆਂ ਮੰਗਾਂ ਤੋਂ ਇਲਾਵਾ ਭਾਰਤ ਨੂੰ ਡਬਲਯੂ ਟੀ ਓ ਤੋਂ ਬਾਹਰ ਲਿਆਉਣ, ਸ਼ੁਭਕਰਨ ਸਿੰਘ ਦੇ ਕਤਲ ਅਤੇ ਪ੍ਰੀਤਪਾਲ ਸਿੰਘ ਦੀਆਂ ਲੱਤਾਂ/ਜਬਾੜ੍ਹੇ ਤੋੜਨ ਲਈ ਜ਼ਿੰਮੇਵਾਰ ਕੇਂਦਰ ਤੇ ਹਰਿਆਣਾ ਦੇ ਗ੍ਰਹਿ ਮੰਤਰੀਆਂ ਸਮੇਤ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵਿਰੁੱਧ ਕਤਲ ਕੇਸ ਦਰਜ ਕਰ ਕੇ ਬਰਖਾਸਤ ਕਰਨ, ਦਿੱਲੀ ਘੋਲ਼ ਦੇ ਅਤੇ ਮੌਜੂਦਾ ਪੰਜਾਬ/ਹਰਿਆਣਾ ਬਾਡਰਾਂ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਪੂਰਾ ਇਨਸਾਫ ਦੇਣ ਅਤੇ ਰਾਜਧਾਨੀ ਦਿੱਲੀ ਵਿਚ ਕਿਸਾਨਾਂ ਦਾ ਜਨਤਕ ਸੰਘਰਸ਼ ਕਰਨ ਦਾ ਸੰਵਿਧਾਨਕ ਜਮਹੂਰੀ ਹੱਕ ਬਹਾਲ ਕਰਨ ਵਰਗੀਆਂ ਭਖਦੀਆਂ ਮੰਗਾਂ ਸ਼ਾਮਲ ਹਨ।

            ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਇਨ੍ਹਾਂ ਮੰਗਾਂ ਦੀ ਪੂਰਤੀ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਗਰਾਊਂਡ ਵਿਖੇ ਕਿਸਾਨ ਮਜ਼ਦੂਰ ਮਹਾਂਪੰਚਾਇਤ ਕੀਤੀ ਜਾ ਰਹੀ ਹੈ। ਅੱਜ ਦੇ ਰੋਸ ਪ੍ਰਦਰਸ਼ਨ ਇਸ ਮਹਾਂ ਪੰਚਾਇਤ ਦੀ ਤਿਆਰੀ ਲਈ ਮਾਹੌਲ ਸਿਰਜਣਗੇ। ਇਤਿਹਾਸਕ ਦਿੱਲੀ ਕਿਸਾਨ ਘੋਲ਼ ਵਾਂਗ ਸਮੂਹ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੀ ਘੱਟੋ ਘੱਟ ਪ੍ਰੋਗਰਾਮ ‘ਤੇ ਇੱਕਜੁਟਤਾ ਅਤੇ ਵਿਸ਼ਾਲ ਲਾਮਬੰਦੀ ਹੀ ਕਿਸਾਨਾਂ ਦੇ ਹਿੱਤਾਂ ਦੀ ਗਰੰਟੀ ਕਰ ਸਕਦੀ ਹੈ। ਅੱਜ ਦੇ ਧਰਨਿਆਂ ਨੂੰ ਬਿਆਨ ਜਾਰੀ ਕਰਤਾਵਾਂ ਤੋਂ ਇਲਾਵਾ ਸੁਖਦੇਵ ਸਿੰਘ ਕੋਕਰੀ ਕਲਾਂ, ਹਰਨੇਕ ਸਿੰਘ ਮਹਿਮਾ, ਗੁਰਮੀਤ ਸਿੰਘ ਮਹਿਮਾ, ਰਮਿੰਦਰ ਪਟਿਆਲਾ, ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਅਵਤਾਰ ਸਿੰਘ ਮਹਿਮਾ, ਗੁਰਦੀਪ ਸਿੰਘ ਰਾਮਪੁਰਾ, ਹਰਿੰਦਰ ਕੌਰ ਬਿੰਦੂ, ਅੰਮ੍ਰਿਤ ਪਾਲ ਕੌਰ, ਚਰਨਜੀਤ ਕੌਰ ਧੂੜੀਆਂ ਅਤੇ ਸ਼ਿੰਗਾਰਾ ਸਿੰਘ ਮਾਨ ਤੋਂ ਇਲਾਵਾ ਜ਼ਿਲ੍ਹਿਆਂ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ।

———————————————————————– 

ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਵਿਖੇ ਮਹਾਂ ਪੰਚਾਇਤ ਦਾ ਸੱਦਾ

ਨਵੀਂ ਦਿੱਲੀ / 05 ਮਾਰਚ 2024/ ਮਵਦੀਲਾ ਬਿਓਰੋ

                 ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨਾਂ ਨੂੰ ਭਾਰਤ ਭਰ ਦੇ ਪਿੰਡਾਂ ਵਿੱਚ ਮਸ਼ਾਲ ਜਲੂਸ ਦਾ ਆਯੋਜਨ ਕਰਨ ਅਤੇ ਮੋਦੀ ਰਾਜ ਦੇ ਅਧੀਨ ਕਾਰਪੋਰੇਟ-ਅਪਰਾਧਿਕ ਗਠਜੋੜ ਦਾ ਪਰਦਾਫਾਸ਼ ਕਰਨ ਦਾ ਸੱਦਾ ਦਿੱਤਾ ਹੈ। ਰੋਸ ਪ੍ਰਦਰਸ਼ਨ ਦੀ ਮਿਤੀ ਸੰਯੁਕਤ ਕਿਸਾਨ ਮੋਰਚੇ ਦੀਆਂ ਸਬੰਧਤ ਸੂਬਾ ਤਾਲਮੇਲ ਕਮੇਟੀਆਂ ਦੁਆਰਾ ਤੈਅ ਕੀਤੀ ਜਾਵੇਗੀ। ਸੰਯੁਕਤ ਕਿਸਾਨ ਮੋਰਚੇ ਨੇ ਰਾਮਲੀਲਾ ਮੈਦਾਨ, ਨਵੀਂ ਦਿੱਲੀ ਵਿਖੇ ਕਿਸਾਨ ਮਜ਼ਦੂਰ ਮਹਾਂ ਪੰਚਾਇਤ ਦਾ ਸੱਦਾ ਦਿੱਤਾ ਹੈ ਅਤੇ ਭਾਰਤ ਭਰ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਐਕਸ਼ਨ ਨੂੰ ਸ਼ਾਂਤਮਈ ਢੰਗ ਨਾਲ ਇਤਿਹਾਸਕ ਬਣਾਉਣ ਵੱਲ ਧਿਆਨ ਦੇਣ।

             14 ਮਾਰਚ 2024 ਤੋਂ ਪਹਿਲਾਂ ਦਿੱਲੀ ਵਿਖੇ ਕੋਈ ਹੋਰ ਐਕਸ਼ਨ ਨਹੀਂ ਹੋਵੇਗਾ। ਨਾਲ ਲੱਗਦੇ ਰਾਜਾਂ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ, ਰਾਜਸਥਾਨ ਦੇ ਕੁਝ ਹਿੱਸੇ, ਹਿਮਾਚਲ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਰਾਮਲੀਲਾ ਮੈਦਾਨ ਵਿਖੇ ਵੱਡੇ ਪੱਧਰ ‘ਤੇ ਹਿੱਸਾ ਲੈਣਗੇ। ਦੂਰ-ਦੁਰਾਡੇ ਰਾਜਾਂ ਦੀਆਂ ਸੂਬਾ ਤਾਲਮੇਲ ਕਮੇਟੀਆਂ ਨੇ ਇਸ ਸਮੇਂ ਦੌਰਾਨ ਪਦ ਯਾਤਰਾ, ਘਰ-ਘਰ ਪ੍ਰਚਾਰ ਅਤੇ ਜ਼ਿਲ੍ਹਾ/ ਤਹਿਸੀਲ ਪੱਧਰੀ ਮਹਾਂ ਪੰਚਾਇਤਾਂ ਦੀ ਯੋਜਨਾ ਬਣਾਈ ਹੈ।

———————————————————————– 

ਸੰਯੁਕਤ ਕਿਸਾਨ ਮੋਰਚੇ ਵੱਲੋਂ ਬੈਂਗਲੋਰ ਵਿੱਚ ਫਿਲਮ “ਕਿਸਾਨ ਸੱਤਿਆਗ੍ਰਹਿ” ‘ਤੇ ਪਾਬੰਦੀ ਦੀ ਨਿੰਦਾ ਅਤੇ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਦੀ ਅਪੀਲ 

ਨਵੀਂ ਦਿੱਲੀ / 05 ਮਾਰਚ 2024/ ਮਵਦੀਲਾ ਬਿਓਰੋ

              ਸੰਯੁਕਤ ਕਿਸਾਨ ਮੋਰਚੇ ਨੇ ਬੈਗਲੋਰ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ 15ਵੇਂ ਅਧਿਆਏ ਵਿੱਚ ਕੇਸਰੀ ਹਰਾਵੂ ਦੁਆਰਾ ਨਿਰਦੇਸ਼ਤ ਦਿੱਲੀ ਦੀਆਂ ਸਰਹੱਦਾਂ ‘ਤੇ 2020-21 ਦੇ ਇਤਿਹਾਸਕ ਕਿਸਾਨ ਸੰਘਰਸ਼ ‘ਤੇ ਫਿਲਮ ‘ਕਿਸਾਨ ਸੱਤਿਆਗ੍ਰਹਿ’ ‘ਤੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਪਾਬੰਦੀ ਲਗਾਈ ਹੈ ਜਿਸ ਦੀ ਸੰਯੁਕਤ ਕਿਸਾਨ ਮੋਰਚੇ ਨੇ ਸਖ਼ਤ ਨਿੰਦਾ ਕੀਤੀ ਹੈ। ਸੰਯੁਕਤ ਕਿਸਾਨ ਮੋਰਚੇ ਨੇ ਇਸ ਨੂੰ ਭਾਰਤ ਦੇ ਸੰਵਿਧਾਨ ਵਿੱਚ ਦਰਜ ਪ੍ਰਗਟਾਵੇ ਦੀ ਆਜ਼ਾਦੀ ਅਤੇ ਜਮਹੂਰੀ ਕਦਰਾਂ-ਕੀਮਤਾਂ ਤੋਂ ਇਨਕਾਰ ਕਰਨ ਵਾਲੀ ਤਾਨਾਸ਼ਾਹੀ ਦੀ ਕਾਰਵਾਈ ਮੰਨਿਆ ਹੈ। ਸੰਯੁਕਤ ਕਿਸਾਨ ਮੋਰਚੇ ਨੇ ਮੋਦੀ ਸਰਕਾਰ ਤੋਂ ਜਲਦੀ ਤੋਂ ਜਲਦੀ ਇਸ ਫਿਲਮ ਤੋਂ ਪਾਬੰਦੀ ਹਟਾਉਣ ਦੀ ਮੰਗ ਕੀਤੀ ਹੈ।

              ਸੰਯੁਕਤ ਕਿਸਾਨ ਮੋਰਚੇ ਨੇ ਭਾਰਤ ਭਰ ਦੇ ਕਿਸਾਨਾਂ ਨੂੰ ਮਹਿਲਾ ਸੰਗਠਨਾਂ ਅਤੇ ਹੋਰ ਜਨਤਕ ਸੰਗਠਨਾਂ ਨਾਲ ਤਾਲਮੇਲ ਕਰਦੇ ਹੋਏ 8 ਮਾਰਚ 2024 ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਦੀ ਅਪੀਲ ਕੀਤੀ ਹੈ। ਸੰਯੁਕਤ ਕਿਸਾਨ ਮੋਰਚੇ ਨੇ ਇਸ ਮੌਕੇ ‘ਤੇ ਭਾਰਤ ਦੀਆਂ ਸਾਰੀਆਂ ਮਹਿਲਾ ਕਿਸਾਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆ ਹਨ ਅਤੇ ਔਰਤਾਂ ਦੀ ਮੁਕਤੀ ਲਈ ਕੰਮ ਕਰਨ ਅਤੇ ਔਰਤਾਂ ਵਿਰੁੱਧ ਹਰ ਤਰ੍ਹਾਂ ਦੇ ਅੱਤਿਆਚਾਰਾਂ ਅਤੇ ਵਿਤਕਰੇ ਨਾਲ ਲੜਨ ਦੇ ਆਪਣੇ ਦ੍ਰਿੜ ਸੰਕਲਪ ਨੂੰ ਪ੍ਰਗਟ ਕੀਤਾ ਹੈ।

———————————————————————– 

ਕਿਸਾਨ ਜਥੇਬੰਦੀਆਂ 14 ਮਾਰਚ ਨੂੰ ਬੱਸਾਂ ਰੇਲਾ ਰਾਹੀਂ ਜਾਣਗੀਆ ਦਿੱਲੀ ਰਾਮ ਲੀਲਾ ਮੈਦਾਨ ਵਿੱਚ 

ਲੁਧਿਆਣਾ/ 05 ਮਾਰਚ 2024/ ਮਵਦੀਲਾ ਬਿਓਰੋ 

               ਸੰਯੁਕਤ ਕਿਸਾਨ ਮੋਰਚੇ ਦੀ ਲੁਧਿਆਣਾ ‘ਚ ਇੱਕ ਅਹਿਮ ਮੀਟਿੰਗ ਹੋਈ ਜਿਸ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਉਹ ਟਰੇਨਾਂ ਅਤੇ ਬੱਸਾਂ ਰਾਹੀਂ 14 ਮਾਰਚ ਨੂੰ ਦਿੱਲੀ ਦੇ ਵਿੱਚ ਪਹੁੰਚਣਗੇ ਅਤੇ ਇੱਕ ਵੱਡੀ ਮੀਟਿੰਗ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਅਸੀਂ ਸਰਕਾਰ ਤੋਂ ਮੰਗ ਕਰਾਂਗੇ ਕਿ ਸਾਨੂੰ ਆਪਣਾ ਪ੍ਰਦਰਸ਼ਨ ਕਰਨ ਲਈ ਰਾਮ ਲੀਲਾ ਮੈਦਾਨ ਦਿੱਤਾ ਜਾਵੇ ਜਿੱਥੇ ਸ਼ਾਂਤਮਈ ਢੰਗ ਦੇ ਨਾਲ ਕਿਸਾਨ ਜਥੇਬੰਦੀਆਂ ਬੈਠ ਕੇ ਸਰਕਾਰ ਦੇ ਖਿਲਾਫ ਆਪਣਾ ਪ੍ਰਦਰਸ਼ਨ ਕਰ ਸਕਣ। ਉਹਨਾਂ ਕਿਹਾ ਕਿ ਹਾਈਕੋਰਟ ਨੇ ਵੀ ਸਾਨੂੰ ਕਿਹਾ ਹੈ ਕਿ ਤੁਸੀਂ ਟਰੈਕਟਰ ਤੇ ਦਿੱਲੀ ਕਿਉਂ ਜਾ ਰਹੇ ਹੋ ? ਤੁਸੀਂ ਟ੍ਰੇਨਾਂ ਬੱਸਾਂ ਰਾਹੀ ਵੀ ਜਾ ਸਕਦੇ ਹੋ! ਉਹਨਾਂ ਕਿਹਾ ਕਿ ਹੁਣ ਅਸੀਂ ਹਾਈਕੋਰਟ ਦੇ ਕਹਿਣ ਦੇ ਮੁਤਾਬਿਕ ਹੀ ਚੱਲਾਂਗੇ। ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਸਾਡੀ 11 ਮਾਰਚ ਨੂੰ ਲੁਧਿਆਣਾ ਦੇ ਵਿੱਚ ਇੱਕ ਮੀਟਿੰਗ ਹੋਵੇਗੀ। ਉਸ ਦੇ ਵਿੱਚ ਅੰਤਿਮ ਫੈਸਲਾ ਲਿਆ ਜਾਵੇਗਾ।

            ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਇਹ ਵੀ ਕਿਹਾ ਕਿ ਜੇਕਰ ਕਿਸਾਨ ਇੱਕਜੱੁਟ ਹੁੰਦੇ ਤਾਂ ਅੱਜ ਅੰਦੋਲਣ ਦਾ ਰੂਪ ਕੁਝ ਹੋਰ ਹੋਣਾ ਸੀ। ਉਹਨਾਂ ਨੇ ਕਿਹਾ ਕਿ ਪਹਿਲਾ 26 ਜਨਵਰੀ ਨੂੰ ਜੋ ਹਾਲਾਤ ਦਿੱਲੀ ਦੇ ਵਿੱਚ ਬਣੇ ਸਨ, ਅਸੀਂ ਨਹੀਂ ਚਾਹੁੰਦੇ ਕਿ ਉਸ ਤਰ੍ਹਾਂ ਦੇ ਦੁਆਰਾ ਹਾਲਾਤ ਬਣਨ। ਉਨ੍ਹਾਂ ਸਿਆਸੀ ਚੋਣਾ ਬਾਰੇ ਗੱਲ ਕਰਦਿਆ ਕਿਹਾ ਕਿ ਸਾਡੇ ਵਿੱਚੋਂ ਕੋਈ ਵੀ ਚੋਣ ਨਹੀਂ ਲੜੇਗਾ।

—————————————————————————–

ਸੰਭੂ, ਖਨੌਰੀ ਅਤੇ ਡੱਬਵਾਲੀ ਮੋਰਚਿਆਂ ਨੂੰ ਮਜਬੂਤ ਕੀਤਾ ਜਾਵੇ -ਪਰਮਜੀਤ ਕੌਰ ਮੁੱਦਕੀ 

ਬਾਘਾਪੁਰਾਣਾ (ਮੋਗਾ )/ 02 ਮਾਰਚ 2024/ ਰਾਜਿੰਦਰ ਸਿੰਘ ਕੋਟਲਾ, ਸੁਰਿੰਦਰ ਕੌਰ ਕੋਟਲਾ

              ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ (ਔਰਤ ਵਿੰਗ) ਦੀ ਆਗੂ ਪਰਮਜੀਤ ਕੌਰ ਮੁੱਦਕੀ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਮਜ਼ਦੂਰ ਕਿਸਾਨ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਨੇ 13 ਫਰਵਰੀ ਨੂੰ ਦਿੱਲੀ ਕੂਚ ਦਾ ਪ੍ਰੋਗਰਾਮ ਤਹਿ ਕੀਤਾ ਸੀ। ਸੈਂਕੜੇ ਟਰਾਲੀਆਂ ਤੇ ਸਵਾਰ ਹੋਕੇ ਹਜਾਰਾਂ ਲੋਕੀ, ਦੋਨਾਂ ਬਾਡਰਾਂ (ਸੰਭੂ ਅਤੇ ਖਨੌਰੀ) ਤੇ ਪੁੱਜੇ। ਪਰ ਹਰਿਆਣਾ ਦੀ ਖੱਟੜ ਸਰਕਾਰ ਨੇ ਭਾਰੀ ਪੁਲਿਸ ਅਤੇ ਅਰਧ ਸੈਨਿਕ ਬਲ ਲਾਕੇ ਅਤੇ ਕਈ ਪਰਤਾਂ ਦੇ ਵਿੱਚ ਸੀਮਿੰਟਡ ਬੈਰੀਕੇਟਿੰਗ ਕਰਕੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕ ਲਿਆ। 21 ਫ਼ਰਵਰੀ ਨੂੰ ਜਦੋਂ ਕਿਸਾਨ ਅੱਗੇ ਵਧ ਰਹੇ ਸੀ ਤਾਂ ਸਿਧੀਆਂ ਗੋਲੀਆਂ ਚਲਾ ਕਿ ਨੌਜਵਾਨ ਕਿਸਾਨ ਸ਼ੁਭਕਰਨ ਨੂੰ ਸ਼ਹੀਦ ਕਰ ਦਿੱਤਾ ਅਤੇ ਧੂਏਂ ਵਾਲੇ ਬੰਬਾਂ ਨਾਲ ਕਈ ਕਿਸਾਨ ਦਿਲ ਫੇਲ ਹੋਣ ਕਰਕੇ ਸ਼ਹੀਦੀ ਜਾਮ ਪੀ ਗਏ। 3 ਮਾਰਚ ਨੂੰ ਸ਼ੁਭਕਰਨ ਸਿੰਘ ਦਾ ਸ਼ਹੀਦੀ ਦਿਨ ਉਸਦੇ ਜੱਦੀ ਪਿੰਡ ਬੱਲੋ ਵਿਖੇ ਮਨਾਇਆ ਜਾ ਰਿਹਾ ਹੈ, ਜਿਥੇ ਇਤਿਹਾਸਕ ਇਕੱਠ ਹੋਵੇਗਾ। ਕਿਸਾਨਾਂ ਦੀ ਲਾਮਬੰਦੀ ਵਧਣ ਦਾ ਕਾਰਣ ਇਹ ਹੈ ਕਿ ਮੰਗਾਂ ਨਵੀਆਂ ਨਹੀਂ, ਜੋ ਦਿੱਲੀ ਅੰਦੋਲਨ ਸਮੇਂ ਅਤੇ ਬੀ.ਜੇ.ਪੀ. ਨੇ ਚੋਣ ਮੈਨੀਫੈਸਟੋ ਵਿੱਚ ਵਾਅਦੇ ਕੀਤੇ ਸਨ। ਉਨ੍ਹਾਂ ਨੂੰ ਲਾਗੂ ਕਰਾਉਣ ਭਾਵ ਮੋਦੀ ਸਰਕਾਰ ਦੀ ਵਾਅਦਾ ਖਿਲਾਫ਼ੀ ਦੇ ਵਿਰੁੱਧ ਸੰਘਰਸ਼ ਹੈ, ਦੂਸਰਾ ਕਾਰਣ ਫਾਸ਼ੀਵਾਦੀ ਹਿੰਦੂਤਵ ਮੋਦੀ ਸਰਕਾਰ ਧਾਰਮਿਕ ਘੱਟ ਗਿਣਤੀਆਂ, ਕੌਮੀਅਤਾਂ, ਦਲਿੱਤਾਂ ਆਦਿਵਾਸੀਆਂ, ਔਰਤਾਂ ਅਤੇ ਕਮਿਉਨਿਸਟਾਂ ਤੇ ਜਬਰ ਦਾ ਝੱਖੜ ਤੇਜ ਕੀਤਾ ਹੋਇਆ ਹੈ। ਪੀੜਤ ਸਾਰੇ ਸਾਥ ਦੇ ਰਹੇ ਹਨ। ਤੀਸਰਾ ਕਾਰਣ, ਮੋਦੀ ਹਕੂਮਤ ਸਾਮਰਾਜੀਆਂ ਅਤੇ ਕਾਰਪੋਰੇਟਾਂ ਦੇ ਥੱਲੇ ਲੱਗਕੇ, ਦੇਸ਼ ਨੂੰ ਵੇਚਣ ਲੱਗੀ ਹੋਈ ਹੈ ਅਤੇ ਹਿੰਦੁ ਰਾਜ ਵਿੱਚ ਤਬਦੀਲ ਕਰਨ ਦੇ ਯਤਨ ਤੇਜ ਕੀਤੇ ਹੋਏ ਹਨ। ਪਰ ਭਾਰਤ ਅੱਡੋ ਅੱਡ ਧਰਮਾਂ ਦਾ ਸਮੂਹ ਹੈ।

            ਪਰਮਜੀਤ ਕੌਰ ਮੁੱਦਕੀ ਨੇ ਕਿਹਾ ਕਿ ਦੋਨਾਂ ਮੋਰਚਿਆਂ ਨੇ ਸੱਦਾ ਦਿੱਤਾ ਹੈ ਕਿ ਦਿੱਲੀ ਦੇ ਨਾਲ ਲੱਗਦੇ ਸੂਬਿਆਂ ਦੇ ਵਾਰਡਰਾਂ ਤੇ ਵੀ ਦਿੱਲੀ ਘੇਰਨ ਦੇ ਯਤਨ ਜੁਟਾਏ ਜਾਣਗੇ ਅਤੇ ਪੰਜਾਬ ਵਿੱਚ ਡੱਬਵਾਲੀ ਬਾਰਡਰ ਨੂੰ ਵੀ ਰੋਕਿਆ ਜਾਵੇਗਾ। ਇਸ ਲਈ ਹੋਰ ਲਾਮਬੰਦੀ ਕਰਨੀ ਪਵੇਗੀ। ਮਜਦੂਰਾਂ ਦੀਆਂ ਤਿੰਨ ਅਹਿਮ ਮੰਗਾਂ ਹਨ, 60 ਸਾਲ ਦੀ ਉਮਰ ਤੇ ਦਸ ਹਜ਼ਾਰ ਪੈਨਸ਼ਨ, ਕਰਜਾ ਮੁਆਫੀ, ਦਿਹਾੜੀ 700 ਰੂਪੈ ਕਰਨ ਅਤੇ ਨਰੇਗਾ ਦੀਆਂ 100 ਦਿਹਾੜੀਆਂ ਤੋਂ 200 ਦਿਹਾੜੀਆਂ ਕਰਨਾ। ਮਜਦੂਰਾਂ ਦੀ ਲਾਮਬੰਦੀ ਵਧਾਈ ਜਾ ਸਕਦੀ ਹੈ । ਅੱਧੇ ਸਮਾਨ ਦੀਆਂ ਮਾਲਕ ਔਰਤਾਂ ਦੀ ਲਾਮਬੰਦੀ ਵਧਾਉਣੀ ਹੋਵੇਗੀ। ਬੀ ਕੇ ਯੂ ਕਰਾਂਤੀਕਾਰੀ (ਔਰਤ ਵਿੰਗ) ਲਾਮਬੰਦੀ ਵਧਾਉਣ ਲਈ ਪੂਰਾ ਜੋਰ ਲਾਵੇਗਾ।

 

—————————————————————————–

———————————————————————– 

ਸੰਭੂ, ਖਨੌਰੀ ਬਾਰਡਰ ਕਿਸਾਨਾਂ ਉੱਪਰ ਕੇਂਦਰ ਅਤੇ ਹਰਿਆਣਾ ਸਰਕਾਰ ਵੱਲੋਂ ਕੀਤੇ ਅੱਤਿਆਚਾਰ ਦੇ ਵਿਰੋਧ ‘ਚ ਬਾਘਾਪੁਰਾਣਾ ਵਿੱਚ ਫੂਕੇ ਗਏ ਮੋਦੀ, ਖੱਟਰ, ਅਮਿਤ ਸਾਹ ਦੇ ਪੁਤਲੇ 

ਬਾਘਾਪੁਰਾਣਾ (ਮੋਗਾ )/ 23 ਫਰਬਰੀ 2024/ ਰਾਜਿੰਦਰ ਸਿੰਘ ਕੋਟਲਾ

             ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰੈੱਸ ਸਕੱਤਰ ਜਸਮੇਲ ਸਿੰਘ ਰਾਜਿਆਣਾ ਨੇ ਦੱਸਿਆ ਕਿ ਦਿੱਲੀ ਵੱਲ ਕੂਚ ਕਰ ਰਹੀਆ ਕਿਸਾਨ ਜੱਥੇਬੰਦੀਆ ਤੇ ਕਿਸਾਨਾਂ ਉੱਪਰ ਸੰਭੂ ਬਾਰਡਰ ਤੇ ਖਨੌਰੀ ਬਾਰਡਰ ਉੱਪਰ ਬੀਜੇਪੀ ਦੀ ਕੇਂਦਰ ਸਰਕਾਰ ਦੀ ਸੈਅ ਉਪਰ ਹਰਿਆਣਾ ਦੀ ਖੱਟਰ ਸਰਕਾਰ ਵਲੋਂ ਕਿਸਾਨਾਂ ਉੱਪਰ ਅੱਥਰੂ ਗੈਸ ਦੇ ਗੋਲੇ ਦਾਗੇ ਗਏ, ਪਲਾਸਟਿਕ ਅਤੇ ਬਾਰਾਂ ਬੋਰ ਦੀਆਂ ਗੋਲੀਆ ਚਲਾਈਆ ਗਈਆ। ਜਿਸ ਨਾਲ ਖਨੌਰੀ ਬਾਰਡਰ ਉੱਪਰ ਇਕ 22 ਸਾਲਾਂ ਨੌਜਵਾਨ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਜਿਸਦੀ ਸੰਯੁਕਤ ਕਿਸਾਨ ਮੋਰਚਾ (ਭਾਰਤ) ਦੀ ਮੀਟਿੰਗ ਵਿੱਚ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਜਿਸ ਤਹਿਤ ਸੰਯੁਕਤ ਮੋਰਚੇ ਵਲੋਂ ਅਮਿਤ ਸ਼ਾਹ, ਮਨੋਹਰ ਲਾਲ ਖੱਟਰ ਤੇ ਅਨਿਲ ਵਿਜ ਦੇ ਪੁਤਲੇ ਫੂਕਣ ਦਾ ਪ੍ਰੋਗਰਾਮ ਐਲਾਨਿਆ ਗਿਆ, ਇਸੇ ਤਹਿਤ ਅੱਜ ਬਾਘਾਪੁਰਾਣਾ ਦੀਆਂ ਜਨਤਕ ਜੱਥੇਬੰਦੀਆ ਵਲੋਂ ਬੱਸ ਸਟੈਂਡ ਬਾਘਾਪੁਰਾਣਾ ਵਿੱਚ ਇਕੱਠੇ ਹੋ ਕੇ ਨਹਿਰੂ ਮੰਡੀ ਵਿੱਚ ਦੀ ਹੁੰਦੇ ਹੋਏ ਮੇਨ ਚੌਕ ਤੱਕ ਪੈਦਲ ਮਾਰਚ ਕੱਢਿਆ ਗਿਆ ਤੇ ਰੋਸ ਵਿੱਚ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ।ਚੌਕ ਵਿੱਚ ਅੰਦੋਲਨ ਦੌਰਾਨ ਸ਼ਹੀਦ ਹੋਏ ਨੌਜਵਾਨ ਕਿਸਾਨ ਸੁਭਕਰਨਦੀਪ ਸਿੰਘ ਨੂੰ ਦੋ ਮਿੰਟ ਦਾ ਮੌਨ ਧਾਰਨ ਕਰ ਕੇ ਸ਼ਰਧਾਂਜਲੀ ਭੇਂਟ ਕੀਤੀ ਤੇ ਜਸਮੇਲ ਸਿੰਘ ਰਾਜਿਆਣਾ, ਨੌਜਵਾਨ ਭਾਰਤ ਸਭਾ ਦੇ ਸੂਬਾ ਮੀਤ ਪ੍ਰਧਾਨ ਕਰਮਜੀਤ ਸਿੰਘ ਮਾਣੂੰਕੇ ਬੁਲਾਰਿਆ ਵਲੋਂ ਸੰਬੋਧਨ ਕੀਤਾ ਗਿਆ, ਉਪਰੰਤ ਅਮਿਤ ਸ਼ਾਹ, ਮਨੋਹਰ ਲਾਲ ਖੱਟਰ, ਅਨਿਲ ਵਿਜ ਅਤੇ ਡੀਜੀਪੀ ਹਰਿਆਣਾ ਦੇ ਪੁਤਲੇ ਫੂਕੇ ਗਏ। ਆਗੂਆ ਨੇ ਦੱਸਿਆ ਕਿ ਆਉਣ ਵਾਲੀ 26 ਫ਼ਰਵਰੀ ਨੂੰ ਕੇਂਦਰ ਸਰਕਾਰ ਨੂੰ ਇਹ ਦੱਸਣ ਲਈ ਕਿ ਟਰੈਕਟਰ ਕਿਸਾਨ ਦੀ ਜਿੰਦ-ਜਾਨ ਹੈ ਤੇ ਕਿਸਾਨ ਟਰੈਕਟਰ ਲੈ ਕੇ ਦਿੱਲੀ ਅਤੇ ਕਿਸੇ ਵੀ ਸੂਬੇ ਵਿੱਚ ਜਾ ਸਕਦੇ ਹਨ, ਇਸ ਲਈ 26 ਫ਼ਰਵਰੀ ਨੂੰ ਕਿਸਾਨਾਂ ਵਲੋੰ ਆਪਣੇ ਟਰੈਕਟਰ ਨੈਸ਼ਨਲ ਹਾਈਵੇਅ ਉੱਪਰ ਖੜ੍ਹੇ ਕਰ ਕੇ ਪ੍ਰਦਰਸ਼ਨ ਕੀਤਾ ਜਾਵੇਗਾ।

            ਪੁਤਲਾ ਫੂਕ ਪ੍ਰਦਰਸ਼ਨ ਵਿੱਚ ਔਰਤ ਵਿੰਗ ਦੇ ਕਨਵੀਨਰ ਛਿੰਦਰਪਾਲ ਕੌਰ ਰੋਡੇ ਖੁਰਦ, ਜਗਵਿੰਦਰ ਕੌਰ, ਮਨਜੀਤ ਕੌਰ, ਕੁਲਜੀਤ ਕੌਰ, ਸੁਨੀਤਾ ਰਾਜਿਆਣਾ,ਬਲਾਕ ਪ੍ਰਧਾਨ ਅਜਮੇਰ ਸਿੰਘ, ਬਲਵਿੰਦਰ ਸਿੰਘ ਛੋਟਾਘਰ, ਯੂਥ ਆਗੂ ਬਲਕਰਨ ਸਿੰਘ, ਜਸਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਵੈਰੋਕੇ, ਮੀਤ ਪ੍ਰਧਾਨ ਮੋਹਲਾ ਸਿੰਘ, ਲਖਵੀਰ ਸਿੰਘ, ਮੇਲਾ ਸਿੰਘ ਰੋਡੇ, ਜੱਗਾ ਸਿੰਘ, ਹੈਪੀ ਬੁੱਟਰ, ਮਨਜੀਤ ਰਾਜਿਆਣਾ, ਸਰਬਪਰੀਤ ਸਿੰਘ, ਜਗਰੂਪ ਸਿੰਘ, ਸਰਬਜੀਤ ਸਿੰਘ ਲੰਗੇਆਣਾ ਰਤਨ ਲੰਡੇ, ਸੁਖਵੀਰ ਸਿੰਘ, ਚਮਕੌਰ ਸਿੰਘ, ਜਸਵਿੰਦਰ ਸਿੰਘ ਸੇਖਾ, ਬ੍ਰਿਜ ਲਾਲ, ਗੁਰਪ੍ਰੀਤ ਸਿੰਘ, ਲਾਡੀ, ਬਿੱਟਾ ਸਿੰਘ, ਹਰਪ੍ਰੀਤ ਸਿੰਘ ਨੌਜਵਾਨ ਭਾਰਤ ਸਭਾ, ਮੇਜਰ ਸਿੰਘ ਬਲਾਕ ਪ੍ਰਧਾਨ ਕਾਦੀਆ, ਮੁਕੰਦ ਸਿੰਘ, ਕਮਲ, ਗੁਰਮੇਲ ਸਿੰਘ, ਭਗਵੰਤ ਸਿੰਘ, ਰੇਸ਼ਮ ਸਿੰਘ, ਜਗਸੀਰ ਸਿੰਘ ਮੱਲਕੇ ਪ੍ਰਧਾਨ, ਕੁਲਵੰਤ ਸਿੰਘ, ਅਮਰਜੀਤ ਭਲੂਰ, ਨਿਰਮਲ, ਜਰਨੈਲ, ਜਗਜੀਤ, ਮੇਜਰ ਬਲਵਿੰਦਰ ਸੁਖਦੀਪ ਸਿੰਘ ਮੱਲਕੇ, ਭਗਵੰਤ ਘੋਲੀਆ ਆਦਿ ਕਿਸਾਨ ਅਤੇ ਆਗੂ ਮੌਜੂਦ ਹੋਏ, ਜਿਸ ਵਿੱਚ ਕਿਰਤੀ ਕਿਸਾਨ ਯੂਨੀਅਨ, ਨੌਜਵਾਨ ਭਾਰਤ ਸਭਾ, ਬੀਕੇਯੂ ਕ੍ਰਾਂਤੀਕਾਰੀ ਪੰਜਾਬ ਅਤੇ ਸ਼ਹਿਰੀ ਜੱਥੇਬੰਦੀਆਂ ਦੇ ਵਰਕਰ ਵੀ ਭਾਰੀ ਗਿਣਤੀ ਵਿੱਚ ਹਾਜ਼ਰ ਸਨ।

———————————————————————– 

26 ਫਰਵਰੀ ਨੂੰ ਪੂਰੇ ਭਾਰਤ ਵਿੱਚ ਹਾਈਵੇ ਉੱਤੇ ਟਰੈਕਟਰ ਪ੍ਰੇਡ ਕੀਤੀ ਜਾਵੇਗੀ -ਸੁਖਦੇਵ ਸਿੰਘ ਕੋਕਰੀ 

ਬਾਘਾਪੁਰਾਣਾ (ਮੋਗਾ )/ 23 ਫਰਬਰੀ 2024/ ਰਾਜਿੰਦਰ ਸਿੰਘ ਕੋਟਲਾ

            ਰਾਸ਼ਟਰੀ ਸਯੁੰਕਤ ਕਿਸਾਨ ਮੋਰਚੇ ਦੀ ਕਾਲ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਬਾਘਾਪੁਰਾਣਾ ਵੱਲੋਂ ਤਹਿਸੀਲ ਕੰਪਲੈਕਸ ਬਾਘਾਪੁਰਾਣਾ ਅੱਗੇ ਕਾਲੇ ਦਿਨ ਵਜੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਿਹ ਮੰਤਰੀ ਅਮਿਤ ਸ਼ਾਹ, ਹਰਿਆਣਾ ਦੇ ਮੁੱਖ ਮੰਤਰੀ ਮੋਹਨ ਲਾਲ ਖੱਟਰ, ਹਰਿਆਣਾ ਗ੍ਰਿਹ ਮੰਤਰੀ ਅਨਿਲ ਵਿਜ ਅਤੇ ਹਰਿਆਣਾ ਪੁਲਿਸ ਦੇ ਡੀਜੀਪੀਜ ਦੇ ਪੁਤਲੇ ਫੂਕੇ ਗਏ। ਇਸ ਮੌਕੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹਰਿਆਣਾ ਬਾਰਡਰਾਂ ਤੇ ਕਿਸਾਨਾਂ ਨੂੰ ਰੋਕ ਕੇ ਜੋ ਅੱਤਿਆਚਾਰ ਕੀਤਾ ਗਿਆ ਅੰਨ੍ਹੇ ਵਾਹ ਗੋਲੀਆਂ ਚਲਾ ਕੇ ਨੌਜਵਾਨਾ ਨੂੰ ਮੌਤ ਦੀ ਘਾਟ ਉਤਾਰਿਆ ਗਿਆ। ਪੁਲਿਸ ਅਤੇ ਹਰਿਆਣਾ ਆਰਮਡ ਫੋਰਸ ਪੰਜਾਬ ਦੀ ਹਦੂਦ ਅੰਦਰ ਦਾਖਲ ਹੋ ਕੇ ਟਰੈਕਟਰ, ਕਾਰਾ, ਜੀਪਾਂ ਦੀ ਭੰਨ ਤੋੜ ਕੀਤੀ ਗਈ ਹੈ ਓਹ ਅਤੀ ਨਿੰਦਣਯੋਗ ਹੈ ਜੋ ਬਰਦਾਸ਼ਤ ਤੋਂ ਬਾਹਰ ਹੈ ਜੇਕਰ ਹਕੂਮਤ ਨੇ ਇਸੇ ਤਰ੍ਹਾਂ ਹੀ ਕਿਸਾਨਾਂ ਨਾਲ ਧੱਕਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ 26 ਫਰਵਰੀ ਨੂੰ ਪੂਰੇ ਭਾਰਤ ਵਿੱਚ ਟਰੈਕਟਰ ਪ੍ਰੇਡ ਕੀਤੀ ਜਾਵੇਗੀ। ਇਸ ਤੋਂ ਅੱਗੇ 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਵੱਡੀ ਪੱਧਰ ਤੇ ਕਨਵੈਨਸ਼ਨ ਕੀਤੀ ਜਾਵੇਗੀ ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਡੀ ਗਿਣਤੀ ਵਿੱਚ ਪੈਦਲ ਤੁਰਕੇ ਸ਼ਿਰਕਤ ਕਰੇਗੀ। ਇਸ ਮੌਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਬਲਵੰਤ ਸਿੰਘ ਬਾਘਾਪੁਰਾਣਾ, ਅਜੀਤ ਸਿੰਘ ਵਿੱਤ ਸਕੱਤਰ, ਸੀਨੀਅਰ ਮੀਤ ਪ੍ਰਧਾਨ ਅਮਰੀਕ ਸਿੰਘ ਘੋਲੀਆ ਬੀਕੇਯੂ ਏਕਤਾ ਉਗਰਾਹਾਂ, ਗੁਰਦੇਵ ਸਿੰਘ ਡੇਮਰੂ ਮੀਤ ਪ੍ਰਧਾਨ ਬੀਕੇਯੂ ਉਗਰਾਹਾਂ,ਜ਼ਿਲ੍ਹਾ ਖੇਤ ਮਜ਼ਦੂਰ ਆਗੂ ਮੇਜਰ ਸਿੰਘ ਕਾਲੇਕੇ, ਟੀਐਸਯੂ ਦੇ ਆਗੂ ਕਮਲੇਸ਼ ਕੁਮਾਰ, ਸੁਖਜਿੰਦਰ ਸਿੰਘ ਕਾਲਾ ਲੰਗਿਆਣਾ, ਅਮ੍ਰਿਤ ਮਾਣੂੰਕੇ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।

          ਇਸ ਮੌਕੇ ਬਲਵੰਤ ਸਿੰਘ ਘੋਲੀਆ, ਅੰਗਰੇਜ਼ ਸਿੰਘ ਚੀਦਾ, ਮੱਖਣ ਸਿੰਘ ਢਿੱਲਵਾਂ, ਨਿਰਮਲ ਸਿੰਘ ਮਾਣੂੰਕੇ, ਛਿੰਦਾ ਲੰਗਿਆਣਾ, ਬੇਅੰਤ ਸਿੰਘ ਵੱਡਾਘਰ, ਲਾਭ ਸਿੰਘ ਗਿੱਲ, ਸੁਖਦੇਵ ਸਿੰਘ ਘੋਲੀਆ, ਨੱਥਾ ਸਿੰਘ ਘੋਲੀਆ, ਚਮਕੌਰ ਸਿੰਘ ਖਾਲਸਾ ਘੋਲੀਆ, ਹਰਭਜਨ ਗਿਰ, ਸਵਰਨ ਸਿੰਘ ਟੀਐਸਯੂ ਆਦਿ ਕਿਸਾਨ ਮਜ਼ਦੂਰ, ਭਰਾਤਰੀ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਭਾਰੀ ਗਿਣਤੀ ਵਿੱਚ ਹਾਜ਼ਰ ਸਨ, ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਗੁਰਤੀਰ ਸਿੰਘ ਚੀਦਾ ਨੇ ਨਿਭਾਈ।

———————————————————————– 

ਮੈਂ ਕਿਸਾਨ ਦਾ ਪੁੱਤਰ ਹਾਂ ਤੇ ਮੈਂ ਕਿਸਾਨਾਂ ਦੇ ਨਾਲ ਹਾਂ, ਮੈਂ ਨਾ ਡਰਾਂਗਾ ਅਤੇ ਨਾ ਹੀ ਝੁਕਾਗਾ -ਸਤਿਆਪਾਲ ਮਲਿਕ (ਸਾਬਕਾ ਗਵਰਨਰ) 

ਮੋਰਚਾ ਵੱਲੋਂ ਨੌਜਵਾਨ ਕਿਸਾਨ ਸ਼ਹੀਦ ਸ਼ੁਭਕਰਨ ਸਿੰਘ ਦੇ ਪਰਿਵਾਰ ਨੂੰ 1 ਕਰੋੜ ਰੁਪਏ ਅਤੇ ਰੁਜ਼ਗਾਰ ਦੇਣ ਦੇ ਪੰਜਾਬ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ ਗਿਆ

ਨਵੀਂ ਦਿੱਲੀ/ 23 ਫਰਬਰੀ 2024/ ਮਵਦੀਲਾ ਬਿਓਰੋ/ ਵੈੱਬ ਡੈਸਕ 

              ਭ੍ਰਿਸ਼ਟਾਚਾਰ ਵਿੱਚ ਸ਼ਾਮਿਲ ਲੋਕ ਜਿਨ੍ਹਾਂ ਖਿਲਾਫ ਮੈਂ ਸ਼ਿਕਾਇਤ ਕੀਤੀ ਸੀ, ਉਨ੍ਹਾਂ ਲੋਕਾਂ ਦੀ ਜਾਂਚ ਕਰਨ ਦੀ ਬਜਾਏ ਮੇਰੇ ਘਰ ‘ਤੇ ਸੀ.ਬੀ.ਆਈ. ਨੇ ਛਾਪਾ ਮਾਰਿਆ ਹੈ। ਮੇਰੇ ਕੋਲੋ 4-5 ਕੁੜਤੇ ਅਤੇ ਪਜਾਮੇ ਤੋਂ ਇਲਾਵਾ ਕੁਝ ਨਹੀਂ ਮਿਲੇਗਾ। ਤਾਨਾਸ਼ਾਹ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਕਰਕੇ ਮੈਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾਂ ਰਹੀ ਹੈ, ਮੈਂ ਇੱਕ ਕਿਸਾਨ ਦਾ ਪੁੱਤਰ ਹਾਂ, ਮੈਂ ਨਾ ਡਰਾਂਗਾ ਅਤੇ ਨਾ ਹੀ ਝੁਕਾਗਾ। ਮੈਂ ਇਮਾਨਦਾਰੀ ਅਤੇ ਸਚਾਈ ਨਾਲ ਖੜ੍ਹਾ ਹਾਂ, ਮੈਂ ਕਿਸਾਨ ਦਾ ਪੁੱਤਰ ਹਾਂ, ਮੈਂ ਕਿਸਾਨਾਂ ਦੇ ਨਾਲ ਹਾਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਿਹਾਰ, ਜੰਮੂ ਕਸ਼ਮੀਰ, ਗੋਆ, ਮੈਘਾਲਿਆ ਦੇ ਸਾਬਕਾ ਗਵਰਨਰ ਸ਼੍ਰੀ ਸਤਿਆਪਾਲ ਮਲਿਕ ਨੇ ਟਵੀਟਰ ਰਾਹੀਂ ਕੀਤਾ ਹੈ।

           ਉਨ੍ਹਾਂ ਨੇ ਟਵੀਟ ਵਿੱਚ ਕਿਹਾ ਹੈ ਕਿ ਜੇਕਰ 2024 ਵਿੱਚ ਨਰਿੰਦਰ ਮੋਦੀ ਨੂੰ ਨਾ ਹਰਾਇਆ ਗਿਆ ਤਾਂ ਇਹ ਲੋਕਤੰਤਰ ਨੂੰ ਤਬਾਹ ਕਰ ਦੇਵੇਗਾ ਅਤੇ ਦੁਬਾਰਾ ਚੋਣਾਂ ਨਹੀਂ ਹੋਣਗੀਆਂ। ਮੈਂ ਦੇਸ਼ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਆਖਰੀ ਮੌਕਾ ਹੈ। ਉਨ੍ਹਾਂ ਨੇ ਕਿਹਾ ਕਿ ਸੀ.ਬੀ.ਆਈ. ਨੇ ਬੀਤੇ ਦਿਨ ਮੇਰੀ ਰਿਹਾਇਸ਼ ‘ਤੇ ਛਾਪਾ ਮਾਰਿਆ, ਜਿਸ ‘ਚ ਸੀ.ਬੀ.ਆਈ. ਦੇ ਬੁਲਾਰੇ ਨੇ ਕਿਹਾ ਕਿ ਮੇਰੀ ਰਿਹਾਇਸ਼ ‘ਤੇ ਭਾਰੀ ਮਾਤਰਾ ‘ਚ ਨਕਦੀ ਅਤੇ ਵੱਖ-ਵੱਖ ਸ਼ਹਿਰਾਂ ‘ਚ ਮੇਰੀ ਜਾਇਦਾਦ ਹੈ ਬਾਰੇ ਸਾਰੇ ਬਿਆਨ ਪੂਰੀ ਤਰ੍ਹਾਂ ਝੂਠੇ ਹਨ, ਮੈਨੂੰ ਬਦਨਾਮ ਕਰਨ ਲਈ ਮੇਰੇ ‘ਤੇ ਝੂਠਾ ਇਲਜ਼ਾਮ ਲਗਾਇਆ ਜਾ ਰਿਹਾ ਹੈ।ਮੇਰੀ ਜੱਦੀ ਜਾਇਦਾਦ ਹੈ ਮੇਰੇ ਪਿੰਡ ਵਿੱਚ। ਹਾਂ, ਮੈਂ ਜੈਪੁਰ ਵਿੱਚ ਇੱਕ ਫਲੈਟ ਲਿਆ ਹੈ ਬੈਂਕ ਤੋਂ ਕਰਜ਼ਾ ਲੈ ਕੇ, ਜਿਸ ਦੀਆਂ ਕਿਸ਼ਤਾਂ ਮੇਰੀ ਪੈਨਸ਼ਨ ਵਿੱਚੋਂ ਕੱਟੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਮੇਰੇ ਸਿਰ ਸਿਰਫ ਕਰਜ਼ਾ ਹੈ, ਜੇਕਰ ਸਰਕਾਰ ਲੈਣਾ ਚਾਹੁੰਦੀ ਹੈ ਤਾਂ ਉਹ ਲੈ ਸਕਦੀ ਹੈ।

          ਮੈਂ ਕਿਸਾਨ ਮਸੀਹਾ ਮਰਹੂਮ ਚੌਧਰੀ ਚਰਨ ਸਿੰਘ ਜੀ ਵਾਂਗ ਇਮਾਨਦਾਰ ਹਾਂ। ਇਨ੍ਹਾਂ ਛਾਪਿਆਂ ਤੋਂ ਨਾ ਮੈਂ ਡਰਾਂਗਾ ਅਤੇ ਨਾ ਹੀ ਝੁਕਾਗਾ। ਮੈਂ ਇਮਾਨਦਾਰੀ ਅਤੇ ਸਚਾਈ ਨਾਲ ਖੜ੍ਹਾ ਹਾਂ, ਮੈਂ ਕਿਸਾਨ ਦਾ ਪੁੱਤਰ ਹਾਂ, ਮੈਂ ਕਿਸਾਨਾਂ ਦੇ ਨਾਲ ਹਾਂ।

———————————————————————– 

ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਹੱਤਿਆ ਨੂੰ ਲੈ ਕੇ ਭਾਰਤ ਭਰ ਵਿੱਚ ਵਿਆਪਕ ਤੌਰ ‘ਤੇ ਮਨਾਇਆ ਗਿਆ ਕਾਲਾ ਦਿਵਸ

ਮੋਰਚਾ ਵੱਲੋਂ ਨੌਜਵਾਨ ਕਿਸਾਨ ਸ਼ਹੀਦ ਸ਼ੁਭਕਰਨ ਸਿੰਘ ਦੇ ਪਰਿਵਾਰ ਨੂੰ 1 ਕਰੋੜ ਰੁਪਏ ਅਤੇ ਰੁਜ਼ਗਾਰ ਦੇਣ ਦੇ ਪੰਜਾਬ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ ਗਿਆ

ਨਵੀਂ ਦਿੱਲੀ/ 23 ਫਰਬਰੀ 2024/ ਮਵਦੀਲਾ ਬਿਓਰੋ

                ਅਮਿਤ ਸ਼ਾਹ ਦੀ ਅਗਵਾਈ ਹੇਠ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਹਰਿਆਣਾ ਪੁਲਿਸ ਵੱਲੋਂ ਪੰਜਾਬ ਦੇ ਕੰਨੌਰੀ ਸਰਹੱਦ ‘ਤੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਹੱਤਿਆ ਨੂੰ ਲੈ ਕੇ ਦੇਸ਼ ਭਰ ਦੇ ਕਿਸਾਨਾਂ ਅਤੇ ਮਜ਼ਦੂਰਾਂ ਵਿੱਚ ਗਹਿਰਾ ਗੁੱਸਾ ਹੈ। ਇਸ ਸਬੰਧ ਵਿੱਚ ਸ਼ੁੱਕਰਵਾਰ 23 ਫਰਵਰੀ 2024 ਨੂੰ ਕਾਲੇ ਦਿਵਸ/ ਰੋਗ ਦਿਵਸ ਵਜੋਂ ਮਨਾਇਆ ਗਿਆ। ਕੇਂਦਰੀ ਮੰਤਰੀ ਅਮਿਤ ਸ਼ਾਹ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਰਾਜ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਦੇ ਪੁਤਲੇ ਸਾੜੇ ਜਾਣ ਦੀਆਂ ਖਬਰਾਂ ਭਾਰਤ ਦੇ ਸਾਰੇ ਰਾਜਾਂ ਤੋਂ ਪ੍ਰਾਪਤ ਹੋਈਆਂ ਹਨ ਅਤੇ ਪਿੰਡਾਂ ਅਤੇ ਕਸਬਿਆਂ ਵਿੱਚ ਮਸ਼ਾਲਾਂ ਦੇ ਜਲੂਸ ਵੀ ਵੱਡੇ ਪੱਧਰ ‘ਤੇ ਨਿਕਲ ਰਹੇ ਹਨ। ਇਸ ਧਰਨੇ ਵਿੱਚ ਔਰਤਾਂ ਅਤੇ ਨੌਜਵਾਨਾਂ ਨੇ ਵੀ ਵੱਧ-ਚੜ੍ਹ ਕੇ ਸ਼ਮੂਲੀਅਤ ਕੀਤੀ। ਸੰਯੁਕਤ ਕਿਸਾਨ ਮੋਰਚਾ ਵੱਲੋਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਸ਼ੁਭਕਰਨ ਸਿੰਘ ਦੇ ਪਰਿਵਾਰ ਨੂੰ 1 ਕਰੋੜ ਰੁਪਏ ਅਤੇ ਇੱਕ ਰੁਜ਼ਗਾਰ ਦੇਣ ਦੇ ਫੈਸਲੇ ਦਾ ਸੁਆਗਤ ਕੀਤਾ ਗਿਆ ਹੈ। ਇਹ ਮੰਗ 23 ਫਰਵਰੀ 2024 ਨੂੰ ਚੰਡੀਗੜ੍ਹ ਵਿੱਚ ਹੋਈ ਸੰਯੁਕਤ ਕਿਸਾਨ ਮੋਰਚੇ ਦੀ ਜਨਰਲ ਬਾਡੀ ਦੀ ਮੀਟਿੰਗ ਵਿੱਚ ਉਠਾਈ ਗਈ ਸੀ।

            ਸੰਯੁਕਤ ਕਿਸਾਨ ਮੋਰਚਾ ਵੱਲੋਂ ਪੰਜਾਬ ਸਰਕਾਰ ਨੂੰ ਸਰਕਾਰ ਦੇ ਜਬਰ ਅਤੇ ਕਿਸਾਨ ਦੀ ਮੌਤ ਲਈ ਜ਼ਿੰਮੇਵਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਹਰਿਆਣਾ ਦੇ ਮੁੱਖ ਮੰਤਰੀ ਖੱਟਰ, ਰਾਜ ਦੇ ਗ੍ਰਹਿ ਮੰਤਰੀ ਅਨਿਲ ਵਿਜ ਅਤੇ ਪੁਲਿਸ ਅਤੇ ਮਾਲ ਅਧਿਕਾਰੀਆਂ ਵਿਰੁੱਧ ਆਈਪੀਸੀ ਦੀ ਧਾਰਾ 302 ਦੇ ਤਹਿਤ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ ਅਤੇ ਅਪੀਲ ਕੀਤੀ ਹੈ। ਸੰਯੁਕਤ ਕਿਸਾਨ ਮੋਰਚਾ ਵੱਲੋਂ ਫਾਇਰਿੰਗ ਅਤੇ ਟਰੈਕਟਰਾਂ ਨੂੰ ਹੋਏ ਨੁਕਸਾਨ ਦੀ ਅਦਾਲਤ ਦੇ ਜੱਜ ਤੋਂ ਨਿਆਂਇਕ ਜਾਂਚ ਕਰਵਾਉਣ ਦੀ ਮੰਗ ਨੂੰ ਦੁਹਰਾਇਆ।

———————————————————————– 

ਲੋਕ ਸੰਗਰਾਮ ਮੋਰਚੇ ਨੇ ਸੰਭੂੂ ਬਾਰਡਰ ਤੇ ਆਪਣੇ ਜਥੇ ਸਮੇਤ ਲਵਾਈ ਹਾਜਰੀ

 ਸੰਭੂ ਬਾਰਡਰ/ 23 ਫਰਬਰੀ 2024/ ਰਾਜਿੰਦਰ ਸਿੰਘ ਕੋਟਲਾ

                ਲੋਕ ਸੰਗਰਾਮ ਮੋਰਚੇ ਦੇ ਸੁਬਾ ਪੈ੍ਸ ਸਕੱਤਰ ਪਰਮਜੀਤ ਸਿੰਘ ਨੇ ਪੈ੍ਸ ਬਿਆਨ ਜਾਰੀ ਕਰਕੇ ਦੱਸਿਆ ਕਿ ਅੱਜ ਸੂਬਾ ਸਹਾਇਕ ਸਕੱਤਰ ਦਲਵਿੰਦਰ ਸ਼ੇਰ ਖਾਂ ਦੀ ਅਗਵਾਈ ਵਿੱਚ ਜਥਾ ਮਜਦੂਰ ਕਿਸਾਨ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿੱਚ ਸ਼ੰਭੂ ਵਿਖੇ ਹਰਿਆਣਾ ਵਾਰਡਰ ਤੇ “ਦਿੱਲੀ ਕੂਚ ਧਰਨੇ” ਵਿੱਚ ਸ਼ਮੂਲੀਅਤ ਕੀਤੀ। ਪੁੱਜੇ ਜਥੇ ਵਿੱਚ ਸੂਬਾ ਕਮੇਟੀ ਮੈਂਬਰ ਦਰਸ਼ਨ ਤੂਰ, ਜਗਰੂਪ ਸਿੰਘ, ਮੇਜਰ ਸਿੰਘ, ਫੁੰਮਣ ਸਿੰਘ, ਗੁਰਸੇਵਕ ਸਿੰਘ ਅਤੇ ਰੇਸ਼ਮ ਸਿੰਘ ਵੀ ਸ਼ਾਮਲ ਸਨ। ਯਾਦ ਰਹੇ ਹਰਿਆਣਾ ਪੁਲੀਸ ਅਤੇ ਅਰਧ ਸੈਨਿਕ ਬਲਾਂ ਨੇ ਕਈ ਪਰਤੀ ਕੰਕਰੀਟ ਦੇ ਬੈਰੀਕੇਟ ਲਗਾ ਅਤੇ ਭਾਰੀ ਗੋਲਾਬਾਰੀ ਕਰਕੇ ਦਿੱਲੀ ਕੂਚ ਵਿੱਚ ਅੜਿੱਕਾ ਡਾਹਿਆ ਹੈ। ਖਨੌਰੀ ਵਾਰਡਰ ਤੇ ਤਾਂ ਪੁਲੀਸ ਅਤੇ ਸਿਵਿਲ ਵਰਦੀ ਵਾਲੇ ਆਰ ਐਸ ਐਸ ਵਾਲਿਆਂ ਨੇ ਸੁਭਕਰਨ ਸਿੰਘ ਨੌਜਵਾਨ ਨੂੰ ਸਿਰ ਵਿੱਚ ਗੋਲੀ ਮਾਰ ਕੇ 21 ਫਰਵਰੀ ਨੂੰ ਕਤਲ ਕਰ ਦਿੱਤਾ ਸੀ ਅਤੇ ਟਰੈਕਟਰ ਤੇ ਗੱਡੀਆਂ ਦੀ ਬੁੂਰੀ ਤਰ੍ਹਾਂ ਭੰਨ ਤੋੜ ਕੀਤੀ।

          ਸੰਭੂ ਬਾਰਡਰ ਤੇ ਸਟੇਜ ਤੇ ਸੂਬਾ ਪ੍ਰਧਾਨ ਤਾਰਾ ਸਿੰਘ ਮੋਗਾ ਨੇ ਸੰਬੋਧਨ ਹੁੰਦਿਆਂ ਕਿਹਾ ਕਿ ਦਿੱਲੀ ਮੋਰਚਾ- 2 ਨਵੀਆਂ ਮੰਗਾਂ ਲਈ ਨਹੀਂ ਲਾਇਆ, ਸਗੋਂ ਸਮਝੌਤਾ ਸਮੇ ਮੋਦੀ ਸਰਕਾਰ ਨੇ ਰਹਿੰਦੀਆਂ ਮੰਗਾਂ ਮੰਨਣ ਦਾ ਕਰਾਰ ਕੀਤਾ ਸੀ। ਇਸ ਸਬੰਧੀ ਜਥੇਬੰਦੀਆਂ ਨੇ ਵਾਅਦਾ ਖਿਲਾਫੀ ਵਿਰੁੱਧ ਬਹੁਤ ਐਕਸ਼ਨ ਕੀਤੇ। ਪਰ ਮੋਦੀ ਸਰਕਾਰ ਦੇ ਕੰਨ ਤੇ ਤੂੰ ਨਹੀ ਸਰਕੀ। ਹੁਣ ਜਦੋਂ ਦਿੱਲੀ ਕੂਚ ਦਾ ਸੱਦਾ ਦਿੱਤਾ ਤਾਂ ਰਸਤਿਆਂ ਵਿੱਚ ਰੋਕ ਲਿਆ।  ਆਗੂਆਂ ਨੇ ਕਹਿ ਦਿੱਤਾ ਕਿ ਮੰਗਾਂ ਦਾ ਹੱਲ ਕਰਾਏ ਬਿਨਾ ਕੋਈ ਸਮਝੌਤਾ ਨਹੀ। ਇਹ ਮੰਗਾਂ ਕੌਮਾਂਤਰੀ ਪੱਧਰ ਤੇ ਉਭਰ ਗਈਆਂ, ਵਿਦੇਸ਼ਾਂ ਵਿੱਚੋ ਪੂਰੀ ਹਮਾਇਤ ਮਿਲ ਰਹੀ ਹੈ। ਲੜਾਈ ਆਰ ਪਾਰ ਦੀ ਹੈ। ਜਿਥੇ ਮੰਗਾਂ ਮਨਾਉਣੀਆਂ ਹਨ, ਉਥੇ ਹਿੰਦੁੂਤਵ ਫਾਸੀਵਾਦੀ ਮੋਦੀ ਹਕੂਮਤ ਦੇ ਦਨਦਨਾਉਂਦੇ ਘੋੜੇ ਨੂੰ ਵੀ ਚਿੱਤ ਕਰਨਾ ਹੈ। ਬੁਲਾਰੇ ਨੇ ਹੱਕੀ ਸੰਘਰਸ਼ ਦੀ ਹਮਾਇਤ ਜਾਰੀ ਰੱਖਣ ਦਾ ਭਰੋਸਾ ਦਿਵਾਇਆ।

———————————————————————– 

ਸੰਯੁਕਤ ਕਿਸਾਨ ਮੋਰਚਾ ਵੱਲੋਂ 23 ਫਰਵਰੀ 2024 ਨੂੰ ਕਾਲੇ ਦਿਵਸ ਵਜੋਂ ਮਨਾਉਣ ਦਾ ਸੱਦਾ ਦਿੱਤਾ ਗਿਆ

ਨਵੀਂ ਦਿੱਲੀ/ 22 ਫਰਬਰੀ 2024/ ਮਵਦੀਲਾ ਬਿਓਰੋ

                ਸ਼ਹੀਦ ਸ਼ੁਭਕਰਨ ਸਿੰਘ ਨੂੰ ਸ਼ਰਧਾਂਜਲੀ ਦਿੰਦਿਆ ਸੰਯੁਕਤ ਕਿਸਾਨ ਮੋਰਚਾ ਵੱਲੋਂ 23 ਫਰਵਰੀ 2024 ਨੂੰ ਕਾਲੇ ਦਿਵਸ ਵਜੋਂ ਮਨਾਉਣ ਦਾ ਸੱਦਾ ਦਿੱਤਾ ਗਿਆ ਹੈ। ਪ੍ਰੈਸ ਨੋਟ ਜਾਰੀ ਕਰਦਿਆ ਸੰਯੁਕਤ ਕਿਸਾਨ ਮੋਰਚ ਦੇ ਆਗੂਆ ਨੇ ਕਿਹਾ ਕਿ ਸ਼ੁਭਕਰਨ ਸਿੰਘ ਜੋ ਕੱਲ੍ਹ ਪੁਲਿਸ ਗੋਲੀਬਾਰੀ ਵਿੱਚ ਸ਼ਹੀਦ ਹੋ ਗਿਆ ਸੀ ਜਦੋਂ ਹਰਿਆਣਾ ਪੁਲਿਸ ਨੇ ਗੈਰ-ਕਾਨੂੰਨੀ ਤੌਰ ‘ਤੇ ਸਰਹੱਦ ਪਾਰ ਕੀਤੀ ਅਤੇ ਪ੍ਰਦਰਸ਼ਨਕਾਰੀਆਂ ‘ਤੇ ਗੋਲੀਬਾਰੀ ਕੀਤੀ ਅਤੇ ਪੁਲੀਸ ਨੇ ਧਰਨੇ ਵਾਲੀ ਥਾਂ ’ਤੇ ਕਿਸਾਨਾਂ ਦੇ ਕਈ ਟਰੈਕਟਰ ਵੀ ਭੰਨ ਦਿੱਤੇ। ਇਸ ਦੇ ਰੋਸ਼ ਵਜੋ 23 ਫਰਵਰੀ ਨੂੰ ਕਾਲੇ ਦਿਵਸ/ ਰੋਸ਼ ਦਿਵਸ ਵਜੋ ਮਨਾਉਣ ਅਤੇ ਸਰਕਾਰ ਦੇ ਪੁਤਲੇ ਫੂਕਣ, ਮਸ਼ਾਲ ਜਲੂਸ ਕੱਢਣ ਦੇ ਸੱਦੇ ਦਿੱਤੇ ਗਏ ਹਨ। ਐਸ.ਕੇ.ਐਮ ਦੀ ਜਨਰਲ ਅਸੈਂਬਲੀ ਨੇ ਆਪਣੀਆਂ ਲਟਕਦੀਆਂ ਮੰਗਾਂ ਲਈ ਅਤੇ ਕਿਸਾਨ ਸੰਘਰਸ਼ ਨੂੰ ਦਬਾਉਣ ਦੇ ਵਿਰੁੱਧ ਪੂਰੇ ਭਾਰਤ ਵਿੱਚ ਕਈ ਪ੍ਰੋਗਰਾਮਾਂ ਨਾਲ ਕਿਸਾਨਾਂ ਦੀ ਵਿਸ਼ਾਲ ਲਾਮਬੰਦੀ ਕਰਨ ਦਾ ਫੈਸਲਾ ਕੀਤਾ ਹੈ।

              ਕੇਂਦਰੀ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੰਚ, ਸੁਤੰਤਰ/ ਖੇਤਰੀ ਫੈਡਰੇਸ਼ਨਾਂ ਨੇ ਪਹਿਲਾਂ ਹੀ 23 ਫਰਵਰੀ ਨੂੰ ਕਾਲੇ ਦਿਵਸ ਦਾ ਸੱਦਾ ਦਿੱਤਾ ਹੋਇਆ ਹੈ ਅਤੇ ਕਿਸਾਨ-ਮਜ਼ਦੂਰ ਜ਼ਿਲ੍ਹਾ, ਸਥਾਨਕ ਅਤੇ ਪਿੰਡ ਪੱਧਰ ‘ਤੇ ਰੋਸ ਪ੍ਰਦਰਸ਼ਨ ਨੂੰ ਸਫ਼ਲ ਬਣਾਉਣ ਲਈ ਤਾਲਮੇਲ ਕੀਤਾ ਜਾ ਰਿਹਾ ਹੈ।

———————————————————————– 

ਏ.ਆਈ.ਕੇ.ਐਸ. ਨੇ ਪੁਲਿਸ ਕਾਰਵਾਈ ਵਿੱਚ ਕਿਸਾਨ ਸ਼ੁਭ ਕਰਨ ਸਿੰਘ ਦੀ ਮੌਤ ‘ਤੇ ਸੋਗ ਪ੍ਰਗਟ ਕੀਤਾ

ਬੇ-ਰਹਿਮੀ ਲਈ ਜ਼ਿੰਮੇਵਾਰ ਪੁਲਿਸ ਮੁਲਾਜ਼ਮਾਂ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ

ਨਵੀਂ ਦਿੱਲੀ/ 21 ਫਰਬਰੀ 2024/ ਮਵਦੀਲਾ ਬਿਓਰੋ

            ਏ.ਆਈ.ਕੇ.ਐਸ. ਨੇ 24 ਸਾਲਾ ਕਿਸਾਨ ਪ੍ਰਦਰਸ਼ਨਕਾਰੀ ਸ਼ੁਭ ਕਰਨ ਸਿੰਘ ਦੀ ਮੌਤ ‘ਤੇ ਸੋਗ ਪ੍ਰਗਟ ਕੀਤਾ, ਜੋ ਅੱਜ ਖਨੌਰੀ ਸਰਹੱਦ ਨੇੜੇ ਹਰਿਆਣਾ ਪੁਲਿਸ ਦੀ ਕਾਰਵਾਈ ਵਿੱਚ ਮਾਰਿਆ ਗਿਆ ਹੈ। ਪੁਲੀਸ ਦੀ ਕਾਰਵਾਈ ਵਿੱਚ ਗੰਭੀਰ ਜ਼ਖ਼ਮੀ ਹੋਏ ਸ਼ੁਭ ਕਰਨ ਸਿੰਘ ਨੇ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਦਮ ਤੋੜ ਦਿੱਤਾ। ਏ.ਆਈ.ਕੇ.ਐਸ ਦੇ ਆਗੂਆ ਨੇ ਕਿਹਾ ਕਿ ਉਸਦੀ ਮੌਤ ਪੁਲਿਸ ਦੀ ਕਾਰਵਾਈ ਦਾ ਸਿੱਧਾ ਨਤੀਜਾ ਹੈ। ਏ.ਆਈ.ਕੇ.ਐਸ. ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕਰਦਾ ਹੈ। ਉਨ੍ਹਾਂ ਨੇ ਪ੍ਰੈਸ ਨੋਟ ਰਾਹੀ ਕਿਹਾ ਹੈ ਕਿ ਇਹ ਕਤਲੇਆਮ ‘ਕਿਸਾਨ ਪੱਖੀ’ ਹੋਣ ਦਾ ਦਾਅਵਾ ਕਰਦੇ ਹੋਏ ਵੀ ਮੋਦੀ ਹਕੂਮਤ ਦੀ ਬੇਰਹਿਮੀ ਨੂੰ ਨੰਗਾ ਕਰਦਾ ਹੈ। ਹਰਿਆਣਾ ਵਿੱਚ ਮਨੋਹਰ ਲਾਲ ਖੱਟਰ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵਿਰੋਧ ਕਰ ਰਹੇ ਕਿਸਾਨਾਂ ‘ਜੋ ਦਿੱਲੀ ਵੱਲ ਮਾਰਚ ਕਰ ਰਹੇ ਹਨ’ ਨਾਲ ਦੁਸ਼ਮਣ ਸਿਪਾਹੀਆਂ ਵਾਂਗ ਸਲੂਕ ਕਰ ਰਹੀ ਹੈ ਅਤੇ ਜੰਗ ਵਰਗੀਆਂ ਕਾਰਵਾਈਆਂ ਕਰ ਰਹੀ ਹੈ।

          ਏ.ਆਈ.ਕੇ.ਐਸ ਦੇ ਆਗੂਆ ਨੇ ਆਪਣੀਆਂ ਸਾਰੀਆਂ ਇਕਾਈਆਂ ਨੂੰ ਹਰਿਆਣਾ ਅਤੇ ਕੇਂਦਰ ਵਿੱਚ ਭਾਜਪਾ ਸਰਕਾਰਾਂ ਦੀ ਵਹਿਸ਼ੀ ਹਿੰਸਾ ਵਿਰੁੱਧ ਡੇਟ ਕੇ ਖੜਨ ਅਤੇ ਵਿਰੋਧ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਹੈ।

———————————————————————– 

ਸੰਯੁਕਤ ਕਿਸਾਨ ਮੋਰਚਾ ਪੁਲਿਸ ਦੇ ਬੇ-ਰਹਿਮ ਜਬਰ ਦਾ ਜ਼ੋਰਦਾਰ ਵਿਰੋਧ ਕਰਦਾ ਹੈ -ਆਗੂ

22 ਫਰਵਰੀ 2024 ਨੂੰ ਮੀਟਿੰਗ ਸੰਘਰਸ਼ ਨੂੰ ਅੱਗੇ ਵਧਾਉਣ ਲਈ ਨਿਰਣਾਇਕ ਕਾਰਵਾਈ ਕਰੇਗੀ

ਚੰਡੀਗੜ੍ਹ / 21 ਫਰਵਰੀ 2024/ ਮਵਦੀਲਾ ਬਿਓਰੋ

            ਸੰਯੁਕਤ ਕਿਸਾਨ ਮੋਰਚੇ ਨੇ ਵਹਿਸ਼ੀਆਨਾ ਪੁਲਿਸ ਜਬਰ ਅਤੇ ਇੱਕ ਕਿਸਾਨ ਨੋਜਵਾਨ ਸ਼ੁਬਕਰਨ ਸਿੰਘ (23) ਪਿੰਡ ਬੱਲੋ, ਬਠਿੰਡਾ ਜਿਲ੍ਹੇ ਦੇ, ਹਰਿਆਣਾ ਪੰਜਾਬ ਦੀ ਸਰਹੱਦ ਵਿੱਚ ਪੁਲਿਸ ਗੋਲੀਬਾਰੀ ਵਿੱਚ ਹੋਏ ਕਤਲ ਦਾ ਸਖ਼ਤ ਵਿਰੋਧ ਕੀਤਾ। ਉਨ੍ਹਾਂ ਵੱਲੋਂ ਜਾਰੀ ਪ੍ਰੈਸ ਨੋਟ ਅਨੁਸਾਰ ਇਸ ਜਬਰ ਵਿੱਚ ਪੰਦਰਾਂ ਦੇ ਕਰੀਬ ਲੋਕ ਗੰਭੀਰ ਜ਼ਖ਼ਮੀ ਹੋਏ ਹਨ। ਕਿਸਾਨ ਪਰਿਵਾਰਾਂ ਵੱਲੋਂ ਰੋਟੀ ਕਮਾਉਣ ਵਾਲਿਆਂ ‘ਤੇ ਇਹ ਵਹਿਸ਼ੀਆਨਾ ਹਮਲਾ ਹੈ ਜਦੋਂ ਉਹ ਸਿਰਫ਼ ਪ੍ਰਧਾਨ ਮੰਤਰੀ ਵੱਲੋਂ ਕੀਤੇ ਲਿਖਤੀ ਵਾਅਦਿਆਂ ਨੂੰ ਲਾਗੂ ਕਰਵਾਉਣ ਲਈ ਰੋਸ ਪ੍ਰਦਰਸ਼ਨ ਕਰ ਰਹੇ ਸਨ।

          ਪ੍ਰਧਾਨ ਮੰਤਰੀ ਅਤੇ ਕਾਰਜਕਾਰਨੀ ਜੋ 9 ਦਸੰਬਰ 2021 ਨੂੰ ਹਸਤਾਖਰ ਕੀਤੇ ਸੰਯੁਕਤ ਕਿਸਾਨ ਮੋਰਚਾ ਨਾਲ ਸਮਝੌਤੇ ਨੂੰ ਲਾਗੂ ਕਰਨ ਵਿੱਚ ਅਸਫਲ ਰਹੇ ਹਨ, ਮੌਜੂਦਾ ਸੰਕਟ ਅਤੇ ਕਾਰਨਾਂ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ।ਸੰਯੁਕਤ ਕਿਸਾਨ ਮੋਰਚਾ ਪੰਜਾਬ ਬਾਰਡਰ ਦੀ ਸਥਿਤੀ ਨੂੰ ਗੰਭੀਰਤਾ ਨਾਲ ਲੈਂਦਿਆਂ ਰਾਸ਼ਟਰੀ ਤਾਲਮੇਲ ਕਮੇਟੀ ਅਤੇ 22 ਫਰਵਰੀ 2024 ਨੂੰ ਹੋਣ ਵਾਲੀ ਜਨਰਲ ਬਾਡੀ ਦੀ ਮੀਟਿੰਗ ਵਿੱਚ ਸਥਿਤੀ ‘ਤੇ ਵਿਆਪਕ ਵਿਚਾਰ-ਵਟਾਂਦਰਾ ਕਰਕੇ ਸੰਘਰਸ਼ ਨੂੰ ਅੱਗੇ ਵਧਾਉਣ ਲਈ ਫੈਸਲਾਕੁੰਨ ਕਦਮ ਚੁੱਕੇ ਜਾਣਗੇ।

———————————————————————– 

ਸੰਯੁਕਤ ਕਿਸਾਨ ਮੋਰਚਾ ਦੇ ਆਗੂਆ ਨੇ ਕੇਂਦਰ ਸਰਕਾਰ ਦਾ ਸੁਝਾਅ ਕੀਤਾ ਨਾ-ਮਨਜ਼ੂਰ

ਸੰਯੁਕਤ ਕਿਸਾਨ ਮੋਰਚਾ ਨੇ 21 ਫਰਵਰੀ ਨੂੰ ਦੇਸ਼ ਭਰ ਵਿੱਚ ਭਾਜਪਾ ਅਤੇ ਐਨਡੀਏ ਦੇ ਹਰ ਸੰਸਦੀ ਹਲਕਿਆਂ ਵਿੱਚ ਸ਼ਾਂਤਮਈ ਪ੍ਰਦਰਸ਼ਨਾਂ ਦਾ ਸੱਦਾ ਦਿੱਤਾ

ਚੰਡੀਗੜ੍ਹ / 19 ਫਰਵਰੀ 2024/ ਮਵਦੀਲਾ ਬਿਓਰੋ

               ਸੰਯੁਕਤ ਕਿਸਾਨ ਮੋਰਚਾ ਦੇ ਆਗੂਆ ਨੇ ਦਾਲਾ, ਮੱਕੀ ਅਤੇ ਕਪਾਹ ਦੀਆਂ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਦੀ ਗਰੰਟੀ ਦੇਣ ਦੇ ਕੇਂਦਰ ਸਰਕਾਰ ਦੇ ਪ੍ਰਸਤਾਵ ਨੂੰ ਨਾ-ਮਨਜੂਰ ਕਰ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਸੋਮਵਾਰ ਨੂੰ ਸ਼ੰਭੂ ਬਾਰਡਰ ‘ਤੇ ਪ੍ਰੈੱਸ ਕਾਨਫਰੰਸ ਵਿੱਚ ਸਪੱਸ਼ਟ ਕਰ ਦਿੱਤਾ ਹੈ ਕਿ ਕੇਂਦਰ ਸਰਕਾਰ ਨੂੰ ਵਾਅਦਾ ਨਹੀਂ, ਘੱਟੋ-ਘੱਟ ਸਮਰਥਨ ਮੁੱਲ ਦੀ ਪੂਰੀ ਕਾਨੂੰਨੀ ਗਾਰੰਟੀ ਦੇਣੀ ਚਾਹੀਦੀ ਹੈ। ਸਾਨੂੰ ਇਸ ਤੋਂ ਘੱਟ ਕੁਝ ਮਨਜ਼ੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹੀ ਤਜਵੀਜ਼ ਕਿਸਾਨਾ ਨੂੰ ਮੁੱਖ ਮੁੱਦੇ ਤੋਂ ਧਿਆਨ ਹਟਾਉਣ ਅਤੇ ਸੰਘਰਸ਼ ਨੂੰ ਕਮਜ਼ੋਰ ਕਰਨ ਦੇ ਉਦੇਸ਼ ਨਾਲ ਲਿਆਂਦੀ ਗਈ ਹੈ।

              ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਉਹ ਸਰਕਾਰ ਨਾਲ ਗੱਲਬਾਤ ਜਾਰੀ ਰੱਖਣਗੇ। ਅੱਜ 20 ਫਰਵਰੀ ਨੂੰ ਮੀਟਿੰਗ ਤੋਂ ਬਾਅਦ ਅਗਲਾ ਸੰਘਰਸ਼ ਉਲੀਕਣਗੇ। ਉਨ੍ਹਾਂ ਨੇ ਕਿਹਾ ਕਿ ਕੇਂਦਰੀ ਮੰਤਰੀਆਂ ਤੋਂ ਮੰਗਾਂ ਨੂੰ ਲੈ ਕੇ ਉਹ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਕਰਜ਼ਾ ਮੁਆਫ਼ੀ, ਬਿਜਲੀ ਦਾ ਨਿੱਜੀਕਰਨ ਨਾ ਕਰਨਾ, ਜਨਤਕ ਖੇਤਰ ਦੀ ਕੰਪਨੀ ਵੱਲੋਂ ਫ਼ਸਲਾਂ ਲਈ ਵਿਆਪਕ ਫ਼ਸਲ ਬੀਮਾ ਯੋਜਨਾ, 60 ਸਾਲ ਤੋਂ ਵੱਧ ਉਮਰ ਦੇ ਹਰ ਕਿਸਾਨ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਅਤੇ ਲਖੀਮਪੁਰ ਖੇੜੀ ਦੇ ਕਤਲੇਆਮ ਦੇ ਮੁੱਖ ਸਾਜ਼ਿਸ਼ਕਾਰ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਣੀ ਨੂੰ ਬਰਖਾਸਤ ਕਰਨ ਦੀਆਂ ਮੰਗਾਂ ‘ਤੇ ਮੋਦੀ ਸਰਕਾਰ ਅਜੇ ਤੱਕ ਚੁੱਪ ਕਿਉਂ ਹੈ?

            ਸੰਯੁਕਤ ਕਿਸਾਨ ਮੋਰਚਾ ਨੇ 21 ਫਰਵਰੀ ਨੂੰ ਦੇਸ਼ ਭਰ ਵਿੱਚ ਭਾਜਪਾ ਅਤੇ ਐਨਡੀਏ ਦੇ ਹਰ ਸੰਸਦੀ ਹਲਕਿਆਂ ਵਿੱਚ ਸ਼ਾਂਤਮਈ ਪ੍ਰਦਰਸ਼ਨਾਂ/ ਜਨ ਸਭਾਵਾਂ/ ਮਸ਼ਾਲਾਂ ਜਲੂਸ ਆਦਿ ਦਾ ਸੱਦਾ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚਾ ਨੇ ਹਰਿਆਣਾ ਦੀ ਭਾਜਪਾ ਸਰਕਾਰ ਦੀ ਵੀ ਸਖ਼ਤ ਆਲੋਚਨਾ ਕੀਤੀ ਜੋ ਕਿ ਸਰਹੱਦ ‘ਤੇ ਅਤੇ ਹਰਿਆਣਾ ਦੇ ਅੰਦਰ ਕਿਸਾਨ ਮਜ਼ਦੂਰਾਂ ‘ਤੇ ਵਹਿਸ਼ੀ ਹਮਲੇ ਕਰ ਰਹੀ ਹੈ। ਬੇਰਹਿਮੀ ਨਾਲ ਲਾਠੀਚਾਰਜ ਅਤੇ ਪੈਲੇਟ ਗੋਲੀਆਂ ਕਾਰਨ ਹੁਣ ਤੱਕ 3 ਕਿਸਾਨ ਆਪਣੀਆਂ ਅੱਖਾਂ ਦੀ ਰੌਸ਼ਨੀ ਗੁਆ ਚੁੱਕੇ ਹਨ। ਐੱਸ. ਨੇ ਹਰਿਆਣਾ ਪੁਲਸ ਅਤੇ ਨੀਮ ਫੌਜੀ ਬਲਾਂ ਵੱਲੋਂ ਸਰਹੱਦ ‘ਤੇ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਮੁਲਾਕਾਤ ਕਰ ਰਹੇ ਕਿਸਾਨ ਆਗੂਆਂ ਦੇ ਵਾਹਨਾਂ ਅਤੇ ਮੋਟਰ ਸਾਈਕਲਾਂ ਦੀ ਭੰਨਤੋੜ ਕਰਨ ਦੀ ਕਾਰਵਾਈ ਦਾ ਵੀ ਨੋਟਿਸ ਲਿਆ। ਸੰਯੁਕਤ ਕਿਸਾਨ ਮੋਰਚਾ ਦੀ ਕੌਮੀ ਤਾਲਮੇਲ ਕਮੇਟੀ ਅਤੇ ਜਨਰਲ ਇਜਲਾਸ 21-22 ਫਰਵਰੀ ਨੂੰ ਹੋਣ ਜਾ ਰਿਹਾ ਹੈ, ਜਿਸ ਵਿੱਚ ਸਾਰੇ ਹਾਲਾਤਾਂ ਦਾ ਜਾਇਜ਼ਾ ਲਿਆ ਜਾਵੇਗਾ ਅਤੇ ਸਾਰੀਆਂ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਭਵਿੱਖੀ ਐਕਸ਼ਨ ਵੀ ਉਲੀਕਿਆ ਜਾਵੇਗਾ।

———————————————————————– 

ਭਾਰਤ ਬੰਦ ਨੂੰ ਮਿਲੀ ਵੱਡੀ ਸਫਲਤਾ

ਸੰਯੁਕਤ ਕਿਸਾਨ ਮੋਰਚਾ ਪੰਜਾਬ ਇਕਾਈ ਦੀ ਮੀਟਿੰਗ 18 ਫਰਵਰੀ ਨੂੰ ਜਲੰਧਰ ਵਿਖੇ

 ਨਵੀਂ ਦਿੱਲੀ/ 16 ਫਰਬਰੀ 2024/ ਮਵਦੀਲਾ ਬਿਓਰੋ

              ਨਰਿੰਦਰ ਮੋਦੀ ਸਰਕਾਰ ਦੀਆਂ ਕਾਰਪੋਰੇਟ ਅਤੇ ਫਿਰਕੂ ਨੀਤੀਆਂ ਵਿਰੁੱਧ ਕਿਸਾਨਾਂ ਦਾ ਗੁੱਸਾ ਅੱਜ ਭੜਕ ਉੱਠਿਆ ਹੈ, ਜਿਸ ਵਿੱਚ ਕਿਸਾਨ ਜੱਥੇਬੰਦੀਆਂ ਤੋਂ ਇਲਾਵਾ ਸਾਂਝੇ ਮੰਚ ਕੇਂਦਰੀ ਟਰੇਡ ਯੂਨੀਅਨਾਂ, ਸੁਤੰਤਰ ਫੈਡਰੇਸ਼ਨਾਂ, ਐਸੋਸੀਏਸ਼ਨਾਂ, ਮਜ਼ਦੂਰਾਂ, ਔਰਤਾਂ, ਨੌਜਵਾਨਾਂ ਅਤੇ ਵਿਿਦਆਰਥੀਆਂ ਦੀਆਂ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਨੂੰ ਵੱਡੀ ਸਫਲਤਾ ਮਿਲੀ ਹੈ। ਇਸ ਸਬੰਧੀ ਸੰਯੁਕਤ ਕਿਸਾਨ ਮੋਰਚੇ ਨੇ ਪ੍ਰੈਸ ਨੋਟ ਜਾਰੀ ਕਰਦਿਆ ਦੱਸਿਆ ਹੈ ਕਿ ਇਹ ਹੜਤਾਲ ਮੋਦੀ ਸਰਕਾਰ ਦੇ ਬੇਰਹਿਮ ਜਬਰ ਵਿਰੁੱਧ ਲੋਕਾਂ ਦੇ ਗੁੱਸੇ ਨੂੰ ਦਰਸਾਉਂਦੀ ਹੈ। ਭਾਜਪਾ ਦੀ ਅਗਵਾਈ ਵਾਲੀ ਹਰਿਆਣਾ ਦੀ ਸੂਬਾ ਸਰਕਾਰ ਨੇ ਪੰਜਾਬ ਦੇ ਸ਼ੰਭੂ ਬਾਰਡਰ ‘ਤੇ ਕਿਸਾਨਾਂ ਦੇ ਦਿੱਲੀ ਵੱਲ ਜਾ ਰਹੇ ਮਾਰਚ ਨੂੰ ਰੋਕਣ ਦੀਆਂ ਵੱਡੀਆਂ ਕੋਸ਼ਿਸਾ ਕੀਤੀਆਂ ਜੋ ਆਜ਼ਾਦ ਭਾਰਤ ਵਿੱਚ ਲੋਕਾਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਜਨਤਕ ਕਾਰਵਾਈਆਂ ਵਿੱਚੋਂ ਇੱਕ ਹੈ।

            ਪੰਜਾਬ ਅਤੇ ਹੋਰ ਬਹੁੱਤ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਅੱਜ ਰੋਸ ਵਜੋਂ ਲਗਭਗ ਬੰਦ ਨੂੰ ਭਰਪੂਰ ਹੁੰਗਾਰਾ ਮਿਿਲਆ। ਪਿੰਡਾਂ ਵਿੱਚ ਵੀ ਦੁਕਾਨਾਂ, ਉਦਯੋਗ, ਬਾਜ਼ਾਰ ਅਤੇ ਵਿੱਦਿਅਕ ਅਦਾਰੇ ਬੰਦ ਰਹੇ। ਵਿਸ਼ਾਲ ਮੁਜ਼ਾਹਰੇ ਅਤੇ ਰੋਸ ਰੈਲੀਆਂ ਕੀਤੀਆਂ ਗਈਆਂ, ਜਿਸ ਵਿੱਚ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਨੇ ਉਤਸ਼ਾਹ ਨਾਲ ਭਾਗ ਲਿਆ ਹੈ। ਮਜ਼ਦੂਰਾਂ ਨੇ ਕੰਮ ਬੰਦ ਕਰਕੇ ਵਿਸ਼ਾਲ ਮੁਜ਼ਾਹਰੇ ਕੀਤੇ ਹਨ, ਵਿਿਦਆਰਥੀਆਂ ਨੇ ਕਲਾਸਾਂ ਦਾ ਬਾਈਕਾਟ ਕਰਕੇ ਉਨ੍ਹਾਂ ਵਿੱਚ ਸ਼ਮੂਲੀਅਤ ਕੀਤੀ ਹੈ, ਜਦੋਂ ਕਿ ਨੌਜਵਾਨਾਂ ਅਤੇ ਔਰਤਾਂ ਨੇ ਵੀ ਵੱਧ-ਚੜ੍ਹ ਕੇ ਹਿੱਸਾ ਲਿਆ। ਜੰਮੂ ਕਸ਼ਮੀਰ ਵਿੱਚ, ਪ੍ਰੈੱਸ ਕਲੋਨੀ, ਸ਼੍ਰੀਨਗਰ ਵਿੱਚ ਪ੍ਰਦਰਸ਼ਨ ਕਰ ਰਹੇ ਸੈਂਕੜੇ ਕਿਸਾਨਾਂ ਨੂੰ ਪੁਲਿਸ ਅਤੇ ਨੀਮ ਫੌਜੀ ਬਲਾਂ ਨੇ ਵਾਹਨਾਂ ਵਿੱਚ ਘਸੀਟ ਕੇ ਹਿਰਾਸਤ ਵਿੱਚ ਲੈ ਲਿਆ। ਇਸ ਕਾਰਵਾਈ ਨੇ ਪੂਰੇ ਭਾਰਤ ਵਿੱਚ ਕਿਸਾਨ-ਮਜ਼ਦੂਰ ਏਕਤਾ ਨੂੰ ਮਜ਼ਬੂਤ ਕਰਨ ਵਿੱਚ ਮਦਦ ਕੀਤੀ ਅਤੇ ਇਸਨੂੰ ਪਿੰਡ, ਸ਼ਹਿਰ ਪੱਧਰ ਤੱਕ ਲੋਕਾਂ ਦੀ ਏਕਤਾ ਅੱਗੇ ਵਧਾਉਣ ਵਿੱਚ ਮਦਦ ਕੀਤੀ। ਸੰਯੁਕਤ ਕਿਸਾਨ ਮੋਰਚੇ ਨੇ ਤੁਰੰਤ ਅੰਦੋਲਨ ਤੇਜ਼ ਕਰਨ ਦਾ ਫੈਸਲਾ ਕੀਤਾ ਹੈ। ਇਸ ਲਈ ਵਰਕਰਾਂ ਅਤੇ ਲੋਕਾਂ ਦੇ ਸਾਰੇ ਵਰਗਾਂ ਨਾਲ ਤਾਲਮੇਲ ਕਰਕੇ ਵਿਸ਼ਾਲ ਐਕਸ਼ਨ ਲਈ ਕਾਲ ਕੀਤੀ ਜਾਵੇਗੀ।

               ਸੰਯੁਕਤ ਕਿਸਾਨ ਮੋਰਚਾ ਪੰਜਾਬ ਇਕਾਈ ਦੀ ਮੀਟਿੰਗ 18 ਫਰਵਰੀ ਨੂੰ ਜਲੰਧਰ ਵਿਖੇ ਹੋ ਰਹੀ ਹੈ ਅਤੇ ਇਸ ਤੋਂ ਬਾਅਦ ਮੀਟਿੰਗਾਂ ਕੀਤੀਆਂ ਜਾਣਗੀਆਂ। ਐਨਸੀਸੀ ਅਤੇ ਜਨਰਲ ਬਾਡੀ ਨਵੀਂ ਦਿੱਲੀ ਵਿਖੇ ਹਾਲਾਤ ਦਾ ਜਾਇਜ਼ਾ ਲੈਣ ਤੇ ਭਵਿੱਖ ਦੀ ਕਾਰਵਾਈ ਤਹਿ ਕਰੇਗੀ। 13 ਫਰਵਰੀ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਇੱਕ ਨਿਮਰ ਅਤੇ ਲਿਖਤੀ ਅਪੀਲ ਭੇਜੀ ਸੀ, ਜਿਸ ਵਿੱਚ ਲਖੀਮਪੁਰ ਖੇੜੀ ਕਤਲੇਆਮ ਦੇ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸਾਰੇ ਭਾਰਤ ਦੇ ਕਿਸਾਨ ਨੂੰ ਘੱਟੋ-ਘੱਟ ਸਮਰਥਨ ਮੁੱਲ, ਕਰਜ਼ਾ ਮੁਆਫੀ ਅਤੇ ਕਿਸਾਨ ਖੁਦਕੁਸ਼ੀਆਂ ਨੂੰ ਖਤਮ ਕਰਨ, ਉਨ੍ਹਾਂ ਨੂੰ ਕਿਸਾਨਾਂ ਦੇ ਨੁਕਸਾਨ, ਸੰਕਟ, ਕਰਜ਼ੇ, ਬੇਰੁਜ਼ਗਾਰੀ, ਜਦੋਂ ਕਿ ਖੇਤ ਮਜ਼ਦੂਰਾਂ ਨੂੰ ਗੰਭੀਰ ਭੁੱਖਮਰੀ, ਇਲਾਜ ਵਿੱਚ ਅਸਫਲਤਾ ਦਾ ਸਾਹਮਣਾ ਕਰ ਰਹੇ ਕਿਸਾਨਾਂ ਪ੍ਰਤੀ ਹਮਦਰਦੀ ਅਤੇ ਵਿਚਾਰ ਕਰਨ ਲਈ ਕਿਹਾ ਗਿਆ ਸੀ। ਪਰ ਇਹ ਮੰਦਭਾਗਾ ਹੈ ਕਿ ਪ੍ਰਧਾਨ ਮੰਤਰੀ ਨੇ ਕਾਰਪੋਰੇਟ ਕੰਪਨੀਆਂ ਪ੍ਰਤੀ ਪੂਰੀ ਹਮਦਰਦੀ ਦਿਖਾਈ ਹੈ, ਪਰ ਕਿਸਾਨਾਂ ‘ਤੇ ਲਾਠੀਚਾਰਜ, ਪੈਲੇਟ ਫਾਇਰਿੰਗ, ਅੱਥਰੂ ਗੈਸ ਦੇ ਛਿੜਕਾਅ, ਡਰੋਨਾਂ ਦੀ ਵਰਤੋਂ, ਸੜਕਾਂ ‘ਤੇ ਨਾਕਾਬੰਦੀ, ਘਰ-ਘਰ ਧਮਕੀਆਂ ਅਤੇ ‘ਜੰਗ ਜਾਰੀ ਰੱਖਣ’ ਨਾਲ ਕਿਸਾਨਾਂ ‘ਤੇ ਜਬਰ ਦਾ ਦੌਰ ਜਾਰੀ ਰੱਖਿਆ ਹੈ।

———————————————————————– 

ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਮੂਰਖ ਬਣਾਉਦਿਆਂ ‘ਗੁਪਤ ਗੱਲਬਾਤ’ ਲਈ ਸ਼ੰਭੂ ਬਾਰਡਰ ‘ਤੇ ਮੰਤਰੀਆਂ ਨੂੰ ਭੇਜਿਆ 

ਮੋਦੀ ਸਰਕਾਰ ਸ਼ੋਸ਼ਣ ਕਰਨ ਵਾਲੇ ਵੱਡੇ ਕਾਰੋਬਾਰੀਆਂ ਦੀ ਸੇਵਾ ਕਰਨ ਲਈ ਕਿਸਾਨਾਂ ਨੂੰ ਅੰਨ੍ਹਾ ਕਰ ਰਹੀ ਹੈ -ਸੰਯੁਕਤ ਕਿਸਾਨ ਮੋਰਚਾ

ਨਵੀਂ ਦਿੱਲੀ/ 16 ਫਰਬਰੀ 2024/ ਮਵਦੀਲਾ ਬਿਓਰੋ

                ਸੰਯੁਕਤ ਕਿਸਾਨ ਮੋਰਚੇ ਨੇ ਸ਼ੰਭੂ ਬਾਰਡਰ ਤੇ ਤਿੰਨ ਕਿਸਾਨਾਂ ਦੇ ਬੁਰੀ ਤਰ੍ਹਾਂ ਜ਼ਖਮੀ ਹੋਣ ਦੀ ਸਖ਼ਤ ਨਿੰਦਾ ਕੀਤੀ, ਜੋ ਆਪਣੀ ਨਜ਼ਰ ਵੀ ਗੁਆ ਚੁੱਕੇ ਹਨ। ਇਸ ਸਬੰਧੀ ਸੰਯੁਕਤ ਕਿਸਾਨ ਮੋਰਚੇ ਨੇ ਪ੍ਰੈਸ ਨੋਟ ਜਾਰੀ ਕਰਦਿਆ ਕਿਹਾ ਹੈ ਕਿ ਮੋਦੀ ਸਰਕਾਰ ਸ਼ੋਸ਼ਣ ਕਰਨ ਵਾਲੇ ਵੱਡੇ ਕਾਰੋਬਾਰੀਆਂ ਦੀ ਸੇਵਾ ਕਰਨ ਲਈ ਕਿਸਾਨਾਂ ਨੂੰ ਅੰਨ੍ਹਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਜਾਣ-ਬੁੱਝ ਕੇ ਕਿਸਾਨਾਂ ਦੇ ਮੁੱਦਿਆਂ ‘ਤੇ ਮਾਹੌਲ ਖ਼ਰਾਬ ਕੀਤਾ ਹੈ ਅਤੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣ ਲਈ ਧੋਖਾ ਦਿੱਤਾ ਹੈ ਕਿ ਉਹ ਸੱਚਾ ਅਤੇ ਇਮਾਨਦਾਰ ਹੈ। ਮੋਦੀ ਸਰਕਾਰ ਨੇ ਦਸੰਬਰ 2021 ਵਿੱਚ ਐਮਐਸਪੀ ਅਤੇ ਹੋਰ ਮੰਗਾਂ ‘ਤੇ ਵਿਚਾਰ ਕਰਨ ਲਈ ਇੱਕ ਕਮੇਟੀ ਦਾ ਗਠਨ ਕਰਨ ਦਾ ਵਾਅਦਾ ਕੀਤਾ। ਸੱਤ ਮਹੀਨਿਆਂ ਬਾਅਦ ਉਸਨੇ ਉਨ੍ਹਾਂ ਲੋਕਾਂ ਨਾਲ ਇੱਕ ਕਮੇਟੀ ਬਣਾਈ ਜੋ ਐਮਐਸਪੀ ਦੇਣ ਦਾ ਖੁੱਲ ਕੇ ਵਿਰੋਧ ਕਰ ਰਹੇ ਸਨ ਅਤੇ ਉਸਨੇ ਫਸਲੀ ਵਿਿਭੰਨਤਾ ਅਤੇ ਜ਼ੀਰੋ ਬਜਟ ਕੁਦਰਤੀ ਖੇਤੀ ਨੂੰ ਆਪਣੇ ਏਜੰਡੇ ਵਿੱਚ ਸ਼ਾਮਲ ਕੀਤਾ। ਹੁਣ ਉਹ ਗੱਲਬਾਤ ਦੇ ਨਾਂ ‘ਤੇ ਲੋਕਾਂ ਨੂੰ ਮੂਰਖ ਬਣਾਉਣ ਲਈ ਸ਼ੰਭੂ ਵਿਖੇ ਅੰਦੋਲਨਕਾਰੀਆਂ ਨੂੰ ਮੰਤਰੀ ਭੇਜ ਕੇ ਗੱਲਬਾਤ ਦਾ ਮਜ਼ਾਕ ਉਡਾ ਰਿਹਾ ਹੈ ਅਤੇ ਗੱਲਬਾਤ ਦੇ ਨੁਕਤੇ ਅਤੇ ਤਰੱਕੀ ਨੂੰ ‘ਗੁਪਤ’ ਰੱਖ ਕੇ ਸਮੁੱਚੇ ਦੇਸ਼ ਦੇ ਕਿਸਾਨਾਂ ਨੂੰ ਹਨੇਰੇ ‘ਚ ਪਾ ਰਿਹਾ ਹੈ। ਸੰਯੁਕਤ ਕਿਸਾਨ ਮੋਰਚੇ ਨੇ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਉਨ੍ਹਾਂ ਦਾ ਧਿਆਨ ਫਿਰਕੂ ਅਤੇ ਧਾਰਮਿਕ ਵਿਵਾਦਾਂ ਵੱਲ ਮੋੜਨ ਪ੍ਰਤੀ ਭਾਜਪਾ ਦੀ ਅੜੀਅਲ ਨੀਤੀ ‘ਤੇ ਸਵਾਲ ਉਠਾਏ ਹਨ।

              ਸੰਯੁਕਤ ਕਿਸਾਨ ਮੋਰਚੇ ਦੇ ਆਗੂਆ ਨੇ ਮਜ਼ਦੂਰ, ਵਿਿਦਆਰਥੀ, ਨੌਜਵਾਨਾਂ, ਔਰਤਾਂ ਅਤੇ ਭਰਾਤਰੀ ਜੱਤੇਬੰਦੀਆਂ ਅਤੇ ਹੋਰ ਸੰਸਥਾਵਾਂ ਦਾ ਮਜ਼ਬੂਤ ਸਮਰਥਨ ਦੇਣ ਲਈ ਧੰਨਵਾਦ ਪ੍ਰਗਟ ਕੀਤਾ ਹੈ ਅਤੇ ਉਨ੍ਹਾਂ ਨੇ ਉਮੀਦ ਜਤਾਈ ਹੈ ਕਿ ਅਸੀਂ ਮਿਲ ਕੇ ਇਹਨਾਂ ਮੰਗਾਂ ਨੂੰ ਮਨਵਾਉਣ ਵਾਸਤੇ ਇੱਕ ਮਜ਼ਬੂਤ ਅੰਦੋਲਨ ਦਾ ਨਿਰਮਾਣ ਕਰਾਂਗੇ।

———————————————————————– 

ਕਿਸਾਨਾਂ ਤੇ ਹੋ ਰਹੇ ਜ਼ਬਰ ਖ਼ਿਲਾਫ਼ 15 ਫਰਵਰੀ ਨੂੰ ਕਰਾਂਗੇ ਰੇਲਾਂ ਦਾ ਚੱਕਾ ਜਾਮ -ਮਨਜੀਤ ਧਨੇਰ

16 ਫਰਵਰੀ ਨੂੰ ਭਾਰਤ ਬੰਦ ਦੀਆਂ ਤਿਆਰੀਆਂ ਮੁਕੰਮਲ ਹਨ -ਹਰੀਸ਼ ਨੱਢਾ, ਕੁਲਵੰਤ ਸਿੰਘ ਕਿਸ਼ਨਗੜ੍ਹ 

ਬੁਢਲਾਡਾ / 14 ਫਰਵਰੀ 2024/ ਭਵਨਦੀਪ ਸਿੰਘ ਪੁਰਬਾ

                 ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਐਮਰਜੈਂਸੀ ਸੂਬਾਈ ਮੀਟਿੰਗ, ਗੁਰਦੀਪ ਸਿੰਘ ਰਾਮਪੁਰਾ ਦੀ ਪ੍ਰਧਾਨਗੀ ਹੇਠ ਡੀਐਸਪੀ ਬੁਢਲਾਡਾ ਦੇ ਦਫ਼ਤਰ ਅੱਗੇ ਲੱਗੇ ਹੋਏ ਪੱਕੇ ਮੋਰਚੇ ਵਿੱਚ ਹੋਈ। ਮੀਟਿੰਗ ਵਿੱਚ ਸੂਬਾ ਕਮੇਟੀ ਤੋਂ ਇਲਾਵਾ 13 ਜ਼ਿਲਿਆਂ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਹਾਜ਼ਰ ਸਨ।

            ਮੀਟਿੰਗ ਨੇ ਸਰਬ ਸੰਮਤੀ ਨਾਲ ਦਿੱਲੀ ਜਾਣ ਵਾਲੇ ਕਿਸਾਨਾਂ ਦੇ ਰਸਤੇ ਵਿੱਚ ਕਿੱਲ, ਕੰਕਰੀਟ ਦੇ ਬਲਾਕ ਅਤੇ ਹੋਰ ਰੋਕਾਂ ਲਾਉਣ ਅਤੇ ਕਿਸਾਨਾਂ ਖਿਲਾਫ ਅੱਥਰੂ ਗੈਸ ਵਗੈਰਾ ਦੀ ਬੇਦਰੇਗ ਵਰਤੋਂ ਕਰਨ ਲਈ ਖੱਟਰ ਅਤੇ ਮੋਦੀ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਅਤੇ ਇਸ ਜ਼ਬਰ ਖ਼ਿਲਾਫ਼ 15 ਫਰਵਰੀ ਨੂੰ 12 ਵਜੇ ਤੋਂ ਸ਼ਾਮ ਚਾਰ ਵਜੇ ਤੱਕ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਜੇਕਰ ਜ਼ਬਰ ਹੋਰ ਵਧਦਾ ਹੈ ਤਾਂ ਤੁਰੰਤ ਮੀਟਿੰਗ ਕਰ ਕੇ ਹੋਰ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਖੱਟਰ ਅਤੇ ਮੋਦੀ ਸਰਕਾਰ ਕਿਸਾਨਾਂ ਤੋਂ ਸੰਘਰਸ਼ ਕਰਨ ਦਾ ਜਮਹੂਰੀ ਹੱਕ ਖੋਹ ਰਹੀ ਹੈ। ਦਿੱਲੀ ਜਾਣ ਵਾਲੇ ਕਿਸਾਨਾਂ ਦੀਆਂ ਮੰਗਾਂ ਪੂਰੀ ਤਰਾਂ ਜਾਇਜ਼ ਹਨ। ਸਾਡੇ ਆਗੂਆਂ ਨਾਲ ਮਤਭੇਦ ਹੋ ਸਕਦੇ ਹਨ, ਪਰ ਪੰਜਾਬ ਦੇ ਲੋਕ ਸਾਡੇ ਆਪਣੇ ਹਨ। ਜੇਕਰ ਸਰਕਾਰ ਨੇ ਕਿਸਾਨਾਂ ਖਿਲਾਫ ਹਿੰਸਾ ਕੀਤੀ ਤਾਂ ਜਿਸ ਤਰ੍ਹਾਂ ਲੌਂਗੋਵਾਲ ਵਿਖੇ ਕਿਸਾਨ ਦੀ ਸ਼ਹਾਦਤ ਤੋਂ ਬਾਅਦ ਸਾਰੀਆਂ ਜਥੇਬੰਦੀਆਂ ਹਮਾਇਤ ਤੇ ਆਈਆਂ ਸਨ, ਸਾਡੀ ਜਥੇਬੰਦੀ ਉਸੇ ਤਰ੍ਹਾਂ ਡਟ ਕੇ ਤਿੱਖਾ ਵਿਰੋਧ ਕਰੇਗੀ। ਇਸ ਤੋਂ ਇਲਾਵਾ ਕੁੱਲਰੀਆਂ ਦੇ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ ਡੀਐਸਪੀ ਬੁਡਲਾਢਾ ਦੇ ਦਫਤਰ ਅੱਗੇ ਛੇ ਜਨਵਰੀ ਤੋਂ ਚੱਲ ਰਹੇ ਪੱਕੇ ਮੋਰਚੇ ਬਾਰੇ ਅਤੇ 16 ਫਰਵਰੀ ਨੂੰ ਭਾਰਤ ਬੰਦ ਦੀ ਕਾਲ ਬਾਰੇ ਵਿਚਾਰਾਂ ਕੀਤੀਆਂ ਗਈਆਂ। ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਹਰੀਸ਼ ਨੱਢਾ ਅਤੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਦੱਸਿਆ ਕਿ ਪੱਕਾ ਮੋਰਚਾ ਲੱਗੇ ਨੂੰ ਚਾਲੀ ਦਿਨ ਹੋ ਗਏ ਹਨ ਪਰ ਪੰਜਾਬ ਦੀ ਭਗਵੰਤ ਮਾਨ ਸਰਕਾਰ ਕਿਸਾਨਾਂ ਦਾ ਸਬਰ ਪਰਖ਼ ਰਹੀ ਹੈ। ਜਥੇਬੰਦੀ ਨੇ ਫ਼ੈਸਲਾ ਕੀਤਾ ਹੈ ਕਿ ਸਰਕਾਰ ਦੀ ਸਾਜਿਸ਼ੀ ਚੁੱਪ ਨੂੰ ਤੋੜਨ ਲਈ 16 ਫਰਵਰੀ ਤੋਂ ਬਾਅਦ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। 16 ਫਰਵਰੀ ਨੂੰ ਭਾਰਤ ਬੰਦ ਦੀਆਂ ਤਿਆਰੀਆਂ ਮੁਕੰਮਲ ਹਨ।

            ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਪੰਜਾਬ ਦੇ 13 ਜ਼ਿਲਿਆਂ ਵਿੱਚ ਗੱਜਵੱਜ ਕੇ ਭਾਰਤ ਬੰਦ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਵੇਗੀ। ਇਸ ਦਿਨ ਮੋਦੀ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨ ਤੋਂ ਇਲਾਵਾ ਕਿਸਾਨਾਂ ਤੇ ਜ਼ਬਰ ਖ਼ਿਲਾਫ਼ ਰੋਹ ਦਾ ਪ੍ਰਗਟਾਵਾ ਕੀਤਾ ਜਾਵੇਗਾ। ਮੀਟਿੰਗ ਵਿੱਚ ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀ ਬਾਘਾ, ਸੂਬਾ ਖ਼ਜ਼ਾਨਚੀ ਬਲਵੰਤ ਸਿੰਘ ਉੱਪਲੀ, ਸੂਬਾ ਪ੍ਰੈੱਸ ਸਕੱਤਰ ਅੰਗਰੇਜ ਸਿੰਘ ਮੁਹਾਲੀ ਤੋਂ ਇਲਾਵਾ ਲੁਧਿਆਣਾ ਤੋਂ ਜਗਤਾਰ ਸਿੰਘ ਦੇਹੜਕਾ, ਬਠਿੰਡਾ ਤੋਂ ਬਲਵਿੰਦਰ ਸਿੰਘ ਫੌਜੀ ਅਤੇ ਹਰਵਿੰਦਰ ਸਿੰਘ ਕੋਟਲੀ, ਫਾਜ਼ਿਲਕਾ ਤੋਂ ਹਰਮੀਤ ਸਿੰਘ, ਸੁਖਦੇਵ ਸਿੰਘ ਜਮਾਲ ਕੇ, ਅਤੇ ਸਾਜਨ ਕੰਬੋਜ, ਬਰਨਾਲਾ ਤੋਂ ਸਾਹਿਬ ਸਿੰਘ ਬਡਬਰ ਅਤੇ ਗੁਰਦੇਵ ਸਿੰਘ ਮਾਂਗੇਵਾਲ, ਫਰੀਦਕੋਟ ਤੋਂ ਜ਼ੋਰਾ ਸਿੰਘ ਭਾਣਾ ਅਤੇ ਜਸਕਰਨ ਸਿੰਘ ਮੋਰਾਂਵਾਲੀ, ਮੁਕਤਸਰ ਸਾਹਿਬ ਤੋਂ ਗੁਰਦੀਪ ਸਿੰਘ ਖੁੱਡੀਆਂ, ਮਾਨਸਾ ਤੋਂ ਲਖਵੀਰ ਸਿੰਘ ਅਕਲੀਆ ਅਤੇ ਬਲਵਿੰਦਰ ਸ਼ਰਮਾ, ਬਲਕਾਰ ਸਿੰਘ ਚਹਿਲਾਂ ਵਾਲੀ, ਸੰਗਰੂਰ ਤੋਂ ਸੁਖਦੇਵ ਸਿੰਘ ਘਰਾਚੋਂ ਅਤੇ ਜਗਤਾਰ ਸਿੰਘ ਦੁੱਗਾਂ ਹਾਜ਼ਰ ਸਨ।

———————————————————————– 

ਹਰਿਆਣਾ ਸਰਕਾਰ ਵਲੋ ਅਟਾਰਨੀ ਨਵਦੀਪ ਸਿੰਘ ਦਾ ਵਿਸ਼ੇਸ਼ ਸਨਮਾਨ

ਲੋਕਾਂ ਨਾਲ ਮਿਸਾਲੀ ਤੇ ਚੰਗਿਰੀ ਭੂਮਿਕਾ ਦਾ ਜ਼ਿਲ੍ਹੇ ਚੋਂ ਪਹਿਲਾ ਸਨਮਾਨ

ਫਰੀਦਾਬਾਦ (ਹਰਿਆਣਾ) / 14 ਫਰਵਰੀ 2024/ ਰਾਜਵਿੰਦਰ ਰੌਂਤਾ

              ਹਰਿਆਣਾ ਸਰਕਾਰ ਵੱਲੋਂ ਆਪਣੇ ਫ਼ਰਜ਼ਾਂ ਦੇ ਸਹੀ ਪਾਲਣ ਕਰਨ, ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣ ਅਤੇ ਮਿਸਾਲੀ ਸੇਵਾ ਕਰਨ ਬਦਲੇ ਜਿਲ੍ਹੇ ਪੱਧਰ ਤੇ ਸਨਮਾਨ ਕੀਤਾ ਜਾਂਦਾ ਹੈ। ਇਸ ਵਾਰ ਦਾ ਇਹ ਵਿਸ਼ੇਸ਼ ਸਨਮਾਨ ਨਵਦੀਪ ਸਿੰਘ, ਸਹਾਇਕ ਡਿਸਟ੍ਰਿਕਟ ਅਟਾਰਨੀ ਨੂੰ “ਕਾਨੂੰਨ ਦੀ ਰੱਖਵਾਲੀ ਅਤੇ ਨਿਯਮ ਦੇ ਪਾਲਨ ਵਿੱਚ ਉਨ੍ਹਾਂ ਦੇ ਅਟਲ ਸਮਰਪਨ ਦੇ ਬਦਲੇ ਦਿੱਤਾ ਗਿਆ ਹੈ। ਨਵਦੀਪ ਸਿੰਘ ਪੰਜਾਬ ਦੇ ਮੋਗਾ ਜਿਲ੍ਹੇ ਨਾਲ ਸਬੰਧਤ ਹੈ। ਇਹ ਵਿਸ਼ੇਸ਼ ਸਨਮਾਨ ਹਰ ਜਿਲ੍ਹੇ ਦੇ ਸਭ ਤੋਂ ਅੱਵਲ ਲੋਕ ਸੇਵਾ ਕਰਨ ਵਾਲੇ ਇੱਕ ਸਖ਼ਸ਼ ਨੂੰ ਹਰ ਸਾਲ ਦਿੱਤਾ ਜਾਂਦਾ ਹੈ। ਜੋਕਿ ਨਵਦੀਪ ਸਿੰਘ ਵੱਲੋਂ ਆਪਣੇ ਅਹੁਦੇ ਦੀ ਯੋਗ ਵਰਤੋਂ ਕਰਦਿਆਂ ਸਮਾਜ ਵਿੱਚ ਸੁਰੱਖਿਆ , ਅਮਨ ਅਮਾਨ ਦੀ ਬਹਾਲੀ ਅਤੇ ਲੋਕਾਂ ਵਿੱਚ ਬਣੀ ਹਰਮਨ ਪਿਆਰਤਾ ਬਦਲੇ ਇਹ ਸਨਮਾਨ ਦਿੱਤਾ ਗਿਆ। ਇਹ ਸਨਮਾਨ ਜਿਲ੍ਹਾ ਅਟਾਰਨੀ ਸ਼੍ਰੀ ਵਿਕਾਸ ਸ਼ਰਮਾ ਨੇ ਜਿਲ੍ਹਾ ਪਲਵਲ ਦੇ ਅਥੀਨ ਸਬ ਡਿਵੀਜ਼ਨ ਵਿਚ ਪੁੱਜ ਕੇ ਸਾਦਾ ਤੇ ਵਿਸ਼ੇਸ਼ ਸਮਾਗਮ ਸਮੇਂ ਭੇਂਟ ਕੀਤਾ। ਅਟਾਰਨੀ ਸ਼੍ਰੀ ਵਿਕਾਸ ਸ਼ਰਮਾ ਨੇ ਕਿਹਾ ਕਿ ਨਵਦੀਪ ਸਿੰਘ ਸਹਾਇਕ ਜਿਲ੍ਹਾ ਅਟਾਰਨੀ ਨੇ ਆਪਣੀਆਂ ਸੇਵਾਵਾਂ ਨੂੰ ਈਮਾਨਦਾਰੀ ਅਤੇ ਨਿਯਮਾਂ ਅਨੁਸਾਰ ਬਾਖੂਬੀ ਨਿਭਾਇਆ ਹੈ।ਲੋਕਾਂ ਵਿੱਚ ਸਤਿਕਾਰਯੋਗ ਸਥਾਨ ਪ੍ਰਾਪਤ ਕੀਤਾ ਹੈ ਅਮਨ ਅਮਾਨ ਬਣਾਈ ਰੱਖਿਆ ਹੈ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ।ਜੋਕਿ ਉਨ੍ਹਾਂ ਦੇ ਸਹਿ ਕਰਮੀਆਂ ਲਈ ਪ੍ਰੇਰਣਾ ਦੇ ਰੂਪ ਵਿੱਚ ਕੰਮ ਕਰੇਗਾ।

            ਕਾਬਲੇ ਗੌਰ ਹੈ ਕਿ ਨਵਦੀਪ ਸਿੰਘ ਪੰਜਾਬ ਦੇ ਮੋਗੇ ਨਾਲ ਸਬੰਧਤ ਹੈ। ਨਵਦੀਪ ਸਿੰਘ ਨੂੰ ਵਿਸ਼ੇਸ਼ ਪ੍ਰਤਿਭਾਸ਼ਾਲੀ ਸਨਮਾਨ ਮਿਲਣ ਤੇ ਮੋਗਾ ਜਿਲ੍ਹੇ ਦੀਆਂ ਸਖਸ਼ੀਅਤਾਂ ਵਿਧਾਇਕਾ ਅਮਨਦੀਪ ਕੌਰ ਅਰੋੜਾ, ਅਕਾਲੀ ਆਗੂ ਬਰਜਿੰਦਰ ਸਿੰਘ ਬਰਾੜ, ਡੀਐਸਪੀ ਮਨਜੀਤ ਸਿੰਘ ਢੇਸੀ, ਚੇਅਰਮੈਨ ਭਾਰਤੀ ਪੱਤੋਂ, ਪ੍ਰਧਾਨ ਚਰਨਜੀਤ ਸਿੰਘ ਝੰਡੇਆਣਾ, ਡਾਕਟਰ ਭੁਪਿੰਦਰ ਸਿੰਘ ਬੈਂਸ, ਸਹਾਇਕ ਜ਼ਿਲ੍ਹਾ ਅਟਾਰਨੀ ਹਰਫਤਹਿ ਸਿੰਘ ਥਿੰਦ, ਰਾਕਟ ਇੰਜੀਨੀਅਰ ਹਰਜੀਤ ਸਿੰਘ, ਐਡਵੋਕੇਟ ਜਸਪ੍ਰੀਤ ਸਿੰਘ ਧਾਲੀਵਾਲ, ਥਾਣੇਦਾਰ ਪੂਰਨ ਸਿੰਘ ਧਾਲੀਵਾਲ, ਥਾਣੇਦਾਰ ਪ੍ਰੀਆਂਸ਼ੂ ਸਿੰਘ, ਐਡਵੋਕੇਟ ਜੁਪਿੰਦਰ ਸਿੰਘ ਸਿੱਧੂ ਨੇ ਮੁਬਾਰਕ ਦਿੱਤੀ ਹੈ। ਨਵਦੀਪ ਸਿੰਘ ਦੇ ਪਿਤਾ ਦਰਸ਼ਨ ਸਿੰਘ ਨੇ ਆਪਣੇ ਪੁੱਤਰ ਦੀ ਪ੍ਰਾਪਤੀ ਤੇ ਫਖਰ ਕਰਦਿਆਂ ਕਿਹਾ ਕਿ ਭਵਿਖ ਵਿਚ ਹੋਰ ਵੀ ਤਰੱਕੀਆਂ ਕਰੇਗਾ। ਨਵਦੀਪ ਸਿੰਘ ਦੇ ਭਰਾ ਇੰਜਨੀਅਰ ਪ੍ਰਦੀਪ ਸਿੰਘ ਨੇ ਕਿਹਾ ਕਿ ਇਸ ਵੱਡੇ ਸਨਮਾਨ ਨਾਲ ਸਾਨੂੰ ਪਰਿਵਾਰ ਨੂੰ ਬਹੁਤ ਮਾਣ ਮਿਲਿਆ ਹੈ। ਸਹਾਇਕ ਜਿਲ੍ਹਾ ਅਟਾਰਨੀ ਨਵਦੀਪ ਸਿੰਘ ਨੇ ਉਸ ਨੂੰ ਆਪਣੇ ਖੇਤਰ ਵਿੱਚ ਵਧੀਆ ਜਿੰਮੇਵਾਰਾਨਾ ਡਿਊਟੀ ਨਿਭਾਉਣ ਬਦਲੇ ਮਿਲਿਆ ਸਨਮਾਨ ਮੇਰੇ ਅੰਦਰ ਹੋਰ ਜਿੰਮੇਵਾਰੀਆਂ ਪੈਦਾ ਕਰਦਾ ਹੈ।

———————————————————————– 

ਆਂਧਰਾ ਪ੍ਰਦੇਸ਼ ਵਿੱਚ ਹੋਈਆਂ ਤਾਈਕਵਾਡੋਂ ਦੀਆਂ ਕੌਮੀ ਖੇਡਾਂ ਵਿੱਚ ਤੇਲੰਗਾਨਾ ਦੀਆਂ ਦੋ ਭੈਣਾ ਨੇ ਜਿੱਤੇ ਸੋਨ ਤਮਗੇ

ਰਿਪੱਲੇ (ਆਂਧਰਾ ਪ੍ਰਦੇਸ਼) / ਜਨਵਰੀ 2024/ ਰਾਜਵਿੰਦਰ ਰੌਂਤਾ

               ਆਂਧਰਾ ਪ੍ਰਦੇਸ਼ ਵਿੱਚ ਹੋਈਆਂ ਤਾਈਕਵਾਡੋਂ ਦੀਆਂ ਕੌਮੀ ਖੇਡਾਂ ਵਿੱਚ ਤੇਲੰਗਾਨਾ ਦੀਆਂ ਦੋ ਸਕੀਆਂ ਭੈਣਾਂ ਨੇ ਦੋ ਸੋਨ ਤਮਗੇ ਜਿੱਤ ਕੇ ਨਵਾ ਇਤਿਹਾਸ ਜਿੱਤਿਆ ਹੈ। ਕੇ ਸੁਹਸਰਾ 14 ਸਾਲ ਨੇ 58 ਕਿਲੋ ਵਜ਼ਨ ਅਤੇ ਕੇ ਰੀਆ ਉਮਰ 12ਸਾਲ ਨੇ 57 ਕਿਲੋ ਵਜ਼ਨ ਵਿੱਚ ਸੋਨ ਤਮਗਾ ਜਿੱਤਿਆ ਹੈ। ਜਿਕਰਯੋਗ ਹੈ ਕਿ ਰਿਪੱਲੇ (ਆਂਧਰਾ ਪ੍ਰਦੇਸ਼) ਵਿਖੇ ਹੋਏ ਮੁਕਾਬਲਿਆਂ ਵਿੱਚ ਇਹਨਾਂ ਕੁੜੀਆ ਨੇ ਪਹਿਲਾਂ ਖੇਡ ਮੁਕਾਬਲਿਆਂ ਵਿੱਚ ਰੈਫਰੀ ਵਜੋਂ ਸੇਵਾਵਾਂ ਦਿੱਤੀਆਂ ਅਤੇ ਸ਼ਾਮ ਨੂੰ ਆਪਣੀ ਖੇਡ ਦਾ ਖੂਬਸੂਰਤ ਪ੍ਰਦਰਸ਼ਨ ਕਰਦੇ ਹੋਏ ਦੇਸ਼ ਲਈ ਸੋਨ ਤਮਗੇ ਜਿੱਤੇ।

            ਜੇਤੂ ਖਿਡਾਰਨਾਂ ਦੇ ਮਾਤਾ ਸ਼੍ਰੀਮਤੀ ਸਭਿਥਾ ਤੇ ਪਿਤਾ ਰਜੇਸ਼ ਨੇ ਦੱਸਿਆ ਕਿ ਲੜਕੀਆਂ ਨੂੰ ਆਤਮ ਨਿਰਭਰ ਹੋਣ ਲਈ ਤਾਈਕਵਾਡੋਂ ਵੱਲ ਪਾਇਆ ਸੀ ਪਰ ਉਹ ਮਿਹਨਤ ਕਰਕੇ ਲਗਾਤਾਰ ਜਿੱਤਾਂ ਪ੍ਰਾਪਤ ਕਰ ਰਹੀਆਂ ਹਨ। ਇਹਨਾਂ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕਾ ਤੇ ਤਾਮਿਲਨਾਡੂ ਸੂਬਿਆਂ ਦੀਆਂ ਖਿਡਾਰਨਾਂ ਨੇ ਭਾਗ ਲਿਆ।

———————————————————————– 

ਪੰਜਵਾਂ ਗ੍ਰੈਂਡ ਫੈਨਾਲੇ ਸੰਪੰਨ

ਹਰਪ੍ਰੀਤ ਕੌਰ ਰੋਪੜ ਬਣੀ ਸੁਨੱਖੀ ਪੰਜਾਬਣ, ਜਸਲੀਨ ਦਿੱਲੀ ਸੈਕੰਡ ਰੰਨਰ ਅੱਪ

 ਦਿੱਲੀ / 25 ਅਕਤੂਬਰ 2023/ ਰਾਜਵਿੰਦਰ ਰੌਂਤਾ

          ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦਾ ਖੂਬਸੂਰਤ ਮੰਚ ਸੁਨੱਖੀ ਪੰਜਾਬਣ ਨੇ ਦਿੱਲੀ ਦੇ ਸ਼ਾਹ ਆਡੀਟੋਰੀਅਮ ਵਿਖੇ ਆਪਣਾ ਪੰਜਵਾ ਗ੍ਰੈਂਡ ਫਿਨਾਲੇ ਧੂਮ ਧਾਮ ਨਾਲ ਮਨਾਇਆ।
ਦਿੱਲੀ ਦੀ ਸ਼ਾਨ ਤੇ ਪੰਜਾਬਣਾਂ ਦਾ ਮਾਣ ਸੁਨੱਖੀ ਪੰਜਾਬਣ ਆਪਣੇ ਪੰਜ ਸਾਲ ਪੂਰੇ ਕਰ ਚੁੱਕਿਆ ਹੈ। ਔਰਤਾਂ ਦੇ ਸੁਫ਼ਨਿਆਂ ਨੂੰ ਨਵੀਂ ਪਸ਼ਾਨ ਤੇ ਪੰਜਾਬੀ ਵਿਰਾਸਤ ਅਤੇ ਸੱਭਿਆਚਾਰ ਤੇ ਪਹਿਰਾ ਦੇਣ ਦੀ ਕੋਸ਼ਿਸ ਕਰਨ ਸੁਨੱਖੀ ਪੰਜਾਬਣ ਦਾ ਸ਼ਲਾਘਾ ਯੋਗ ਯਤਨ ਹੈ। ਹਰ ਸਾਲ ਸੁਨੱਖੀ ਪੰਜਾਬਣ ਸੂਰਤ ਅਤੇ ਸੀਰਤ ਦਾ ਮੁਕਾਬਲਾ ਦਿੱਲੀ ਵਿਚ ਡਾਕਟਰ ਅਵਨੀਤ ਕੌਰ ਭਾਟੀਆ ਦੁਆਰਾ ਕਰਵਾਇਆ ਜਾਂਦਾ ਹੈ। ਇਸ ਵਿਚ ਪਹਿਲੇ ਓਡਿਸ਼ਨ ਲਈ ਜਾਂਦੀ ਹੈ ਜਿਸ ਵਿਚ 22 ਪੰਜਾਬਣਾਂਦੀ ਚੋਣ ਕੀਤੀ ਜਾਂਦੀ ਹੈ। ਦਿੱਲੀ, ਹਿਮਾਚਲ, ਹਰਿਆਣਾ, ਯੂਪੀ, ਪੰਜਾਬ ਦੇ ਵੱਖ ਵੱਖ ਸੂਬਿਆਂ ਤੋਂ ਪੰਜਾਬਣਾਂ ਇਸ ਮੁਕਾਬਲੇ ਵਿਚ ਸ਼ਾਮਿਲ ਹੁੰਦੀਆਂ ਹਨ। ਇਸ ਤੋਂ ਬਾਅਦ ਸਲੈਕਟ ਹੋਈਆਂ ਪੰਜਾਬਣਾਂ ਨੂੰ ਸਟੇਜ ਤੇ ਚਲਣਾ, ਪੰਜਾਬੀ ਮਾਂ ਬੋਲੀ ਬੋਲਣਾ, ਪੜ੍ਹਨਾ ਅਤੇ ਮੁੱਖ ਰੂਪ ਤੇ ਲਿਖਣਾ ਸਿਖਾਇਆ ਜਾਂਦਾ ਹੈਂ ਅਤੇ ਇਸ ਸਾਲ ਵੱਡੀ ਗਿਣਤੀ ਵਿੱਚ ਰਜਿਸਟ੍ਰੇਸ਼ਨਾਂ ਪ੍ਰਾਪਤ ਹੋਈਆਂ ਅਤੇ ਮੁਕਾਬਲੇ ਵਿੱਚ ਦਿੱਲੀ, ਮਥੁਰਾ, ਕਾਨਪੁਰ, ਫਰੀਦਾਬਾਦ, ਪੰਜਾਬ ਦੇ ਜ਼ਿਲ੍ਹਿਆਂ ਰੋਪੜ, ਸੰਗਰੂਰ, ਫ਼ਿਰੋਜ਼ਪੁਰ, ਹੁਸ਼ਿਆਰਪੁਰ ਤੋਂ ਭਾਰੀ ਭਾਗੀਦਾਰੀ ਵੇਖੀ ਗਈ। ਜਿਸ ਵਿੱਚੋਂ ਕੁੱਲ 22 ਸੁਨੱਖੀਆਂ ਦੀ ਚੋਣ ਕੀਤੀ ਗਈ। ਸਾਰੇ ਚੁਣੇ ਹੋਏ ਪ੍ਰਤੀਯੋਗੀਆਂ ਨੇ ਸਾਡੇ ਮਾਣਯੋਗ ਜੱਜ ਸਾਹਿਬਾਂਨਾ “ਪੁਨੀਤ ਕੋਚਰ (ਸੋਸ਼ਲ ਮੀਡੀਆ ਦੀ ਹਸਤੀ), ਪ੍ਰੋਫੈਸਰ ਕੁਲਵੀਰ ਗੋਜਰਾ (ਦਿੱਲੀ ਯੂਨੀਵਰਸਿਟੀ ਪੰਜਾਬੀ ਵਿਭਾਗ), ਨਵਨੀਤ ਕੌਰ (ਅਦਾਕਾਰਾ), ਸਮਰੀਨ ਹਂਸੀ (ਸਾਬਕਾ ਮਿਸਿਜ਼ ਇੰਡੀਆ), ਮਨਦੀਪ ਕੌਰ ਸੂਰੀ (ਜੇਤੂ ਸੀਜ਼ਨ 2), ਅਰਸ਼ਦੀਪ ਕੌਰ (ਨਿਊਜ਼ ਐਂਕਰ ਪੰਜਾਬ ਟਾਕ), ਡਾ. ਸ਼੍ਰੀਕਾਂਤ ਜੁਨੇਜਾ (ਅਦਾਕਾਰ ਅਤੇ ਪ੍ਰੇਰਕ ਸਪੀਕਰ) ਦੇ ਸਾਹਮਣੇ ਆਪਣੀ ਅਦਾਕਾਰੀ ਦਾ ਪ੍ਰਦਰਸ਼ਨ ਕੀਤਾ।

            ਟੈਲੇਂਟ ਰਾਊਂਡ ਵਿੱਚ ਸੁਨੱਖੀ ਪੰਜਾਬਣ ਦੇ ਸਾਰੇ ਪ੍ਰਤੀਭਾਗੀਆਂ ਨੇ ਭਰੂਣ ਹੱਤਿਆ, ਤੇਜ਼ਾਬੀ ਹਮਲੇ ਅਤੇ ਪੰਜਾਬੀ ਗੀਤਾਂ ਵਰਗੇ ਵੱਖ-ਵੱਖ ਵਿਸ਼ਿਆਂ ‘ਤੇ ਪੇਸ਼ਕਾਰੀ ਕਰਕੇ ਸ਼ਾਨਦਾਰ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਅਤੇ ਸਵਾਲ-ਜਵਾਬ ਰਾਊਂਡ ਵਿੱਚ ਜੱਜ ਸਾਹਿਬਾਨਾ ਦੇ ਸਾਰੇ ਸਵਾਲਾਂ ਦੇ ਜਵਾਬ ਬੜੇ ਸੁਜਾਜੇ ਡੰਗ ਨਾਲ ਦਿੱਤੇ। ਸਾਰੀਆਂ ਮੁਟਿਆਰਾ ਨੂੰ ਕਿਸੀ ਨਾ ਕਿਸੀ ਟਾਈਟਲ ਨਾਲ ਸਨਮਾਨਿਤ ਕੀਤਾ ਜਿਦੇ ਵਿਚ “ਮ੍ਰਿਗ ਨੈਨੀ, ਬਿਊਟੀਫੁੱਲ ਡਰੈੱਸ, ਬਿਊਟੀਫੁੱਲ ਸਮਾਈਲ” ਆਦਿ ਸੀ। ਸਾਰੇ ਪ੍ਰਤਿਭਾਗਿਆਂ ਦੇ ਪ੍ਰਦਰਸ਼ਨ ਨੂੰ ਦੇਖਣ ਤੋਂ ਬਾਅਦ ਜੱਜ ਸਾਹਿਬਾਨਾਂ ਨੇ ਆਪਣੀਆਂ ਮਾਹਿਰ ਅੱਖਾਂ ਨਾਲ ਪੰਜਾਬ ਦੀ ਹਰਪ੍ਰੀਤ ਕੌਰ ਰੋਪੜ ਨੂੰ ਸੁਨੱਖੀ ਪੰਜਾਬਣ ਸੀਜ਼ਨ 5 ਦੀ ਜੇਤੂ ਕਰਾਰ ਦਿੱਤਾ। ਜੰਮੂ ਦੀ ਜਸਮੀਤ ਕੌਰ ਨੂੰ ਪਹਿਲੀ ਰਨਰ ਅੱਪ ਅਤੇ ਦਿੱਲੀ ਦੀ ਜਸਲੀਨ ਕੌਰ ਨੂੰ ਸੈਕਿੰਡ ਰਨਰ ਅੱਪ ਚੁਣਿਆ ਗਿਆ। ਸੁਨੱਖੀ ਪੰਜਾਬਣ ਸੀਜ਼ਨ 5 ਦੇ ਤਿੰਨੋਂ ਜੇਤੂਆਂ ਨੂੰ 3100 ਰੁਪਏ ਨਕਦ ਦੇ ਨਾਲ 21 ਹਜ਼ਾਰ ਰੁਪਏ ਦੇ ਗੋਲਡ ਪਲੇਟਿਡ ਸੱਗੀ ਦੇ ਫੁੱਲ ਅਤੇ ਗਿਫਟ ਹੈਂਪਰ ਦਿੱਤੇ ਗਏ। ਉਤਰਾਖੰਡ ਟਰੈਵਲਜ਼ ਦੀ ਤਰਫੋਂ ਜੇਤੂ ਨੂੰ ਜਿਮ ਕਾਰਬੇਟ ਨੈਸ਼ਨਲ ਪਾਰਕ ਅਤੇ ਪਹਿਲੇ ਅਤੇ ਦੂਜੇ ਰਨਰ ਅੱਪ ਨੂੰ ਅੰਮ੍ਰਿਤਸਰ ਦੀ ਯਾਤਰਾ ਦਾ ਗਿਫਟ ਹੈਮਪਰ ਦਿੱਤੀ। ਇਸ ਦੇ ਨਾਲ ਹੀ ਆਪਣੀ ਕਿਸਮਤ ਅਜਮਾਉਣ ਲਈ ਕਈ ਪ੍ਰਤਿਭਾਗਿਆਂ ਨੂੰ ਲਘੂ ਫਿਲਮਾਂ ਲਈ ਵੀ ਚੁਣਿਆ ਗਿਆ। ਇਸ ਦੇ ਨਾਲ ਹੀ ਸੁਨੱਖੀ ਪੰਜਾਬਣ ਸੀਜ਼ਨ 5 ਦਾ ਗ੍ਰੈਂਡ ਫਿਨਾਲੇ ਬੜੇ ਉਤਸ਼ਾਹ ਨਾਲ ਸੰਪੰਨ ਹੋਇਆ।

          ਡਾ. ਅਵਨੀਤ ਕੌਰ ਭਾਟੀਆ ਨੇ ਇਸ ਬਾਰੇ ਗਲ ਕਰਦਿਆ ਕਿਹਾ ਕਿ ਇਹ ਸ਼ੋਅ ਮੇਰੀ ਸਵਰਗੀ ਮਾਂ. ਦਵਿੰਦਰ ਕੌਰ ਦਾ ਸੁਪਨਾ ਹੈ ਜਿਸਦਾ ਉਦੇਸ਼ ਸਾਡੀ ਮਾਂ ਬੋਲੀ ਪੰਜਾਬੀ, ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨੂੰ ਉਤਸ਼ਾਹਿਤ ਕਰਨਾ ਹੈ। ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਅਤੇ ਪੰਜਾਬੀ ਸੱਭਿਆਚਾਰ ਦੇ ਵਿਰਸੇ ਨੂੰ ਸੰਭਾਲਣ ਲਈ ਇਹ ਸਭ ਤੋਂ ਵਧੀਆ ਪਲੇਟ ਫਾਰਮ ਹੈ। ਮੇਰਾ ਮੰਨਣਾ ਹੈ ਕਿ ਹਰ ਕੋਈ ਆਪਣੇ ਤਰੀਕੇ ਨਾਲ ਵਿਲੱਖਣ ਹੈ, ਹਰ ਕੋਈ ਇੱਕ ਕੀਮਤੀ ਹੀਰਾ ਹੈ। ਤੁਹਾਨੂੰ ਬੱਸ ਉਸ ਹੀਰੇ ਨੂੰ ਨਿਖਾਰਨ ਦੀ ਲੋੜ ਹੈ।”

—————————————————————————-

ਪੰਜਾਬ ਸਰਕਾਰ ਲੋਕਾਂ ਤੇ ਨਵੇਂ ਤੋਂ ਨਵਾਂ ਬੋਝ ਪਾਉਣਾ ਬੰਦ ਕਰੇ -ਮਨਜੀਤ ਧਨੇਰ

2 ਪ੍ਰਤੀਸ਼ਤ ਮੁਖਤਿਆਰਨਾਮਾ ਫੀਸ ਦਾ ਬੋਝ ਕਿਸਾਨਾਂ ਤੇ ਮਜਦੂਰਾਂ ਦਾ ਕਚੂੰਬਰ ਕੱਢ ਦੇਵੇਗਾ -ਹਰਨੇਕ ਮਹਿਮਾ

  ਚੰਡੀਗੜ੍ਹ / ਜੂਨ 2023/ ਭਵਨਦੀਪ ਸਿੰਘ ਪੁਰਬਾ

       ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਪੰਜਾਬ ਸਰਕਾਰ ਵੱਲੋਂ ‘ਪਾਵਰ ਆਫ ਅਟਾਰਨੀ’ (ਮੁਖਤਿਆਰਨਾਮਾ) ਦੇਣ ਲਈ ਜਾਇਦਾਦ ਦੀ ਕੀਮਤ ਦਾ ਦੋ ਪ੍ਰਤੀਸ਼ਤ ਅਸ਼ਟਾਮ ਫੀਸ ਲਾਉਣ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਪਹਿਲਾਂ ਪਾਵਰ ਆਫ਼ ਅਟਾਰਨੀ ਦਾ ਰੇਟ ਫਿਕਸ ਸੀ, ਚਾਹੇ ਪ੍ਰਾਪਟੀ ਦੀ ਕੀਮਤ ਕੁੱਝ ਵੀ ਹੋਵੇ। ਬਹੁਤ ਸਾਰੇ ਸੌਦੇ ਬਿਆਨੇ ਤੋਂ ਬਾਅਦ ਮੁਖਤਿਆਰਨਾਮੇ ਦੇ ਅਧਾਰ ਤੇ ਅੱਗੇ ਤੋਂ ਅੱਗੇ, ਥਰਡ ਪਾਰਟੀ ਨੂੰ ਹੋ ਜਾਂਦੇ ਸਨ।  ਹੁਣ ਖ਼ੂਨ ਦੇ ਰਿਸ਼ਤੇ ਵਿੱਚ ਪਾਵਰ ਆਫ਼ ਅਟਾਰਨੀ ਮੁਫ਼ਤ ਕਰ ਦਿੱਤੀ ਹੈ, ਵੈਸੇ ਖੂਨ ਦੇ ਰਿਸ਼ਤੇ ਵਿੱਚ ਪਹਿਲਾਂ ਵੀ ਰਜਿਸਟਰੀ ਮੁਫ਼ਤ ਹੀ ਹੈ। ਪਰ ਖੂਨ ਦੇ ਰਿਸ਼ਤੇ ਤੋਂ ਬਿਨ੍ਹਾਂ ਹੋਰ ਕਿਸੇ ਨੂੰ ਪਾਵਰ ਆਫ਼ ਅਟਾਰਨੀ ਦੇਣ ਲਈ ਹੁਣ ਜਾਇਦਾਦ ਦੀ ਕੁੱਲ ਕੀਮਤ ਤੇ 2 ਪ੍ਰਤੀਸ਼ਤ ਅਸ਼ਟਾਮ ਫੀਸ ਲੱਗੇਗੀ।  ਜੇ ਕਿਸੇ ਨੇ ਇਕ ਕਰੋੜ ਰੁਪਏ ਦੇ ਮੁੱਲ ਦੇ ਪੰਜ ਕਿੱਲਿਆਂ ਦੀ ਪਾਵਰ ਆਫ਼ ਅਟਾਰਨੀ ਲੈਣੀ ਹੈ ਤਾਂ ਦੋ ਲੱਖ ਰੁਪਏ ਦੇ ਅਸਟਾਮ ਲਾਉਣੇ ਪੈਣਗੇ । ਪਹਿਲਾਂ ਇਹ ਕੰਮ ਦੋ ਚਾਰ ਹਜ਼ਾਰ ਨਾਲ ਹੋ ਜਾਂਦਾ ਸੀ।
ਇਸ ਤੋਂ ਅੱਗੇ ਰਜਿਸਟਰੀ ਕਰਵਾਉਣ ਵੇਲੇ ਇੰਤਕਾਲ ਕਰਾਉਣ ਲਈ, ਮਾਲਕ ਤੋਂ ਪਾਵਰ ਆਫ਼ ਅਟਾਰਨੀ ਲੈਂਦੇ ਹਾਂ, ਇਸ ਤੇ ਵੀ ਰਜਿਸਟਰੀ ਦਾ ਦੋ ਪ੍ਰਤੀਸ਼ਤ ਹੋਰ ਵਾਧੂ ਖਰਚਾ ਲੱਗੇਗਾ।  ਇਸੇ ਤਰਾਂ ਜਾਇਦਾਦ ਬੈੰਕ ਕੋਲ ਗਿਰਵੀ ਕਰਕੇ ਕਰਜ਼ਾ ਲੈਣਾ ਹੋਵੇ ਤਾਂ ਬੇੈੰਕ ਪਾਵਰ ਆਫ਼ ਅਟਾਰਨੀ ਦੀ ਜਗ੍ਹਾ 1000 ਰੁਪਏ ਦੇ ਖਾਲੀ ਅਸ਼ਟਾਮ ਲ਼ੈ ਲੈਂਦੀ ਸੀ, ਹੁਣ ਜੇਕਰ ਤੁਸੀਂ ਇਕ ਕਰੋੜ ਰੁਪਏ ਦੇ ਮੁੱਲ ਦੀ ਜਾਇਦਾਦ ਤੇ ਵੀਹ ਲੱਖ ਲੋਨ ਲੈਣਾ ਹੈ ਤਾਂ ਬੇੈਂਕ ਦੋ ਲੱਖ ਦੇ ਅਸ਼ਟਾਮ ਮੰਗੇਗਾ, ਮਤਲਬ ਵੀਹ ਲੱਖ ਦੇ ਕਰਜ਼ੇ ਵਿੱਚੋਂ ਕਿਸਾਨ ਦੇ ਪੱਲੇ ਅਠਾਰਾਂ ਲੱਖ ਵੀ ਨਹੀਂ ਪਵੇਗਾ। ਇਹ ਪਹਿਲਾਂ ਹੀ ਕਰਜ਼ੇ ਦੀ ਭੰਨੀ ਕਿਸਾਨੀ ਲਈ ਮਾਰੂ ਸਾਬਤ ਹੋਵੇਗਾ। ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਡੀਜ਼ਲ ਅਤੇ ਪੈਟਰੋਲ ਤੇ ਇੱਕ ਰੁਪਏ ਪ੍ਰਤੀ ਲੀਟਰ ਸੈੱਸ ਲਾ ਕੇ ਲੋਕਾਂ ਤੇ ਕਰੋੜਾਂ ਰੁਪਏ ਦਾ ਬੋਝ ਪਾ ਚੁੱਕੀ ਹੈ।

              ਪੈਨਸ਼ਨ ਲੈਣ ਵਾਲਿਆਂ ਤੇ ਦੋ ਸੌ ਰੁਪਏ ਪ੍ਰਤੀ ਮਹੀਨਾ ਵਿਕਾਸ ਟੈਕਸ ਲਾ ਦਿੱਤਾ ਹੈ। ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ਲੋਕਾਂ ਨੂੰ ਇਸ ਤਰ੍ਹਾਂ ਦੇ ਬਦਲਾਅ ਦੀ ਕੋਈ ਲੋੜ ਨਹੀਂ ਹੈ। ਉਹਨਾਂ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਦੋ ਦੋ ਸਫਿਆਂ ਦੇ ਇਸ਼ਤਿਹਾਰ ਆਪਣੇ ਮਸ਼ਹੂਰੀ ਪ੍ਰਚਾਰ ਲਈ ਦੇ ਕੇ ਕਰੋੜਾਂ ਰੁਪਏ ਦੀ ਫ਼ਜ਼ੂਲ ਖਰਚੀ ਕਰ ਰਹੀ ਹੈ, ਦੂਜੇ ਪਾਸੇ ਲੋਕਾਂ ਤੇ ਨਜਾਇਜ਼ ਬੋਝ ਪਾਇਆ ਜਾ ਰਿਹਾ ਹੈ।
ਆਗੂਆਂ ਨੇ ਇਹ ਟੈਕਸ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ।

———————————————————————– 

ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਰਾਮ ਸਿੰਘ ਪੁਰਾ ਦੇ ਵਿੱਚ ਮਨਾਏ ਸ਼ਹੀਦੀ ਦਿਹਾੜੇ ਤੇ ਆਇਆਂ ਸੰਗਤਾਂ ਦਾ ਹੜ੍ਹ

ਰਾਮ ਸਿੰਘ ਪੁਰਾ (ਰਾਜਸਥਾਨ) / ਭਵਨਦੀਪ ਸਿੰਘ ਪੁਰਬਾ 

            ਮਾਲਵੇ ਦਾ ਪ੍ਰਸਿੱਧ ਅਤੇ ਪਵਿੱਤਰ ਇਤਿਹਾਸਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਚੰਦ ਪਰਾਣਾ ਜੋ ਦੇਸ਼ਾਂ ਵਿਦੇਸ਼ਾਂ ਵਿਚ ਵੱਸਦੀਆਂ ਸੰਗਤਾਂ ਦੇ ਲਈ ਸ਼ਰਧਾ ਦਾ ਕੇਂਦਰ ਬਣ ਚੁੱਕਾ ਹੈ, ਉਥੇ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਦੇ ਅਸ਼ੀਰਵਾਦ ਦੇ ਨਾਲ ਰਾਮ ਸਿੰਘ ਪੁਰਾ ਰਾਜਸਥਾਨ 56 ਜੀ.ਬੀ. ਜ਼ਿਲ੍ਹਾ ਗੰਗਾਨਗਰ ਦੇ ਵਿਚ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਜੋ ਉਥੋਂ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਨਿਰਮਾਣ ਅਧੀਨ ਹੈ। ਇਥੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਦੇ ਅਖੰਡ ਪਾਠਾਂ ਦੀਆਂ ਲੜੀਆਂ ਦੇ ਭੋਗ ਪਾਏ ਗਏ। ਸਮਾਗਮ ਦੌਰਾਨ ਰਾਤਰੀ ਦੀਵਾਨ ਤੋਂ ਇਲਾਵਾ ਦਿਨ ਦੇ ਹੋਏ ਗੁਰਮਤਿ ਸਮਾਗਮ ਦੇ ਵਿਚ ਸੰਗਤਾਂ ਦੇ ਇਕੱਠ ਨੇ ਇਹ ਸਾਬਤ ਕੀਤਾ ਕਿ ਰਾਜਸਥਾਨ ਦੇ ਵਿਚ ਵੀ ਸੰਗਤਾਂ ਵੀ ਉਵੇਂ ਹੀ ਪੁੱਜ ਰਹੀਆਂ ਹਨ ਜਿਵੇਂ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਚੰਦ ਪੁਰਾਣਾ ਪੰਜਾਬ ਦੇ ਵਿਚ ਪੁੱਜ ਰਹੀਆਂ ਹਨ। ਇਥੇ ਪਹਾੜੀ ਦੇ ਰੂਪ ਵਿਚ ਬਣੀ ਬਾਬਾ ਫ਼ਰੀਦ ਜੀ ਦੀ ਜਗਾ ਤੇ ਰਾਜਸਤਾਨ ਦੀਆਂ ਸੰਗਤਾਂ ਨੇ ਲਾਈਨ ਵਿਚ ਮੱਥਾ ਟੇਕਿਆ। ਇਸ ਤੋਂ ਇਲਾਵਾ ਸੰਗਤਾਂ ਨੂੰ ਦਰਬਾਰ ਵਿਚ ਵੀ ਲਾਈਨ ਲਗਾ ਕੇ ਮੱਥਾ ਟੇਕਣਾ ਪਿਆ।

          ਸਜੇ ਹੋਏ ਧਾਰਮਕ ਦੀਵਾਨ ਵਿਚ, ਸੰਤ ਬਾਬਾ ਗੁਰਦਿਆਲ ਸਿੰਘ ਟਾਂਡੇ ਵਾਲੇ,ਭਾਈ ਇਕਬਾਲ ਸਿੰਘ ਲੰਗੇਆਣਾ ਤੋਂ ਇਲਾਵਾ ਕਵਿਸਰੀ ਜਥਾ ਭਾਈ ਕੇਵਲ ਸਿੰਘ ਮਹਿਤਾ, ਭਾਈ ਗੁਰਪਰੇਮ ਸਿੰਘ ਜੀ ਖਾਲਸਾ ਰੋਡਿਆਂਵਾਲਿਆਂ ਨੇ ਗੁਰੂ ਜਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਬਾਬਾ ਗੁਰਦੀਪ ਸਿੰਘ ਜੀ ਮੁੱਖ ਸੇਵਾਦਾਰ ਨੇ ਕਿਹਾ ਕਿ ਅੱਜ ਜੋ ਸੰਗਤਾਂ ਦਾ ਭਾਰੀ ਇਕੱਠ ਹੋਇਆ ਹੈ ਉਸ ਨੂੰ ਕੰਟਰੋਲ ਕਰਨ ਦੇ ਵਿਚ ਪ੍ਰਬੰਧਕਾਂ ਨੇ ਵੀ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾਂ ਆਖਿਆ ਕਿ ਜਿਹੜੇ ਮਹਾਂਪੁਰਖ ਨਾਮ ਸਿਮਰਨ ਦੀ ਕਮਾਈ ਵਾਲੇ ਹੁੰਦੇ ਹਨ। ਉਨ੍ਹਾਂ ਦੀ ਯਾਦ ਵਿੱਚ ਅਜਿਹੇ ਪਵਿੱਤਰ ਇਤਿਹਾਸਕ ਅਸਥਾਨ ਬਣਾਏ ਜਾਂਦੇ ਹਨ। ਸ਼ਹੀਦ ਬਾਬਾ ਤੇਗਾ ਸਿੰਘ ਵੀ ਨਾਮ ਸਿਮਰਨ ਵਾਲੇ ਮਹਾਂਪੁਰਸ਼ ਸਨ ਜਿਨ੍ਹਾਂ ਦੀ ਯਾਦ ਵਿਚ ਗੁਰੂ ਘਰ ਦਾ ਨਿਰਮਾਣ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੋ ਸਤਿਗੁਰ ਦੇ ਦਿੱਤੇ ਉਪਦੇਸ਼ ਤੇ ਚਲਦੇ ਹਨ ਉਹੀ ਨਾਮ ਜਪਣ ਦੀ ਕਾਰ ਕਮਾ ਰਹੇ ਹੁੰਦੇ ਹਨ ਤੇ ਉਹਨਾਂ ਦੀ ਇਹ ਘਾਲ ਥਾਂਇ ਪੈਂਦੀ ਹੈ।

        ਇਸ ਮੌਕੇ ਵੱਖ-ਵੱਖ ਚਾਹ ਪਕੌੜੇ ਜਲੇਬੀਆਂ ਦੇ ਲੰਗਰ ਵੀ ਲਗਾਏ ਗਏ। ਰਾਜਸਥਾਨ ਦੀਆਂ ਸੰਗਤਾਂ ਨੇ ਬੜੇ ਉਤਸ਼ਾਹ ਨਾਲ ਇਨ੍ਹਾਂ ਧਾਰਮਿਕ ਸਥਾਨਾਂ ਦੇ ਵਿਚ ਹਾਜ਼ਰੀ ਭਰੀ। ਰਾਜਸਥਾਨ ਦੇ ਨੌਜਵਾਨਾਂ ਨੇ ਬੜੀ ਸ਼ਰਧਾ ਦੇ ਨਾਲ ਸੇਵਾ ਕੀਤੀ। ਇਸ ਮੌਕੇ ਸਰਪੰਚ ਭਗਵਾਨ ਸਿੰਘ ਰਾਮ ਸਿੰਘਪੁਰਾ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭਗੇਰੀਆ,  ਉੱਥੋਂ ਦੇ ਐਮ ਐਲ ਏ ਵੀ ਹਾਜ਼ਰ ਸਨ। ਇਸ ਮੌਕੇ ਪੈਰਾਸ਼ੂਟ ਰਾਹੀਂ ਫੁੱਲਾਂ ਦੀ ਵਰਖਾ ਵੀ ਕੀਤੀ ਗਈ।

———————————————————————-

 ਬ੍ਰਿਟੇਨੀਆਂ ਦੇ ਵੈਜੀਟੇਰੀਅਨ ਬਿਸਕੁੱਟ ਵਿੱਚੋਂ ਨਿਕਲਿਆ ਮਰਿਆ ਜੀਵ

ਇਹ ਘਟਣਾ ਫੂਡ ਸੈਫਟੀ ਅਦਾਰਿਆ ਤੇ ਵੀ ਪ੍ਰਸ਼ਨ ਚਿੰਨ 

ਭਵਨੇਸ਼ਵਰ/ ਭਵਨਦੀਪ ਸਿੰਘ ਪੁਰਬਾ

                  ਅਸੀਂ ਸੋਚਦੇ ਹਾਂ ਕਿ ਚੰਗੀਆਂ ਕੰਪਨੀਆਂ ਦਾ ਸਮਾਨ ਬਹੁੱਤ ਵਧੀਆਂ ਹੁੰਦਾ ਹੈ ਪਰ ਬਿਸਕੁੱਟ ਬਣਾਉਣ ਵਾਲੀ ਇੱਕ ਨਾਮਵਰ ਕੰਪਨੀ ਜਿਸ ਦੇ ਵੈਜੀਟੇਰੀਅਨ ਬਿਸਕੁੱਟ ਵਿਚੋਂ ਮਰਿਆ ਜੀਵ ਨਿਕਲ ਆਉਣਾ ਬਹੁੱਤ ਹੈਰਾਨੀ ਜਨਕ ਗੱਲ ਹੈ।

                 ਬੀਤੇ ਦਿਨੀ ਭਵਨੇਸ਼ਵਰ ਦੇ ਮੈਡਮ ਅੰਜੂ ਜਤਾਨੀਆਂ ਵੱਲੋਂ ‘ਮਹਿਕ ਵਤਨ ਦੀ ਲਾਈਵ’ ਬਿਓਰੋ ਕੁੱਝ ਫੋਟੋ ਤੇ ਅਹਿਮ ਜਾਣਕਾਰੀ ਭੇਜੀ ਗਈ ਜਿਸ ਅਨੁਸਾਰ ਬਿਸਕੁੱਟ ਬਣਾਉਣ ਵਾਲੀ ਇੱਕ ਨਾਮਵਰ ਕੰਪਨੀ ਬ੍ਰਿਟੇਨੀਆਂ ਦੇ ਵੈਜੀਟੇਰੀਅਨ ਬਿਸਕੁੱਟ ‘ਬ੍ਰਿਟੇਨੀਆਂ ਨਿਉਟਰੀ ਚੁਆਇਸ’ ਵਿੱਚੋਂ ਇੱਕ ਮਰਿਆ ਹੋਇਆ ਜੀਵ ਨਿਕਲਣ ਦੀ ਪੁਸਟੀ ਕੀਤੀ ਗਈ ਹੈ। ਮੈਡਮ ਅੰਜੂ ਜਤਾਨੀਆਂ ਨੇ ਕਿਹਾ ਕਿ ਸਾਡੇ ਕੋਲ ਇਸ ਦੇ ਸਬੂਤ ਮੌਜੂਦ ਹਨ ਜਿਸ ਵਿੱਚ ਇਹ ਸਪਸਟ ਹੈ ਕਿ ਵੈਜੀਟੇਰੀਅਨ ਬਿਸਕੁੱਟ ‘ਬ੍ਰਿਟੇਨੀਆਂ ਨਿਉਟਰੀ ਚੁਆਇਸ’ ਵਿੱਚੋਂ ਇੱਕ ਮਰਿਆ ਹੋਇਆ ਜੀਵ ਨਿਕਲਿਆ ਹੈ।

                ਉਨ੍ਹਾਂ ਕਿਹਾ ਕਿ ਵੈਜੀਟੇਰੀਅਨ ਬਿਸਕੁੱਟ ਵਿਚੋਂ ਮਰਿਆ ਜੀਵ ਨਿਕਲ ਬਹੁੱਤ ਹੀ ਮੰਦਭਾਗੀ ਗੱਲ ਹੈ, ਸਰਕਾਰ ਨੂੰ ਅਤੇ ਬਿਸਕੁੱਟ ਤੇ ਹੋਰ ਖਾਣ-ਪੀਣ ਦਾ ਸਮਾਨ ਬਣਾਉਣ ਵਾਲੀਆ ਕੰਪਨੀਆ ਨੂੰ ਇਸ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ। ਨਾਮਵਰ ਕੰਪਨੀਆ ਇਸ ਵੱਲ ਨਾ ਧਿਆਨ ਦੇ ਸ਼ਾਕਾਹਾਰੀ ਭੋਜਨ ਖਾਣ ਵਾਲੇ ਵਿਅਕਤੀਆਂ ਦੀ ਧਾਰਮਿਕ ਸ਼ਰਧਾ ਨੂੰ ਠੇਸ ਤਾਂ ਪਹੁੰਚਾਉਦੀਆਂ ਹੀ ਹਨ ਨਾਲ ਹੀ ਇਹ ਘਟਣਾ ਫੂਡ ਸੈਫਟੀ ਅਦਾਰਿਆ ਤੇ ਵੀ ਪ੍ਰਸ਼ਨ ਚਿੰਨ ਹਨ।

==========================================