ਮੇਰੀਆ ਮੁਲਾਕਾਤਾ

Facebookmail

(ਪੁਰਾਣੀਆਂ ਯਾਦਾ)

ਸੂਫੀਆਨਾ ਗਾਇਕੀ ਦਾ ਵਗਦਾ ਦਰਿਆ : ਬਰਕਤ ਸਿੱਧੂ

News = Barkat Sidhu No More (1)

-ਭਵਨਦੀਪ ਸਿੰਘ ਪੁਰਬਾ

ਬਰਕਤ ਸਿੱਧੂ ਨਾਮ ਹੈ ਉਸ ਸ਼ਖਸੀਅਤ ਦਾ ਜਿਸ ਦੀ ਗਾਇਕੀ ਹੀ ਉਸ ਲਈ ਖੁਦਾ ਹੈ ਅਤੇ ਸੁਭਾ ਵੇਲੇ ਦਾ ਰਿਆਜ ਹੀ ਉਸ ਦੀ ਨਿਮਾਜ ਹੈ ਉਸ ਨੇ ਛੋਟੇ ਹੁੰਦਿਆਂ ਹੀ ਸੰਗੀਤ ਦੀ ਵਰਨਮਾਲਾ ਨੂੰ ਆਪਣੇ ਦਿਮਾਗ ਅੰਦਰ ਬਿਠਾ ਲਿਆ ਸੀ। ਜਦੋਂ ਬਰਕਤ ਗਾਉਂਦਾ ਹੈ ਤਾਂ ਦਰਿਆ ਦਾ ਪਾਣੀ ਕਲੋਲਾਂ ਕਰਨਾ ਭੁੱਲ ਜਾਂਦਾ ਹੈ। ਉਡੇ ਜਾਂਦੇ ਪੰਛੀਆਂ ਦੀ ਪਰਵਾਜ ਰੁੱਕ ਜਾਂਦੀ ਹੈ।
ਚਾਹੇ ਆਰਥਿਕ ਤੰਗੀ ਨੇ ਬਰਕਤ ਨੂੰ ਬਹੁਤ ਸਤਾਇਆ। ਉਸ ਤੇ ਜਵਾਨੀ ਨਹੀਂ ਆਈ ਪਰ ਉਸ ਦੇ ਮਨ ਵਿਚ ਵੀ ਕੋਠੀਆਂ ਕਾਰਾਂ ਦਾ ਚਾਅ ਸੀ। ਇਨ•ਾਂ ਚਾਵਾਂ ਨੂੰ ਪੂਰਾ ਕਰਨ ਲਈ ਉਸ ਨੇ 8.M.V. ਨਾਮਕ ਕੰਪਨੀ ਵਿਚ ”ਘਰੇ ਆਉਣ ਨਾ ਦਿੰਦੀਆਂ ਰੰਨਾ ਕਸ਼ਮੀਰ ਦੀਆਂ” ਨਾਮ ਦਾ ਤਵਾ ਰਿਕਾਰਡ ਕਰਵਾਇਆ। ਪਰ ਸਰੋਤਿਆਂ ਨੇ ਉਸਦੀ ਗਾਇਕੀ ਨੂੰ ਕਬੂਲ ਨਾ ਕੀਤਾ। ਉਸ ਦੀਆਂ ਸਧਰਾਂ ਅਧੂਰੀਆਂ ਰਹਿ ਗਈਆਂ। ਜਦ ਰੇਡੀਓ, ਟੀ.ਵੀ. ਦਾ ਜ਼ਮਾਨਾ ਆਇਆ ਤਾਂ ਬਰਕਤ ਦੀ ਕਲਾ ਦਾ ਥੋੜ•ਾ ਬਹੁਤਾ ਮੁੱਲ ਪੈਣ ਲੱਗਾ। ਇਨ•ਾਂ ਦੇ ਜਰੀਏ ਬਰਕਤ ਨੂੰ ਪ੍ਰੋਗਰਾਮ ਮਿਲਣ ਲੱਗੇ ਜਿਸ ਕਾਰਨ ਉਸ ਦੀ ਕਬੀਲਦਾਰੀ ਦੀ ਗੱਡੀ ਰਿੜਣ ਲੱਗੀ। ਬਰਕਤ ਸਿੱਧੂ ਤੇ ਬਹੁਤ ਝੱਖੜ ਝੁਲੇ ਪਰ ਉਸ ਨੇ ਹਮੇਸ਼ਾ ਗਾਇਕੀ ਨਾਲ ਮਾਂ-ਪੁੱਤ ਵਾਲੀ ਸਾਂਝ ਰੱਖੀ। ਪਹਿਲਾਂ ਤਾਂ ਗਾਇਕੀ ਦਾ ਇਹ ਵੱਗਦਾ ਦਰਿਆ ਅੱਖੋਂ ਉਹਲੇ ਰਿਹਾ। ਪਰ ਹੋਲੀ-ਹੋਲੀ ਕਦਰਦਾਨਾਂ ਨੇ ਬਰਕਤ ਸਿੱਧੂ ਨੂੰ ਆਪਣੀਆਂ ਪਲਕਾਂ ਤੇ ਬਿਠਾ ਲਿਆ। ਅੱਜ ਬਰਕਤ ਸਿੱਧੂ ਨੂੰ ਕੌਣ ਨਹੀਂ ਜਾਣਦਾ। ਉਹ ਕਿਸੇ ਜਾਣ-ਪਹਿਚਾਣ ਦਾ ਮੁਹਤਾਜ ਨਹੀਂ। ਅੱਜ ਹਰੇਕ ਗਾਇਕ ਵੀ ਬਰਕਤ ਸਿੱਧੂ ਜੀ ਦਾ ਨਾਮ ਬੜੇ ਗੂੜੇ ਪਿਆਰ ਨਾਲ ਲੈਂਦਾ ਹੈ।
ਮੈਨੂੰ ਇਕ ਦਿਨ ਬਰਕਤ ਸਿੱਧੂ ਜੀ ਨਾਲ ਗੱਲਬਾਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਮੈਂ ਤੇ ਮੇਰੇ ਦੋ ਦੋਸਤ ਅਸੀਂ ਉਨ•ਾਂ ਦੇ ਘਰ ਗਏ। ਉੱਥੇ ਅਸੀਂ ਕਾਫੀ ਲੰਮਾਂ ਸਮਾਂ ਬਰਕਤ ਸਿੱਧੂ ਜੀ ਨਾਲ ਗੱਲਬਾਤ ਕਰਦੇ ਰਹੇ। ਉਨ•ਾਂ ਨਾਲ ਕੀਤੀ ਗੱਲਬਾਤ ਵਿਚੋਂ ਕੁਝ ਅੰਸ਼ ਪਾਠਕਾਂ ਲਈ :
? ਬਰਕਤ ਜੀ ਸਭ ਤੋਂ ਪਹਿਲਾਂ ਆਪਣੇ ਪਿਛੋਕੜ ਬਾਰੇ ਚਾਨਣਾ ਪਾਓ?
– ਮੇਰਾ ਜਨਮ 1939 ਵਿਚ ਪਿਤਾ ਸ੍ਰੀ ਲਾਲ ਚੰਦ ਦੇ ਘਰ ਮਾਤਾ ਪਠਾਣੀ ਦੀ ਕੁੱਖੋਂ ਹੋਇਆ। ਮੇਰਾ ਜੱਦੀ ਪਿੰਡ ਗੜਾ ਹੈ, ਸੁਲਤਾਨਪੁਰ ਦੇ ਕੋਲ। ਮੇਰਾ ਬਚਪਨ ਉੱਥੇ ਹੀ ਬੀਤਿਆ। ਉਨ•ਾਂ ਸਮਿਆਂ ਵਿਚ ਫਲੱਡ ਬਹੁਤ ਆਉਂਦੇ ਸਨ। ਇਕ ਵਾਰ ਫਲੱਡ ਆ ਗਿਆ। ਜਿਸ ਕਾਰਨ ਅਸੀਂ ਨਾਨਕੇ ਪਿੰਡ ਸ਼ਾਹਕੋਟ ਆ ਕੇ ਰਹਿਣ ਲੱਗ ਪਏ।
? ਤੁਹਾਡੇ ਗਾਇਕੀ ਦੇ ਸ਼ੌਕ ਨੇ ਕਦੋਂ ਅੰਗੜਾਈ ਲਈ?
– ਜਦੋਂ ਅਸੀਂ ਨਾਨਕੇ ਪਿੰਡ ਆ ਕੇ ਰਹਿਣ ਲੱਗੇ ਤਾਂ ਮੇਰੇ ਨਾਨਕੇ ਕਵਾਲੀਆਂ ਗਾਇਆ ਕਰਦੇ ਸਨ। ਮੈਂ ਵੀ ਉਨ•ਾਂ ਦੇ ਨਾਲ ਪ੍ਰੋਗਰਾਮਾਂ ਤੇ ਜਾਣ ਲੱਗ ਪਿਆ। ਉਦੋਂ ਬਿਜਲੀ ਨਹੀਂ ਹੁੰਦੀ ਸੀ। ਬੋਤਲ ਵਿਚ ਤੇਲ ਪਾ ਕੇ ਉਸ ਉੱਪਰ ਆਟੇ ਦਾ ਮੂੰਹ ਬਣਾ ਕੇ ਉਸ ਨੂੰ ਜਗ•ਾ ਕੇ ਮੁੰਡਿਆਂ ਨੂੰ ਫੜਾ ਦੇਣੀ ਤੇ ਆਪ ਕਵਾਲੀਆਂ ਗਾਉਣ ਲੱਗ ਪੈਣਾ।
? ਬਰਕਤ ਜੀ ਤੁਹਾਡੇ ਉਸਤਾਦ?
– ਬੇਟੇ, ਮੈਂ ਤਾਂ ਕਹਿਣਾ ਕਿ ਜਿਸ ਨੇ ਉਸਤਾਦ ਨਹੀਂ ਧਾਰਿਆ ਉਸ ਦਾ ਤਾਂ ਰੱਬ ਹੀ ਰਾਖਾ ਹੈ। ਜਦੋਂ ਅਸੀਂ ਕਵਾਲੀਆਂ ਗਾਉਂਦੇ ਸਾਂ ਤਾਂ ਮੇਰੇ ਪਿਤਾ ਜੀ ਨੇ ਸੋਚਿਆ ਕਿ ਮੁੰਡੇ ਵਿਚ ਚੰਗੇ ਗੁਣ ਹਨ। ਜੇਕਰ ਇਸ ਨੂੰ ਕਿਸੇ ਚੰਗੇ ਉਸਤਾਦ ਕੋਲ ਛੱਡ ਦੇਈਏ ਤਾਂ ਇਹ ਕੁਝ ਬਣ ਸਕਦਾ ਹੈ। ਫੇਰ ਮੇਰੇ ਪਿਤਾ ਜੀ ਨੇ ਮੈਨੂੰ ਉਸ ਸਮੇਂ ਦੇ ਮਸ਼ਹੂਰ ਉਸਤਾਦ ਸ਼ਾਸਤਰੀ ਸੰਗੀਤ ਦੇ ਧਨੀ ਜਨਾਬ ਕੇਸਰ ਚੰਦ ਜੀ ਨਕੋਦਰ ਵਾਲਿਆਂ ਪਾਸ ਛੱਡ ਦਿੱਤਾ। ਉਸਤਾਦ ਨੇ ਸਾਨੂੰ ਪਹਿਲਾ ”ਜਾਗ-ਜਾਗ ਅਬ ਨੰਦ ਦੁਲਾਰੇ, ਬੋਰ ਭਈ ਚਿੜੀਆਂ ਚਹਿ ਚੁਲਾਰੇ।” ਤੀਨ ਤਾਲ ਵਿਚ ਕਰਵਾਇਆ ਅਤੇ ਇਸ ਤੋਂ ਬਾਅਦ ”ਕੱਚੀ ਕਲੀ ਤੇ ਨਾਜੁਕ ਦਿਲ ਮੇਰਾ, ਕਾਲੀ ਕੰਘੀ ਨਾਲ ਵਾਲ ਮੈਂ ਵਾਉਣੀ, ਸੋਹਣਿਆ ਘੋੜੀ ਵਾਲਿਆ ਰਾਹੀਆ ਆਦਿ ਅਨੇਕਾਂ ਚੀਜ਼ਾਂ ਸਖਾਈਆਂ।
? ਬਰਕਤ ਜੀ, ਤੁਸੀਂ ਉਦੋਂ ਦੀ ਉਸਤਾਦੀ ਸ਼ਗਿਰਦੀ ਅਤੇ ਹੁਣ ਦੀ ਉਸਤਾਦੀ ਸ਼ਗਿਰਦੀ ਵਿਚ ਕੀ ਫਰਕ ਮਹਿਸੂਸ ਕਰਦੇ ਹੋ?
– ਬਹੁਤ ਜ਼ਿਆਦਾ ਫਰਕ ਪੈ ਗਿਆ ਉਦੋਂ ਦੀ ਅਤੇ ਹੁਣ ਦੀ ਉਸਤਾਦੀ ਸ਼ਗਿਰਦੀ ਵਿਚ। ਉਦੋਂ ਅਸੀਂ ਸਿਰ ਤੇ ਬਾਜਾਂ ਰੱਖ ਕੇ ਉਸਤਾਦ ਕੋਲ ਜਾਣਾ। ਜਦੋਂ ਅਸੀਂ ਉਨ•ਾਂ ਦੇ ਬਾਰ ਵਿਚ ਪਹੁੰਚ ਜਾਂਦੇ ਸੀ ਤਾਂ ਸਾਡੀਆਂ ਲੱਤਾਂ ਕੰਬਣ ਲੱਗ ਪੈਂਦੀਆਂ ਸਨ। ਅਸੀਂ ਜਾ ਕੇ ਬੋਰੀ ਤੇ ਬੈਠਣਾ ਤੇ ਫੇਰ ਉਨ•ਾਂ ਨੇ ਸਾਨੂੰ ਰਾਗਾ ਬਾਰੇ ਜਾਣਕਾਰੀ ਦੇਣੀ। ਉਦੋਂ ਸਾਰੇ ਸ਼ਗਿਰਦ ਸਿਰਫ ਇਕ ਗੁਰੂ ਦੇ ਬਣਕੇ ਰਹਿੰਦੇ ਸਨ ਤੇ ਹੁਣ ਤੇ ਕਦੇ ਕਿਸੇ ਕੋਲ ਅਤੇ ਕਦੇ ਕਿਸੇ ਕੋਲ। ਨਾ ਪਹਿਲਾਂ ਵਾਲੇ ਗੁਰੂ ਰਹੇ ਹਨ ਅਤੇ ਨਾ ਪਹਿਲਾਂ ਵਾਲੇ ਸ਼ਗਿਰਦ।
? ਅੱਜ ਦੇ ਸ਼ਗਿਰਦਾਂ ਬਾਰੇ ਕੀ ਕਹੋਗੇ ਜਿਹੜੇ ਕਦੇ ਕਿਸੇ ਕੋਲ ਅਤੇ ਕਿਸੇ ਕੋਲ ਤੁਰੇ ਫਿਰਦੇ ਹਨ।
– ਮੈਂ ਤਾਂ ਜੀ ਬੱਸ ਇਹੋ ਕਹਾਂਗਾ।

ਦਰ ਦਰ ਦੀ ਦੁਰ ਦੁਰ ਨਾਲੋਂ,
ਤੂੰ ਬਣਜਾ ਇਕ ਦਰ ਦਾ।
ਇਸ ਦਰ ਦਾ ਹੈ ਉਹ ਦਰ ਦਾਮਨ,
ਜਿਸ ਦਰ ਦਾ ਤੂੰ ਬਰਦਾ।
ਬੁਲੇ ਸ਼ਾਹ ਜੇ ਫਿਰੇ ਤੂੰ ਦਰ-ਦਰ
ਸਾਹਿਬ ਮਾਫ਼ ਨਹੀਂ ਕਰਦਾ।
? ਬਰਕਤ ਜੀ ਤੁਸੀਂ ਪੜਾਈ ਲਿਖਾਈ ਕਿੱਥੋਂ ਤੱਕ ਕੀਤੀ ਹੈ?
– ਮੈਂ ਸਕੂਲ ਨਹੀਂ ਗਿਆ। ਮੈਂ ਤਾਂ ਘਰੇ ਹੀ ਸੁਆਹ ਖਿਲਾਰ ਲੈਣੀ ਤੇ ਉਸ ਤੇ ਹੀ ਵੱਡੇ-ਵੱਡੇ ਅੱਖਰ ਲਿਖਣੇ। ਪਹਿਲਾਂ ਇਕ ਮਹੀਨਾ ਘਰੇ ਪੈਂਤੀ (35) ਸਿਖੀ ਫੇਰ ਹਿੰਦੀ ਤੇ ਉਸ ਤੋਂ ਬਾਅਦ ਉਰਦੂ।
? ਬਰਕਤ ਜੀ, ਆਪਣੇ ਪਰਿਵਾਰ ਬਾਰੇ ਵੀ ਦੱਸੋ?
– ਮੇਰਾ ਵਿਆਹ ਮੋਗੇ ਦੇ ਨਾਲ ਲੱਗਦੇ ਪਿੰਡ ਤਾਰੇਵਾਲਾ ਵਿਖੇ ਹੋਇਆ। ਮੇਰੀ ਪਤਨੀ ਦਾ ਨਾਂ ਹੰਸੋ ਹੈ। ਮੇਰੇ ਤਿੰਨ ਲੜਕੇ ਹਨ ਸੁਰਿੰਦਰ ਸਿੱਧੂ, ਮਹਿੰਦਰ ਪਾਲ ਤੇ ਰਾਜਿੰਦਰ ਲਾਡੀ।
? ਬਰਕਤ ਜੀ ਤੁਹਾਨੂੰ ਰੇਡੀਓ ਤੱਕ ਪਹੁੰਚਣ ਦਾ ਮੋਕਾ ਕਿਵੇਂ ਮਿਲਿਆ?
– ਮੈਨੂੰ ਉਹਨਾਂ ਨੇ ਉੱਥੇ ਬੁਲਾਇਆ ਸੀ। ਮੈਂ ਰੇਡੀਓ ਤੇ ਗਾਉਣ ਲਈ ਕੋਈ ਫਾਰਮ ਨਹੀਂ ਭਰਿਆ। ਮੈਂ ਲਗਾਤਾਰ ਰੇਡੀਓ ਤੇ ਗਾਉਂਦਾ ਰਿਹਾ। ਫੇਰ ਮੈਨੂੰ ਵੱਡੇ ਡਾਇਰੈਕਟਰ ਨੇ ਕਿਹਾ ਕਿ ਤੂੰ ਬਹੁਤ ਵਧੀਆ ਗਾਉਣਾ ਏ। ਉਨ•ਾਂ ਨੇ ਮੇਰੀ ਆਵਾਜ਼ ਰਿਕਾਰਡ ਕਰ ਕੇ ਦਿੱਲੀ ਆਕਾਸ਼ਬਾਣੀ ਨੂੰ ਭੇਜ ਦਿੱਤੀ। ਜਿੱਥੋਂ ਮੈਨੂੰ 1 ਕਲਾਸ ਮਿਲਿਆ।
? ਬਰਕਤ ਜੀ ਤੁਸੀਂ ਸੂਫ਼ੀ ਗਾਇਕੀ ਕਿਉਂ ਜ਼ਿਆਦਾ ਗਾਉਂਦੇ ਹੋ?
– ਵੇਖੋ ਜੀ ਹਜ਼ਰਤ ਵਾਰਸ ਸ਼ਾਹ, ਬੁਲੇ ਸ਼ਾਹ, ਸੈਫਲ ਮਲਕ ਆਦਿ ਪੀਰਾ-ਫਕੀਰਾਂ ਦੇ ਕਲਾਮ ਗਾਉਣ ਨਾਲ, ਨਾਲੇ ਇਬਾਦਤ ਹੋ ਜਾਂਦੀ ਹੈ ਤੇ ਨਾਲ ਹੀ ਗਾਉਣ ਦਾ ਵੀ ਆਨੰਦ ਆਉਂਦਾ ਹੈ।
? ਬਰਕਤ ਜੀ ਤੁਸੀਂ ਪੌਪ ਸੰਗੀਤ ਬਾਰੇ ਕੀ ਕਹਿਣਾ ਚਾਹੋਗੇ?
– ਇਸ ਸਬੰਧੀ ਮੈਂ ਤੁਹਾਨੂੰ ਇਕ ਗੱਲ ਸੁਣਾਉਂਦਾ ਹਾਂ, ਕਹਿੰਦੇ ਹਨ ਕਿ ਇਕ ਬਾਗ ਵਿਚ ਸੁੱਕਾ ਘਾਹ ਪਿਆ ਸੀ। ਜੀਮੀਂਦਾਰ ਨੇ ਉਹ ਘਾਹ ਚੁੱਕ ਕੇ ਆਪਣੇ ਬਲਦ ਨੂੰ ਪਾ ਦਿੱਤਾ। ਸੁੱਕਾ ਘਾਹ ਦੇਖ ਦੇ ਬਲਦ ਖਾਵੇ ਨਾ। ਜੀਮੀਂਦਾਰ ਨੇ ਬਲਦ ਦੇ ਹਰੇ ਘੋਪੇ (ਐਨਕਾਂ) ਲਗਾ ਦਿੱਤੇ। ਬਲਦ ਨੂੰ ਘਾਹ ਹਰਾ ਲੱਗਾ ਤੇ ਉਹ ਖਾਣ ਲੱਗ ਪਿਆ। ਇਸੇ ਤਰ•ਾਂ ਪੋਪ ਗਾਇਕੀ ਹੈ। ਕੁਝ ਚਾਤਰ ਦਿਮਾਗ ਲੋਕਾਂ ਨੇ ਫੋਕ ਗਾਇਕੀ ਵਿਚ ਵਿਦੇਸੀ ਤਰਜਾਂ ਪਾ ਕੇ ਉਸ ਨੂੰ ਪੋਪ ਬਣਾ ਦਿੱਤਾ ਤਾਂ ਕਿ ਲੋਕ ਉਸ ਨੂੰ ਸੁਨਣ ਲੱਗ ਪੈਣ।
? ਬਰਕਤ ਜੀ ਤੁਸੀਂ ਕਾਫੀ ਲੰਮੇ ਸਮੇਂ ਤੋਂ ਬਾਅਦ ਕੈਸਟ ਕਰਵਾਈ ਹੈ ਅਜਿਹਾ ਕਿਉਂ?
– ਕੈਸਟ ਤਾਂ ਜੀ ਮੈਂ ਕਰਵਾਉਣੀ ਨਹੀਂ ਸੀ ਚਾਹੁੰਦਾ, ਕਿਉਂਕਿ ਕੰਪਨੀਆਂ ਵਾਲੇ ਆਪਣੇ ਹਿਸਾਬ ਨਾਲ ਗਵਾਉਣਾ ਚਾਹੁੰਦੇ ਹਨ। ਗੀਤਾਂ ਨੂੰ ਆਪਣੇ ਹਿਸਾਬ ਨਾਲ ਫਲਮਾਉਣਾ ਚਾਹੁੰਦੇ ਹਨ। ਪਰ ਕਿਸੇ ਹੋਰ ਦੇ ਤੌਰ ਤਰੀਕੇ ਨਾਲ ਗਾਵਾਂ। ਮੇਰੇ ਗੀਤਾਂ ਵਿਚ ਕੰਪਨੀਆਂ ਵਾਲੇ ਅਧ-ਨੰਗੀਆਂ ਕੁੜੀਆਂ ਨਚਾਉਣ, ਇਹ ਮੈਨੂੰ ਮਨਜ਼ੂਰ ਨਹੀਂ ਸੀ। ਇਹ ਮੇਰੀ ਜ਼ਮੀਰ ਇਜਾਜ਼ਤ ਨਹੀਂ ਸੀ ਦਿੰਦੀ।
ਹਾਂ, ਫੇਰ ਕੁਝ ਸਮੇਂ ਬਾਅਦ 8.M.V. ਕੰਪਨੀ ਨੇ ਮੇਰੀ ਕੈਸਟ ਕੀਤੀ ਹੈ ”ਸ੍ਵਰ ਉਤਸਵ” ਜਿਨ•ਾਂ ਨੇ ਮੇਰੇ ਉਨਸਾਰ ਕੰਮ ਕੀਤਾ ਹੈ।
? ਬਰਕਤ ਜੀ ਕੀ ਗੀਤ ਦਾ ਫਿਲਮਾਂਕਣ ਜ਼ਰੂਰੀ ਹੈ?
– ਇਹ ਆਪੋ ਆਪਣੀ ਸੋਚ ਹੈ। ਪਰ ਮੇਰੇ ਅਨੁਸਾਰ ਕਲਾਮ ਅੱਛਾ ਹੋਣਾ ਚਾਹੀਦਾ ਹੈ ਫੇਰ ਗੀਤ ਦਾ ਫਿਲਮਾਂਕਣ ਹੋਵੇ ਜਾਂ ਨਾ ਹੋਵੇ ਕੋਈ ਫਰਕ ਨਹੀਂ ਪੈਂਦਾ ਜਿਵੇਂ ਕਿਸੇ ਸ਼ਾਇਰ ਨੇ ਲਿਖਿਆ ਹੈ –
ਤਾਜਦਾਮ ਦੇ ਨਾ ਅਮੀਰਾਂ ਦੇ,
ਦੀਵੇ ਬਲਦੇ ਸਦਾ ਫਕੀਰਾਂ ਦੇ।
? ਬਰਕਤ ਜੀ ਤੁਸੀਂ ਸਾਹਿਤ ਪੜ•ਣ ਦਾ ਸ਼ੌਕ ਵੀ ਰੱਖਦੇ ਓ?
– ਹਾਂ ਜੀ ਮੈਂ ਚੰਗੇ ਸ਼ਾਇਰਾਂ ਦੀਆਂ ਕਿਤਾਬਾਂ ਜਿਵੇਂ ਸ਼ਿਵ ਕੁਮਾਰ ਬਟਾਲਵੀ, ਸੁਰਜੀਤ ਪਾਤਰ, ਅੰਮ੍ਰਿਤਾ ਪ੍ਰੀਤਮ ਅਤੇ ਹੋਰ ਇਸੇ ਤਰ•ਾਂ ਕਈ ਚੰਗੇ ਸ਼ਾਇਰ ਹਨ ਜਿਨ•ਾਂ ਦੀਆਂ ਕਿਤਾਬਾਂ ਮੈਂ ਪੜ•ਦਾ ਹਾਂ।
? ਬਰਕਤ ਜੀ ਤੁਸੀਂ ਆਪ ਵੀ ਸਾਹਿਤ ਰਤਨ ਦਾ ਸ਼ੌਕ ਰੱਖਦੇ ਓ?
– ਹਾਂ ਵਈ! ਮੈਂ ਸੱਸੀ ਲਿੱਖੀ ਹੈ, ਜੇ ਸੱਸੀ ਨੇ ਗੁੱਸਾ ਕੀਤਾ ਤਾਂ ਰੱਬ ਤੇ ਕੀਤਾ। ਉਸ ਵਿਚੋਂ ਤੁਹਾਨੂੰ ਕੁੱਝ ਸਤਰਾਂ ਸੁਣਾਉਂਦਾ ਹਾਂ। ਸੱਸੀ ਕਹਿੰਦੀ ਹੈ –
ਸੱਸੀ ਮੈਂ ਕੀ ਉਮਰਾਂ ਦੀ ਜਾਗਦੀ ਸਾਂ,
ਮੈਥੋਂ ਹੋਈ ਆ ਕੀ ਐਨੀ ਖਤਾ ਰੱਬਾ।
ਤੂੰ ਤੇ ਜਾਗਦਾ ਸੀ ਤੇਰੇ ਵਿਹਦਿਆਂ ਹੀ,
ਲੱਗ ਗਿਆ ਗਰੀਬ ਨੂੰ ਦਾਗ ਰੱਬਾ।
ਮੇਰੇ ਵਾਂਗ ਲੜਦੀ ਕਿਧਰੇ ਅੱਖ ਤੇਰੀ,
ਹੁੰਦਾ ਸੁੱਤਿਆ ਯਾਰ ਜੁਦਾ ਰੱਬਾ।
ਤੂੰ ਵੀ ਜੰਗਲਾਂ ਵਿਚ ਕਰਲਾਪ ਕਰਦਾ
ਬਾਹ ਸਿਰ ਤੋਂ ਉਤਾਹ ਵਧਾ ਰੱਬਾ।
ਇਕ ਥਾਂ ਸੱਸੀ ਆਪਣੀ ਮਾਂ ਨੂੰ ਕਹਿੰਦੀ ਏ…
ਅੰਮਾ ਤੂੰ ਸੱਚੀ ਏਂ, ਮੈਂ ਸੱਸੀ
ਜੇ ਕਰ ਰੱਬ ਹੁੰਦਾ ਖਬਰੈ ਭੁੱਲ ਜਾਂਦੀ,
ਅੰਮਾ ਖਾਨ ਵਾਲੀ ਗੱਲ ਭੁੱਲਦੀ ਨਹੀਂ।
ਉਹਦੇ ਆਉਂਦਿਆਂ ਮਿੱਟ ਗਏ ਗਮ ਸਾਰੇ,
ਉਹਦੇ ਜਾਣ ਵਾਲੀ ਗੱਲ ਭੁੱਲਦੀ ਨਹੀਂ।
ਬੱਸ ਇਸੇ ਤਰ•ਾਂ ਬਹੁਤ ਲੰਮੀ ਸੱਸੀ ਲਿਖੀ ਹੈ ਜੇਕਰ ਕਿਤੇ ਮੌਕਾ ਮਿਲਿਆ ਤਾਂ ਤੁਹਾਨੂੰ ਸਾਰੀ ਸੁਣਾ ਦਿਆਂਗੇ।
? ਬਰਕਤ ਜੀ ਤੁਹਾਡੀਆਂ ਕੁਝ ਅਜਿਹੀਆਂ ਸਟੇਜਾਂ ਵੀ ਹੋਣਗੀਆਂ। ਜਿਹੜੀਆਂ ਤੁਸੀਂ ਕਦੇ ਨਹੀਂ ਭੁੱਲ ਸਕਦੇ?
– ਵੇਸੈ ਤਾਂ ਰੱਬ ਦੀ ਮੇਹਰਬਾਨੀ ਨਾਲ ਹੁਣ ਤੱਕ ਸਾਰੀਆਂ ਸਟੇਜਾਂ ਹੀ ਵਧੀਆਂ ਲੱਗੀਆਂ ਹਨ। ਪਰ ਕੁਝ ਸਟੇਜਾਂ ਅਜਿਹੀਆਂ ਵੀ ਹਨ ਜਿਨ•ਾਂ ਨੂੰ ਕਰ ਕੇ ਬਹੁਤ ਖੁਸ਼ੀ ਮਹਿਸੂਸ ਹੋਈ। ਜਿਵੇਂ ਮਿਉਜ਼ਿਕ ਟੂਡੇ ਵਾਲਿਆਂ ਨੇ ਇੰਡੀਆ ਗੇਟ ਤੇ ਪ੍ਰੋਗਰਾਮ ਕਰਵਾਇਆ ਸੀ। ਜਿੱਥੇ ਮੈਂ ਮਸ਼ਹੂਰ ਫੰਨਕਾਰ, ਗੁਲਾਮ ਅਲੀ, ਹਰੀ ਹਰਨ, ਅਜੇ ਚੱਕਰ ਵਰਤੀ, ਬਿਸਮਿਲਾ ਖਾਂ (ਸ਼ਹਿਨਾਈ ਵਾਦਨ) ਦੇ ਨਾਲ ਉਸੇ ਸਟੇਜਾਂ ਤੇ ਗਾਇਆ।
ਇਕ ਖੁਸ਼ੀ ਭਰੀ ਸਟੇਜ ਉਦੋਂ ਕੀਤੀ ਜਦੋਂ ਦੂਰਦਰਸ਼ਨ ਕੇਂਦਰ ਜਲੰਧਰ ਦਾ ਨੀਂਹ ਪੱਥਰ ਰੱਖਿਆ ਗਿਆ। ਜਿਸ ਵਿਚ ਸਭ ਤੋਂ ਪਹਿਲਾਂ ਗਾਉਣ ਦਾ ਮੌਕਾ ਮੈਨੂੰ ਹੀ ਮਿਲਿਆ। ਇਹ ਪ੍ਰੋਗਰਾਮ ਰਿਕਾਰਡ ਕਰਕੇ ਬਾਅਦ ਵਿਚ ਟੈਲੀਵੀਜ਼ਨ ਤੋਂ ਟੈਲੀਕਾਸਟ ਕੀਤਾ ਗਿਆ।
ਇਕ ਸਟੇਜ ਅਜਿਹੀ ਜੋ ਮੈਨੂੰ ਸਭ ਤੋਂ ਵਧੀਆ ਲੱਗੀ ਉਹ ਆਪਣੇ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਦੇ ਘਰ ਸੀ। ਜਿੱਥੇ ਮੇਰੀ ਸਟੇਜ ਲਈ, ਇਕ ਛੋਟਾ ਜਿਹਾ ਥੜ•ਾ ਬਣਾ ਕੇ ਉਸ ਉੱਤੇ ਗੋਹਾ ਮਿੱਟੀ ਫੇਰ ਕੇ ਤੂੜੀ ਵਾਲਾ ਕੱਪ ਬਣਾ ਕੇ ਤੰਗਲੀ, ਪੰਜਾਲੀ, ਸੰਗਲ ਆਦਿ ਰੱਖ ਕੇ ਪੇਂਡੂ ਮਹੌਲ ਪੇਸ਼ ਕੀਤਾ। ਉੱਥੇ ਮੈਂ ਬਹੁਤ ਵਧੀਆ  ਮਹਿਸੂਸ ਕੀਤਾ।
? ਤੁਹਾਡੀ ਕੋਈ ਅਜਿਹੀ ਤਮੰਨਾਂ ਜੋ ਪੂਰੀ ਨਾ ਹੋਈ ਹੋਵੇ?
– ਹਾਂ ਜੀ ਮੇਰੀ ਇਹ ਤਮੰਨਾ ਸੀ ਨੁਸਰਤ ਫਤਹਿ ਅਲੀ ਖਾਂ ਜੀ ਨੂੰ ਮਿਲਣ ਦੀ ਜੋ ਪੂਰੀ ਨਹੀਂ ਹੋਈ। ਮੈਨੂੰ ਉਹਨਾਂ ਦਾ ਵਿਛੋੜਾ ਹਰ ਵਕਤ ਯਾਦ ਰਹਿੰਦਾ ਹੈ।
? ਤੁਹਾਡੀ ਕੋਈ ਖੁਆਇਸ਼ ਜੋ ਤੁਸੀਂ ਪਾਠਕਾਂ ਨਾਲ ਸਾਂਝੀ ਕਰਨਾ ਚਾਹੁੰਦੇ ਹੋ?
– ਹਾਂ ਜੀ ਮੇਰੀ ਖੁਆਇਸ਼ ਜਾਂ ਮੇਰੀ ਅੰਮਿਤ ਇੱਛਾ ਕਹਿ ਲਵੋ ਉਹ ਇਹੀ ਹੈ ਕਿ ਮੈਨੂੰ ਥੋੜ•ੀ ਜਿਹੀ ਜਗ•ਾ ਮਿਲ ਜਾਵੇ ਜਿੱਥੇ ਮੇਰਾ ਸੰਸਕਾਰ ਹੋਵੇ। ਮੇਰੇ ਭਾਈਚਾਰੇ ਦੇ ਗਾਇਕ ਵੀਰ ਉੱਥੇ ਆਉਂਦੇ ਰਹਿਣ ਅਤੇ ਉÎੱਥੇ 24 ਘੰਟੇ ਲੰਗਰ ਚੱਲਦਾ ਰਹੇ।
? ਬਰਕਤ ਜੀ ਅੰਤ ਵਿਚ ਗਾਇਕ ਵੀਰਾਂ ਨੂੰ ਕੋਈ ਸੰਦੇਸ਼?
– ਇਹਨਾਂ ਨੂੰ ਤਾਂ ਰੱਬ ਹੀ ਸੰਦੇਸ਼ ਦੇ ਸਕਦਾ ਹੈ। ਅਸੀਂ ਤਾਂ ਸੰਦੇਸ਼ ਦੇ-ਦੇ ਥੱਕ ਗਏ। ਬਈ ਆਪਣੇ ਵਿਰਸੇ ਨੂੰ ਨਾ ਭੁੱਲੋ।
ਫੱਗਣ ਕਹਿੰਦਾ ਜੇਠ ਨੂੰ ਸੁਣ ਮੇਰੇ ਭਾਈ,
ਮੈਂ ਲਿਆਂਦੀ ਧੂ ਘੜੀਸ, ਤੂੰ ਬੰਨੇ ਲਾਈ।

 

(ਪੁਰਾਣੀਆਂ ਯਾਦਾ)

ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਨਾਲ ਵਿਸ਼ੇਸ਼ ਮੁਲਾਕਾਤ

ਜਿਸ ਨੂੰ ਦੇਸ਼ ਦੇ ਸਿਆਸਤ ਬਾਰੇ ਪਤਾ ਨਹੀਂ ਉਹ ਬੰਦਾ ਨਹੀਂ -ਕਰਨੈਲ ਸਿੰਘ ਪਾਰਸ

PARAS

-ਭਵਨਦੀਪ ਸਿੰਘ ਪੁਰਬਾ

ਕਰਨੈਲ ਸਿੰਘ ਪਾਰਸ ਰਾਮੂਵਾਲੀਆ ਨਾਮ ਹੈ ਉਸ ਸ਼ਖਸੀਅਤ ਦਾ ਜਿਹੜਾ ਕਵੀਸਰ ਹੈ, ਢਾਡੀ ਵੀ ਹੈ, ਕਲਾਕਾਰ ਵੀ ਹੈ ਅਤੇ ਇਤਿਹਾਸਕਾਰ ਵੀ ਹੈ। ਇਸ ਤੋਂ ਇਲਾਵਾ ਉਸਨੂੰ ਅਨੇਕਾਂ ਸ਼ਗਿਰਦਾਂ ਦਾ ਗੁਰੂ ਹੋਣ ਦਾ, ਅਗਾਂਹਵਧੂ ਸੋਚ ਦਾ ਧਾਰਨੀ ਹੋਣ ਦਾ, ਨੇਕ ਅਤੇ ਚੰਗੇ ਪਤੀ ਹੋਣ ਦਾ, ਧਰਮ, ਰਾਜਨੀਤੀ, ਸਮਾਜਿਕ ਸੋਚ ਦਾ ਮਿਲਗੋਭਾ ਅਤੇ ਸੈਂਕੜੇ ਗੁਣਾਂ ਦਾ ਧਾਰਨੀ ਮਨੁੱਖ ਹੋਣ ਦਾ ਮਾਣ ਵੀ ਪ੍ਰਾਪਤ ਹੈ।
ਇਕ ਦਿਨ ਸਾਡਾ ਵੀ ਪਾਰਸ ਜੀ ਨੂੰ ਮਿਲਣ ਦਾ ਸਬੱਬ ਬਣਿਆ। ਉਨ•ਾਂ ਨਾਲ ਗੱਲਬਾਤ ਕਰਨ ਤੋਂ ਪਤਾ ਲੱਗਾ ਕਿ ਪਾਰਸ ਜੀ ਕਿੰਨੇ ਨੇਕ ਦਿਲ ਇਨਸਾਨ ਹਨ। ਉਹ ਕਿਸੇ ਵੀ ਗੱਲ ਨੀ ਲੁਕਾ ਕੇ ਨਹੀਂ ਰੱਖਦੇ। ਉਹ ਤਰਕਵਾਦ ਵਿਚ ਵਿਸ਼ਵਾਸ ਰੱਖਦੇ ਹਨ। ਉਹ ਸਾਰੇ ਵਹਿਮ ਭਰਮ ਅਤੇ ਪਾਖੰਡਾਂ ਤੋਂ ਮੁਕਤ ਹਨ। ਉਨ•ਾਂ ਦੇ ਦੱਸਣ ਅਨੁਸਾਰ ਪਤਾ ਲੱਗਾ ਕਿ ਪਾਰਸ ਜੀ ਵਿਚ ਇਕ ਭੱਜਣ ਦਾ ਗੁਣ ਅਤੇ ਦੂਸਰਾ ਕਵੀਸ਼ਰੀ ਦਾ ਬਹੁਤ ਵੱਡਾ ਗੁਣ ਹੈ। ਉਨ•ਾਂ ਦੀ ਦੌੜ ਦਾ ਉਹਨਾਂ ਦੇ ਸਾਰੇ ਹਾਣੀ ਸਿੱਕਾ ਮੰਨਦੇ ਸਨ। ਪਾਰਸ ਜੀ ਨੇ ਮਾਘੀ ਦੇ ਮੇਲੇ ‘ਤੇ ਆਪਣੇ ਪਿੰਡ ਤੋਂ ਲੈ ਕੇ ਮੁਕਤਸਰ ਤੱਕ ਭੱਜ ਕੇ ਜਾਣ ਦੀ ਆਪਣੇ ਹਾਣੀਆਂ ਨਾਲ ਸ਼ਰਤ ਲਾ ਲਈ। ਰਾਮੂਵਾਲੇ ਤੋਂ 35 ਕਿ.ਮੀ. ਕੋਟਕਪੁਰਾ ਹੈ ਅਤੇ ਕੋਟਕਪੁਰਾ ਤੋਂ 25 ਕਿ.ਮੀ. ਮੁਕਤਸਰ ਹੈ। ਪਾਰਸ ਜੀ ਮੁਕਤਸਰ ਤੱਕ ਭੱਜ ਕੇ ਹੀ ਗਏ। ਦੂਜੇ ਮੁੰਡੇ ਟਾਂਗਿਆਂ ਵਗੈਰਾ ‘ਤੇ ਚੜ• ਗਏ ਪਰ ਪਾਰਸ ਜੀ ਟਾਂਗਿਆਂ ਦੇ ਪਿੱਛੇ-ਪਿੱਛੇ ਭੱਜ ਕੇ ਹੀ ਗਏ। ਇਕ ਵਾਰ ਦੀ ਗੱਲ ਹੈ ਜਦੋਂ ਪਾਰਸ ਜੀ ਨਿੱਕੇ ਜਿਹੇ ਸਨ। ਉਨ•ਾ ਦੀ ਮਾਂ ਨੇ ਪਿੰਨੀਆਂ ਬਣਾਈਆਂ। ਪਾਰਸ ਜੀ ਪਿੰਨੀਆਂ ਖਾਣੋਂ ਹੀ ਨਾ ਹੱਟਣ। ਪਾਰਸ ਜੀ ਦੀ ਮਾਂ ਨੇ ਪਿੰਨੀਆਂ ਸੰਦੂਕ ਵਿਚ ਲੁਕੋ ਦਿੱਤੀਆਂ ਤਾਂ ਪਾਰਸ ਜੀ ਕਹਿਣ ਲੱਗੇ। ”ਮਾਂ, ਪਿੰਨੀਆਂ? ਕਦੋਂ ਦਿੰਨੀਆਂ? ਲਉ ਉਨੀਆਂ? ਖਾਉ ਜਿੰਨੀਆਂ।” ਪਾਰਸ ਜੀ ਦੇ ਮਾਤਾ-ਪਿਤਾ ਪਾਰਸ ਜੀ ਦੇ ਇਸ ਤਰ•ਾਂ ਦੇ ਟੋਟਕਿਆਂ ਤੋਂ ਹੈਰਾਨ ਰਹਿ ਜਾਂਦੇ। ਇਕ ਦਿਨ ਅਸੀਂ ਪਾਰਸ ਜੀ ਦੀ ਇੰਟਰਵਿਊ ਲੈਣ ਗਏ ਅਸੀਂ ਉੱਥੇ ਚਾਹ ਪੀ ਕੇ ਕੱਪ ਥੱਲੇ ਰੱਖਣ ਹੀ ਲੱਗੇ ਸੀ ਕਿ ਪਾਰਸ ਜੀ ਨੇ ਇਕ ਦਿਲਚਸਪ ਗੱਲ ਦੱਸੀ ਕਿ ਉਹ ਕਦੇ ਵੀ ਪੀ ਕੇ ਕੱਪ ਫਰਸ਼ ‘ਤੇ ਨਹੀਂ ਰੱਖਦੇ, ਉਹ ਕੱਪ ਹਮੇਸ਼ਾ ਉਚੀ ਜਗ•ਾ ‘ਤੇ ਰੱਖਦੇ ਹਨ। ਉਨ•ਾਂ ਨੇ ਆਪਣੀ ਇਕ ਘਟਨਾ ਸੁਣਾਈ, ਉਨ•ਾਂ ਨੇ ਕਿਹਾ ਕਿ ਮੈਂ ਇਕ ਵਾਰ ਕਿਸੇ ਦੇ ਘਰ ਗਿਆ। ਉਹ ਮੈਨੂੰ ਚਾਹ ਫੜਾ ਕੇ ਚਲੇ ਗਏ। ਮੈਨੂੰ ਚਾਹ ਪੀ ਕੇ ਕੱਪ ਰੱਖਣ ਲਈ ਕੋਈ ਉੱਚੀ ਥਾਂ ਨਾ ਲੱਭੀ। ਮੈਂ ਕੱਪ ਰੌਸ਼ਨਦਾਨ ਵਿਚ ਰੱਖ ਦਿੱਤਾ। ਉਹ ਆਏ ਤਾਂ ਕੱਪ ਨੂੰ ਨਾ ਵੇਖ ਕੇ ਮੇਰੇ ਵੱਲ ਝਾਕਣ ਲੱਗੇ ਕਿ ਕਿਤੇ ਇਸਨੇ ਚਾਹ ਪੀ ਕੇ ਕੱਪ ਜੇਬ ਵਿਚ ਤਾਂ ਨਹੀਂ ਪਾ ਲਿਆ। ਉਹ ਆਪਸ ਵਿਚ ਘੁਸਰ-ਮੁਸਰ ਕਰਨ ਲੱਗੇ ਕਿ ਇਹ ਆਦਮੀ ਇਹੋ ਜਿਹਾ ਤਾਂ ਨਹੀਂ ਹੈ ਕਿ ਚਾਹ ਪੀ ਕੇ ਕੱਪ ਜੇਬ ਵਿਚ ਪਾ ਲਵੇ। ਉਨ•ਾਂ ਦੀ ਦੋ ਚਿਤੀ ਨੂੰ ਦੇਖ ਕੇ ਮੈਂ ਉਨ•ਾਂ ਨੂੰ ਕਿਹਾ, ”ਕੱਪ ਲੱਭਦੇ ਆਂ, ਕੱਪ ਰੌਸ਼ਨਦਾਨ, ਵਿਚ ਪਿਆ ਹੈ।” ਉਨ•ਾਂ ਨੇ ਪੁੱਛਿਆ ਕਿ ਤੁਸੀਂ ਕੱਪ ਰੌਸ਼ਨਦਾਨ ਵਿਚ ਕਿਉਂ ਰੱਖ ਦਿੱਤਾ? ਤਾਂ ਮੈਂ ਉਹਨਾਂ ਨੂੰ ਦੱਸਿਆ, ”ਮੈਂ ਕਦੇ ਵੀ ਚਾਹ ਪੀਣ ਤੋਂ ਬਾਅਦ ਕੱਪ ਫਰਸ਼ ਤੇ ਨਹੀਂ ਰੱਖਦਾ, ਕੱਪ ਰੱਖਣ ਲਈ ਮੈਨੂੰ ਹੋਰ ਕੋਈ ਉਚੀ ਜਗ•ਾ ਨਾ ਲੱਭੀ, ਇਸ ਲਈ ਮੈਂ ਕੱਪ ਰੌਸ਼ਨਦਾਨ ਵਿਚ ਰੱਖ ਦਿੱਤਾ।” ਪਾਰਸ ਜੀ ਨੇ ਪਾਠਕਾਂ ਲਈ ਆਪਣੇ ਬਾਰੇ ਜੋ ਵੀ ਜਾਣਕਾਰੀ ਦਿੱਤੀ ਉਹ ਇਸ ਪ੍ਰਕਾਰ ਹੈ
? ਪਾਰਸ ਜੀ ਸਭ ਤੋਂ ਪਹਿਲਾਂ ਆਪਣੇ ਪਿੱਛੋਕੜ ਬਾਰੇ ਜਾਣਕਾਰੀ ਦਿਉ ?
* ਮੇਰਾ ਜਨਮ 28 ਜੂਨ 1916 ਦਿਨ ਬੁੱਧਵਾਰ ਨੂੰ ਪਿੰਡ ਮਰਾਝ ਵਿਖੇ ਪੁਨਿਆ ਵਾਲੀ ਰਾਤ ਨੂੰ ਸਵੇਰੇ 3 ਵਜੇ ਤੁੜੀ ਵਾਲੇ ਅੰਦਰ ਹੋਇਆ। ਮੇਰੇ ਪਿਤਾ ਦਾ ਨਾਂ ਸ: ਤਾਰਾ ਸਿੰਘ ਅਤੇ ਮਾਤਾ ਦਾ ਨਾਂ ਰਾਮ ਕੌਰ ਸੀ। ਮੇਰੀ ਉਮਰ 14 ਸਾਲ ਦੀ ਸੀ ਜਦੋਂ ਮੇਰੇ ਮਾਤਾ-ਪਿਤਾ ਸਵਰਗਵਾਸ ਹੋ ਗਏ।
? ਤੁਹਾਡੇ ਨਾਮ ਨਾਲ ਪਾਰਸ ਕਿਵੇ ਲੱਗਿਆ ?
* ਮੇਰੀ ਦਾਦੀ ਮੈਨੂੰ ਡੇਰੇ ਵਿਚ ਪੜ•ਾਉਂਦੇ ਮਹੰਤ ਬਾਬਾ ਕ੍ਰਿਸ਼ਨਾ ਨੰਦ ਕੋਲ ਭੇਜ ਦਿੱਤਾ। ਮਹੰਤ ਨੇ ਮੈਨੂੰ ਪੰਜ ਪੌੜੀਆਂ ਸਬਕ ਦੇ ਦਿੱਤਾ ਤੇ ਮੈਂ ਉਹ ਤਿੰਨ ਘੰਟਿਆਂ ਵਿਚ ਹੀ ਜੁਬਾਨੀ ਚੇਤੇ ਕਰ ਕੇ ਮਹੰਤ ਨੂੰ ਸੁਣਾ ਦਿੱਤੀਆਂ। ਮਹੰਤ ਖੁਸ਼ ਹੋ ਕੇ ਕਹਿੰਦਾ, ”ਜਾ ਹੁਣ ਕਾਕਾ, ਘਰ ਆਪਣੇ …….. ਘਰੇ ਪੜ•ੀ ਜਾਇਆ ਕਰ।” ਮੈਂ ਆਖਿਆ, ”ਨਹੀਂ, ਬਾਬਾ ਜੀ! ਮੈਨੂੰ ਅੱਗੋਂ ਪੰਜ ਪੌੜੀਆਂ ਦਾ ਪਾਠ ਹੋਰ ਦਿਉ ………. ਮੈਂ ਤਾਂ ਤੁਹਾਡੇ ਕੋਲੋਂ ਹੀ ਪੜ•ਨੇ।” ਉਸਨੇ ਅੱਗਲੀਆਂ ਪੰਜ ਪੌੜੀਆਂ ਦਾ ਪਾਠ ਹੋਰ ਦੇ ਦਿੱਤਾ ਤੇ ਮੈਂ ਚੇਤੇ ਕਰ ਲਿਆ ਮੇਰੀ ਬੁੱਧੀ ਵੇਖ ਕੇ ਮਹੰਤ ਖੁਸ਼ ਤੇ ਹੈਰਾਨ ਹੋਇਆ ਤੇ ਉਸਨੇ ਮੈਨੂੰ ਥਾਪੀ ਦਿੰਦਿਆਂ ਆਖਿਆ, ”ਕਾਕਾ, ਤੂੰ ਤਾਂ ਬਈ ਪਾਰਸ ਐਂ …………. ਸੱਚ-ਮੁੱਚ ਦਾ ਪਾਰਸ।” ਬੱਸ ਉਸ ਦਿਨ ਤੋਂ ਮੇਰੇ ਨਾਂ ਨਾਲ ‘ਪਾਰਸ’ ਤੱਖਲੁਸ ਪੱਕੇ ਤੌਰ ‘ਤੇ ਜੁੜ ਗਿਆ।
? ਤੁਹਾਡੀ ਪੜ•ਾਈ ਲਿਖਾਈ ?
* ਭਵਨਦੀਪ, ਮੈਂ ਸਕੂਲ ਕਦੇ ਨਹੀਂ ਗਿਆ। ਮੈਂ ਪੰਦਰਾਂ ਸਾਲ ਦੀ ਉਮਰ ‘ਚ ਡੇਰੇ ਵਿਚੋਂ ਹੀ ਪੜ•ਾਈ ਸ਼ੁਰੂ ਕੀਤੀ ਸੀ।
? ਤੁਹਾਡਾ ਵਿਆਹ ?
* ਮੇਰਾ ਵਿਆਹ ਜ਼ਿਲ•ਾ ਲੁਧਿਆਣਾ ਦੇ ਪਿੰਡ ਬੋਪਾਰਾਏ ਦੇ ਸ: ਸੰਤਾ ਸਿੰਘ ਤੇ ਭਗਵਾਨ ਕੌਰ ਦੀ ਸਪੁੱਤਰੀ ਸ੍ਰੀਮਤੀ ਦਲਜੀਤ ਕੌਰ ਨਾਲ 1938 ਵਿਚ ਹੋਇਆ। ਦਲਜੀਤ ਕੌਰ ਦੀ ਉਮਰ ਉਸ ਵੇਲੇ ਕੇਵਲ 15 ਵਰ•ੇ ਦੀ ਸੀ।
? ਤੁਹਾਡੇ ਬੱਚੇ?
* ਮੇਰੇ ਛੇ ਬੱਚੇ ਹਨ। ਚਾਰ ਲੜਕੇ ਅਤੇ ਦੋ ਲੜਕੀਆਂ ਹਨ।
? ਉਹਨਾਂ ਦੇ ਨਾਮ ?
* ਹਰਚਰਨ ਸਿੰਘ, ਬਲਵੰਤ ਸਿੰਘ, ਰਛਪਾਲ ਸਿੰਘ (ਪ੍ਰੋ: ਕੈਨੇਡਾ), ਇਕਬਾਲ ਸਿੰਘ (ਪ੍ਰੋ: ਕੈਨੇਡਾ), ਲੜਕੀਆਂ:- ਚਰਨਜੀਤ ਕੌਰ (ਕੈਨੇਡਾ), ਅਤੇ ਅਮਰਜੀਤ ਕੌਰ (ਪ੍ਰੋ: ਸੰਗਰੂਰ)।
? ਤੁਸੀਂ ਕਵੀਸ਼ਰੀ ਦੇ ਖੇਤਰ ਵਿਚ ਕਿਵੇਂ ਆਏ। ਤੁਹਾਡੀ ਕਵੀਸ਼ਰੀ ਕੁਦਰਤ ਦਾ ਦਿੱਤਾ ਹੋਇਆ ਤੋਹਫਾ ਹੈ ਜਾਂ ਤੁਸੀਂ ਕੋਈ ਗੁਰੂ ਧਾਰਨ ਕੀਤਾ?
* ਕਵੀਸ਼ਰੀ ਦਾ ਸ਼ੌਕ ਮੈਨੂੰ ਬਚਪਨ ਤੋਂ ਹੀ ਸੀ। ਮੇਰੀ ਕਵੀਸ਼ਰੀ ਕੁਦਰਤ ਦਾ ਤੋਹਫਾ ਹੀ ਹੈ। ਮੈਂ ਗੁਰੂ ਵੀ ਧਾਰਨ ਕੀਤਾ ਹੈ। ਮੈਨੂੰ ਗੁਰੂ ਦੀ ਪ੍ਰਾਪਤੀ ਇਸ ਤਰ•ਾਂ ਹੋਈ। ਮੈਂ ਆਪਣੇ ਹਾਣੀਆਂ ਨਾਲ ਮਾਘੀ ਦੇ ਮੇਲੇ ਮੁਕਤਸਰ ਤੱਕ ਭੱਜ ਕੇ ਜਾਣ ਲਈ ਸ਼ਰਤ ਲਾ ਲਈ। ਮੇਰੇ ਹਾਣੀ ਤਾਂ ਰਸਤੇ ਵਿਚ ਥੱਕ ਕੇ ਗੱਡਿਆਂ ‘ਤੇ ਬੈਠ ਗਏ, ਮੈਂ ਮੁਕਤਸਰ ਤੱਕ ਭੱਜਿਆ ਗਿਆ। ਮੁਕਤਸਰ ਜਾ ਕੇ ਮੈਂ ਉਸ ਵੇਲੇ ਦੇ ਉਘੇ ਕਵੀਸ਼ਰ ਮੋਹਨ ਸਿੰਘ ਰੋਡਿਆ ਵਾਲੇ ਦੇ ਜੱਥੇ ਨੂੰ ਗਾਉਂਦਿਆਂ ਸੁਣਿਆ। ਉਨ•ਾਂ ਨੂੰ ਸੁਣ ਕੇ ਮੇਰਾ ਮਨ ਟੁੰਬਿਆ ਗਿਆ। ਮੈਂ ਉਨ•ਾਂ ਨੂੰ ਆਪਣਾ ਗੁਰੂ ਮੰਨ ਲਿਆ। ਮੈਂ ਉੱਥੇ ਉਨ•ਾਂ ਨੂੰ ਆਪਣੀ ਕਵਿਤਾ ਸੁਣਾਈ। ਉਨ•ਾਂ ਨੇ ਮੈਨੂੰ ਆਪਣੇ ਜੱਥੇ ਵਿਚ ਸ਼ਾਮਿਲ ਕਰ ਲਿਆ। ਮੈਂ ਪੱਗ ਦੇ ਕੇ ਉਨ•ਾਂ ਨੂੰ ਪੂਰਨ ਰਵਾਇਤ ਅਨੁਸਾਰ ਗੁਰੂ ਧਾਰਨ ਕਰ ਲਿਆ।
? ਤੁਸੀਂ ਸਭ ਤੋਂ ਪਹਿਲਾਂ ਸਟੇਜ ‘ਤੇ ਕਦੋਂ ਗਾਇਆ?
* ਮੇਰਾ ਸਭ ਤੋਂ ਪਹਿਲਾ ਅਖਾੜਾ ਜਗਰਾਵਾਂ ਦੀ ਰੋਸ਼ਨੀ ਦੇ ਮੇਲੇ ‘ਤੇ ਸੀ ਜਿਸ ਵਿਚ ਮੈਂ ਸਭ ਤੋਂ ਪਹਿਲਾਂ ਕਵਿਤਾ ”ਚਿਨ ਕੇ ਨੀਆਂ ਵਿਚ ਤੂੰ, ਸਿਦਕ ਨੀ ਸਕਦਾ ਤੋੜ” ਗਾਈ।
? ਤੁਸੀਂ ਸਭ ਤੋਂ ਪਹਿਲੀ ਵਾਰ ਰੇਡੀਓ/ਟੀ.ਵੀ. ਤੇ ਕਦੋਂ ਗਾਇਆ?
* ਸੰਨ 1954 ਵਿਚ ਸਾਡਾ ਜੱਥਾ ਆਕਾਸ਼ਵਾਣੀ ਕੇਂਦਰ ਜਲੰਧਰ ਤੋਂ ਪਹਿਲਾਂ ਪ੍ਰਵਾਨਿਤ ਕਵੀਸ਼ਰ ਹੋ ਗਿਆ। ਸਾਡੀ ਆਵਾਜ਼ ਰੇਡੀਓ ‘ਤੇ ਗੁੰਜਣ ਲੱਗੀ। ਇਉਂ ਪਿੰਡਾਂ ਵਿਚ ਦੂਰ-ਦੂਰ ਤੱਕ ਸਾਡੀ ਪ੍ਰਸਿੱਧੀ ਹੋ ਗਈ, ਪਿੰਡਾਂ ਦੇ ਲੋਕ ਗੱਲਾਂ ਕਰਨ ਲੱਗੇ, ”ਬਈ, ਪਾਰਸ ਰਾਮੂਵਾਲੀਏ ਦਾ ਜੱਥਾ ਹੁਣ ਰੇਡੀਓ ‘ਤੇ ਵੀ ਬੋਲਣ ਲੱਗਾ ਹੈ।”
? ਕਵੀਸ਼ਰੀ ਤੁਸੀਂ ਪਹਿਲਾਂ ਹੀ ਲਿਖ ਕੇ ਰੱਖਦੇ ਸੀ ਜਾਂ ਨਾਲ ਹੀ ਨਾਲ ਜੋੜਦੇ ਸੀ?
* ਜਦੋਂ ਮੈਂ ਕਵੀਸ਼ਰੀ ਕਰਦਾ ਸੀ ਤਾਂ ਕਵੀਸ਼ਰੀ ਪਹਿਲਾਂ ਲਿਖ ਕੇ ਪੂਰੀ ਤਰ•ਾਂ ਠੋਕ ਵਜਾ ਕੇ ਤਿਆਰ ਕਰਦਾ ਹਾਂ।
? ਤੁਹਾਡੀ ਗਾਈ ਕਵੀਸ਼ਰੀ ਦੀ ਕੋਈ ਕੈਸਿਟ ਆਈ ਹੈ?
* ਨਹੀਂ, ਮੇਰੀ ਗਾਈ ਕਵੀਸ਼ਰੀ ਦੀ ਕੈਸਿਟ ਕੋਈ ਨਹੀਂ ਆਈ। ਉਸ ਵੇਲੇ ਤਵੇ ਚੱਲਦੇ ਸਨ। ਮੇਰੇ ਗੀਤਾਂ ਦੇ 20-22 ਤਵੇ ਆਏ ਹਨ। ਜਿਨ•ਾਂ ਵਿਚ ਮੁੱਖ ਹਨ :-
”ਕਿਉਂ ਫੜੀ ਸਿਪਾਹੀਆਂ ਨੇ ਭੇਣੋਂ ਇਹ ਹੰਸਾ ਦੀ ਜੋੜੀ, ਹੈ ਆਉਣ ਜਾਣ ਬਣਿਆ ਦੁਨੀਆ ਚਾਰ ਦਿਨਾਂ ਦਾ ਮੇਲਾ, ਤੇਰੇ ਹੇਠ ਜੰਡੋਰਿਆਂ ਮੈਂ ਹੋ ਗਈ ਰੰਡੀ,  ਭੱਜ ਦਾਨਾ ਬਾਅਦ ਚੱਲੀਏ, ਦੱਸ ਬੇਲੋ ਜੁਬਾਨੋਂ ਨੀ ਬੱਕੀਏ ਕਿਥੇ ਮੇਰਾ ਮਿਰਜ਼ਾ, ਸੱਸੀ ਦੀ ਮਾਂ ਬੋਲੇ ਧੀਏ ਇਸ਼ਕ ਦੀ ਬੁਰੀ ਬਿਮਾਰੀ, ਮਿੰਨਤਾਂ ਤੇਰੀਆਂ ਕਰਦੀ, ਘੜਿਆਂ ਪਾਰ ਲੰਘਾ ਦੇ ਵੇ, ਤੋਤਿਆਂ ਨੂੰ ਬਾਗ ਬੜੇ, ਚੂਚਕ ਬਾਬਲ ਦਾ ਹੋ ਗਿਆ ਦੇਸ਼ ਬੇਗਾਨਾ। ਇਹ ਤਵੇ 1950 ਤੋਂ ਲੈ ਕੇ 1954 ਵਿਚਕਾਰ ਆਏ।”
? ਤੁਹਾਡੇ ਸਮਕਾਲੀ ਕਵੀਸ਼ਰ ਕਿਹੜੇ-ਕਿਹੜੇ ਹਨ?
* ਉਸ ਵੇਲੇ ਬਹੁਤ ਜ਼ਿਆਦਾ ਕਵੀਸ਼ਰ ਸਨ। ਜਿਨ•ਾਂ ਅੱਛਰੂ ਰਾਮ ਖਾਈ,, ਛੱਜੂ ਸਿੰਘ ਚੰਦਰਾਲਾ ਪਿੰਡ ਝਨੇੜੀ, ਸ਼ੇਰ ਸਿੰਘ ਸੰਦਲ ਤਖਤਪੁਰਾ, ਵਧਾਵਾ ਰਾਮ, ਦਿਬ•ੜੇ ਵਾਲਾ ਬਾਰੂ ਮੱਘਰ, ਸ਼ੇਖ ਖਾਰੇ ਬਰਨਾਲਾ ਵਾਲਾ, ਹਜ਼ੂਰ ਸਿੰਘ ਬੁਟਾਰੀ ਵਾਲਾ ਅਤੇ ਸਕਰੌਂਦੀ ਵਾਲਾ ਚੰਨਣ ਸਿੰਘ ਆਦਿ ਪੇਂਡੂ ਲੋਕਾਂ ਵਿਚ ਚੰਗੇ ਕਵੀਸ਼ਰ ਮੰਨੇ ਜਾਂਦੇ ਸਨ।
? ਆਪਣੀ ਵਿਦੇਸ਼ੀ ਯਾਤਰਾ ਬਾਰੇ ਚਾਨਣਾ ਪਾਓ?
* ਮੇਰੇ ਲੜਕੇ ਸ: ਹਰਚਰਨ ਸਿੰਘ, ਰਛਪਾਲ ਸਿੰਘ ਤੇ ਇਕਬਾਲ ਸਿੰਘ ਕੈਨੇਡਾ ਚਲੇ ਗਏ ਤੇ ਥੋੜੇ ਸਮੇਂ ਬਾਅਦ ਮੈਨੂੰ ਵੀ ਉਥੇ ਹੀ ਸੱਦ ਲਿਆ ਤੇ ਮੈਂ ਕੈਨੇਡਾ ਚਲਾ ਗਿਆ ਤੇ ਆਪਣੇ ਜੱਥੇ ਨੂੰ ਵੀ ਲੈ ਗਿਆ। ਉਥੇ ਜਾ ਕੇ ਅਸੀਂ ਕਈ ਪ੍ਰੋਗਰਾਮਾਂ ਵਿਚ ਗਾਇਆ। ਉਥੇ ਲੋਕਾਂ ਨੇ ਸਾਨੂੰ ਰੱਜਵਾਂ ਪਿਆਰ-ਮਾਣ ਤੇ ਪੈਸਾ-ਧੇਲਾ ਭੇਟ ਕੀਤਾ। ਫੇਰ ਇੰਗਲੈਂਡ ਅਤੇ ਅਮਰੀਕਾ ਵੀ ਗਏ।
? ਤੁਹਾਨੂੰ ਸ਼੍ਰੋਮਣੀ ਕਵੀਸ਼ਰ ਦਾ ਅਵਾਰਡ ਕਦੋਂ ਮਿਲਿਆ?
* ਭਾਸ਼ਾ ਵਿਭਾਗ ਪੰਜਾਬ ਨੇ 1980-1981 ਵਿਚ ਪਟਿਆਲੇ ਵਿਚ ਮੈਨੂੰ ਸ਼੍ਰੋਮਣੀ ਕਵੀਸ਼ਰ ਐਵਾਰਡ ਦੇ ਕੇ ਸਨਮਾਨਿਤ ਕੀਤਾ।
? ਤੁਹਾਡੇ ਹਿਸਾਬ ਨਾਲ ਧਰਮ ਅਤੇ ਰਾਜਨੀਤੀ ਦਾ ਕੀ ਮੇਲ ਹੈ?
* ਕੋਈ ਮੇਲ ਨਹੀਂ।
? ਤੁਹਾਡੇ ਸਪੁੱਤਰ ਸ: ਬਲਵੰਤ ਸਿੰਘ ਸਿਆਸਤ ਵਿਚ ਕਿਵੇਂ ਚਲੇ ਗਏ?
* ਮੈਂ ਉਸਨੂੰ ਆਪ ਸਿਆਸਤ ਵਿਚ ਪਾਇਆ। ਉਹ ਛੋਟਾ ਜਿਹਾ ਹੀ ਸੀ ਜਦੋਂ ਮੈਂ ਉਸਨੂੰ ਸਿਆਸਤ ਦੇ ਦਾਅ ਪੇਚ ਸਿਖਾਉਣੇ ਸ਼ੁਰੂ ਕਰ ਦਿੱਤੇ। ਜਿਸ ਨੂੰ ਦੇਸ਼ ਦੇ ਸਿਆਸਤ ਬਾਰੇ ਪਤਾ ਨਹੀਂ ਉਹ ਬੰਦਾ ਨਹੀਂ। ਇਸ ਲਈ ਮੈਂ ਬਲਵੰਤ ਨੂੰ ਸਿਆਸਤ ਵਿਚ ਪਾਇਆ।
? ਤੁਹਾਡੀ ਕੋਈ ਨਾ ਭੁੱਲਣਯੋਗ ਘਟਨਾ?
* ਬਹੁਤ ਹਨ। ਬੱਸ ਐਨਾ ਹੀ ਕਹਿ ਲਵੋ ਕਿ ਬਹੁਤ ਮਾੜੇ ਤੋਂ ਮਾੜੇ ਦਿਨ ਵੇਖੇ।
? ਆਪਣੇ ਸ਼ਾਗਿਰਦਾਂ ਬਾਰੇ ਦੱਸੋ?
* ਮੇਰੇ ਲੱਗਭਗ 20 ਸ਼ਾਗਿਰਦ ਹਨ।
? ਕੋਈ ਖਾਸ, ਜਿਨ•ਾਂ ਤੋਂ ਤੁਹਾਨੂੰ ਬਹੁਤ ਆਸ ਹੋਵੇ, ਜਿਨ•ਾਂ ਨੇ ਤੁਹਾਡੀਆਂ ਆਸਾਂ ਵੀ ਪੂਰੀਆਂ ਕੀਤੀਆਂ ਹੋਣ?
* ਵੈਸੇ ਤਾਂ ਮੇਰੇ ਵਾਸਤੇ ਸਾਰੇ ਹੀ ਸ਼ਗਿਰਦ ਖਾਸ ਹਨ। ਪਹਿਲੇ ਨੰਬਰ ‘ਤੇ ਗੁਰਸੇਵਕ ਮਾਨ ਅਤੇ ਹਰਭਜਨ ਮਾਨ ਹਨ।
? ਹਰਭਜਨ ਮਾਨ ਨਾਲ ਤੁਹਾਡਾ ਹੋਰ ਕੋਈ ਰਿਸ਼ਤਾ?
* ਹਰਭਜਨ ਮਾਨ ਅਤੇ ਗੁਰਸੇਵਕ ਮਾਨ ਬਹੁਤ ਚਿਰ ਮੇਰੇ ਨਾਲ ਰਹੇ। ਮੇਰੇ ਵੱਡੇ ਲੜਕੇ ਹਰਚਰਨ ਦੀ ਲੜਕੀ ਹਰਮਨਦੀਪ ਕੌਰ ਨੇ ਸਾਨੂੰ ਕਿਹਾ ਕਿ ਮੇਰਾ ਵਿਆਹ ਹਰਭਜਨ ਮਾਨ ਨਾਲ ਕਰ ਦਿਉ। ਅਸੀਂ ਖੁਸ਼ੀ-ਖੁਸ਼ੀ ਹਰਮਨਦੀਪ ਕੌਰ ਦਾ ਵਿਆਹ ਹਰਭਜਨ ਮਾਨ ਨਾਲ ਕਰ ਦਿੱਤਾ। ਇਸ ਤਰ•ਾਂ ਹਰਭਜਨ ਮਾਨ ਸਾਡੇ ਘਰ ਦਾ ਜੀਅ ਹੀ ਬਣ ਗਿਆ।
? ਤੁਹਾਨੂੰ ਐਨਾ ਮਾਣ-ਸਨਮਾਨ ਮਿਲਿਆ ਤੁਸੀਂ ਕੀ ਮਹਿਸੂਸ ਕਰਦੇ ਹੋ?
* ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ। ਮੈਂ ਸਮਝਦਾ ਹਾਂ ਕਿ ਇਹ ਮੇਰੀ ਘਾਲਣਾਂ ਦਾ ਫਲ ਹੈ ਜੋ ਕਿ ਮੈਂ 85 ਸਾਲਾਂ ਦੀ ਘਾਲਣਾਂ ਨਾਲ ਕਮਾਇਆ ਹੈ ਜਿਹੜਾ ਲੋਕ ਮੈ ਨੂੰ ਐਨਾ ਮਾਣ-ਸਨਮਾਨ ਦਿੰਦੇ ਹਨ।
? ਕੋਈ ਅਜਿਹਾ ਅਰਮਾਨ ਜਿਹੜਾ ਤੁਹਾਡੇ ਦਿਲ ਵਿਚ ਰਹਿ ਗਿਆ ਹੋਵੇ?
* ਜਿਹੜਾ ਅਰਮਾਨ ਰਹਿ ਗਿਆ ਉਹ ਕਦੇ ਪੂਰਾ ਨਹੀਂ ਹੋਣਾ।
? ਸਾਨੂੰ ਵੀ ਦੱਸ ਦਿਉ ਕਿਹੜਾ ਅਰਮਾਨ ਤੁਹਾਡੇ ਦਿਲ ਵਿਚ ਰਹਿ ਗਿਆ?
* ਮੈਂ ਚਾਹੁੰਦਾ ਸੀ ਕਿ ਸਿਰਫ ਰਾਮੂ ਵਾਲੇ ਵਿਚੋਂ ਰਾਮੂਵਾਲਾ ਕਲਾਂ, ਛੋਟਾ ਰਾਮੂਵਾਲਾ ਅਤੇ ਹਰਚੋਵਾਲਾ ਰਾਮੂਵਾਲਾ ਵਿਚ ਤਿੰਨ ਮੁੰਡੇ ਅਜਿਹੇ ਮਿਲਦੇ ਜਿਨ•ਾਂ ਨੂੰ ਕਵੀਸ਼ਰੀ ਦਾ ਸ਼ੌਕ ਹੁੰਦਾ। ਮੈਂ ਉਨ•ਾਂ ਨੂੰ ਅਜਿਹੀ ਟ੍ਰੇਨਿੰਗ ਦਿੰਦਾ ਕਿ ਉਹ ਪਹਿਲੇ ਮਹੀਨੇ ਹੀ ਟੀ.ਵੀ. ‘ਤੇ ਪਹੁੰਚ ਜਾਂਦੇ ਤੇ ਮੇਰਾ ਬਣਿਆ ਜੱਥਾ ਪਹਿਲੇ ਪ੍ਰੋਗਰਾਮ ‘ਤੇ ਹੀ ਚੰਦ ਵਾਂਗ ਚਮਕਣ ਲੱਗ ਪੈਂਦਾ।
? ਪਾਠਕਾਂ ਲਈ ਕੋਈ ਸੰਦੇਸ਼?
* ਬੇਨਤੀ ਕਰ ਸਕਦਾ ਹਾਂ ਕਿ ਇਸ ਰਸਾਲੇ ਅਖ਼ਬਾਰਾਂ ਨੂੰ ਜ਼ਰੂਰ ਪੜ•ੋ, ਪੜੌਚਲਵੀ ਅਤੇ ਘੋਖਵੀ ਦ੍ਰਿਸ਼ਟੀ ਪੜ•ੋ ਅਤੇ ਇਸ ਦੀਆਂ ਖੂਬੀਆਂ ਅਤੇ ਖਾਮੀਆਂ ਤੋਂ ਅਦਾਰੇ ਨੂੰ ਸੂਚਿਤ ਕਰੋ।

(ਪੁਰਾਣੀਆਂ ਯਾਦਾ)

ਢਾਡੀ ਕਲਾ ਦੇ ਥੰਮ ਸ. ਗੁਰਬਖ਼ਸ਼ ਸਿੰਘ ਅਲਬੇਲਾ

Photo 3

-ਭਵਨਦੀਪ ਸਿੰਘ ਪੁਰਬਾ

ਗੁਰਬਖ਼ਸ਼ ਸਿੰਘ ਅਲਬੇਲਾ ਨਾਮ ਹੈ। ਉਸ ਸ਼ਖ਼ਸੀਅਤ ਦਾ ਜੋ ਢਾਡੀ ਤੇ ਗੀਤਕਾਰ ਹੈ ਅਤੇ ਇਤਿਹਾਸਕਾਰ ਵੀ ਹੈ। ਇਸ ਤੋਂ ਇਲਾਵਾ ਉਸ ਨੂੰ ਅਨੇਕਾਂ ਸਗਿਰਦਾਂ ਦਾ ਗੁਰੂ ਹੋਣ ਦਾ ਮਾਣ ਵੀ ਹਾਸਲ ਹੈ। ਉਨ•ਾਂ ਦੇ ਸਗਿਰਦਾ ਦੀ ਗਿਣਤੀ ਦਾ ਅੰਦਾਜ਼ਾ ਤਾਂ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਉਨ•ਾਂ ਦੇ ਘਰ ਰੋਜ਼ਾਨਾ 28 ਕਿਲੋ ਆਟਾ ਗੁੰਨਿਆ ਜਾਂਦਾ ਹੈ। ਇੰਨੇ ਗੁਣਾਂ ਦੇ ਧਾਰਨੀ ਹੋਣ ਦੇ ਨਾਲ-ਨਾਲ ਉਹ ਚੰਗੇ ਸਮਾਜ ਸੇਵਕ ਵੀ ਹਨ। ਇਕ ਦਿਨ ਸਾਡਾ ਵੀ ਉਨ•ਾਂ ਨੂੰ ਮਿਲਣ ਦਾ ਸਬੱਬ ਬਣਿਆ। ਉਨ•ਾਂ ਨਾਲ ਗੱਲਬਾਤ ਕਰਨ ਤੋਂ ਪਤਾ ਲੱਗਾ ਕਿ ਅਲਬੇਲਾ ਜੀ ਕਿੰਨੇ ਖੁਸ਼ ਦਿਲ ਅਤੇ ਮਿਲਾਪੜੇ ਇਨਸਾਨ ਹਨ ਉਹ ਆਪਣੇ ਢਾਡੀ ਜੱਥੇ ਦੇ ਨਾਲ ਮਿਲ ਕੇ ਉਹ ਧਰਮ ਦੀ ਸੇਵਾ ਤਾਂ ਕਰਦੇ ਹੀ ਹਨ ਨਾਲ-ਨਾਲ ਸਮਾਜ ਸੇਵਕ ਵਿਚ ਯੋਗਦਾਨ ਪਾਉਂਦੇ ਹੋਏ ਉਹ ਤਕਰੀਬਨ 10-12 ਲੜਕੀਆਂ ਦੇ ਵਿਆਹ ਆਪਣੇ ਕੋਲੋਂ ਖਰਚਾ ਕਰਕੇ ਕਰ ਚੁੱਕੇ ਹਨ। ਦੋ ਬੱਚਿਆਂ ਦੇ ਪਿਤਾ ਸ. ਗੁਰਬਖ਼ਸ਼ ਸਿੰਘ ਆਪਣੇ ਸਾਰੇ ਸਗਿਰਦਾਂ ਨੂੰ ਆਪਣੇ ਪੁੱਤਰ ਹੀ ਸਮਝਦੇ ਹਨ। ਅਲਬੇਲਾ ਜੀ ਨਰਿੰਦਰ ਬੀਬਾ ਨੂੰ ਰੱਬ ਵਾਂਗ ਪੂਜਦੇ ਹਨ। ਉਨ•ਾਂ ਨੇ ਦੱਸਿਆ ਕਿ ਪੁਰਾਣੀ ਗਾਇਕਾਵਾਂ ਸੁਰਿੰਦਰ ਕੌਰ, ਨਰਿੰਦਰ ਬੀਬਾ ਆਦਿ ਦਾ ਮੈਂ ਬਹੁਤ ਸਤਿਕਾਰ ਕਰਦਾ ਹਾਂ। ਪੁਰਾਣੀਆਂ ਗਾਇਕਾਵਾਂ ਆਪਣੇ ਗੁਰੂ ਨੂੰ ਆਪਣਾ ਪਿਓ ਸਮਝ ਕੇ ਉਨ•ਾਂ ਤੋਂ ਸੰਗੀਤ ਵਿਦਿਆ ਹਾਸਲ ਕਰਦੀਆਂ ਸਨ। ਪਰ ਅੱਜ ਦੀਆਂ ਗਾਇਕਾਵਾਂ….। ਬਜ਼ੁਰਗ ਧੀਆ ਬਣਾ ਕੇ ਵਿਦਿਆ ਦਿੰਦੇ ਸਨ ਇਸੇ ਲਈ ਉਹ ਸਭਿਆਚਾਰ ਦੇ ਦਾਇਰੇ ਅੰਦਰ ਰਹਿ ਕੇ ਸਿਖਾਉਂਦੇ ਸਨ ਅਤੇ ਸੱਭਿਆਚਾਰ ਦੇ ਦਾਇਰੇ ਅੰਦਰ ਹੀ ਗਾਉਂਦੀਆਂ ਸਨ। ਪਰ ਅੱਜਕਲ• ਸਭ ਕੁਝ ਹੀ ਉਲਟ ਹੋਇਆ ਪਿਆ ਹੈ। ਅਲਬੇਲਾ ਜੀ ਨੇ ਕਿਹਾ ਕਿ ਜਦੋਂ ਕੋਈ ਸੁਰ ਵਿਚ ਗਾਉਂਦਾ ਸੁਣਾਈ ਦੇਵੇ ਤਾਂ ਮੈਨੂੰ ਬਹੁਤ ਚੰਗਾ ਲੱਗਦਾ ਹੈ ਪਰ ਜਦੋਂ ਕੋਈ ਬੇਸੁਰਾ ਸੁਣਾਈ ਦੇਵੇ ਤਾਂ ਇਸ ਤਰ•ਾਂ ਲੱਗਦਾ ਹੈ ਜਿਵੇਂ ਉਹ ਅਫਗਾਨਿਸਤਾਨ ਦੇ ਲਾਦੇਨ ਵਾਂਗੂੰ ਸਾਡਾ ਦੁਸ਼ਮਣ ਹੋਵੇ।
ਅਲਬੇਲਾ ਜੀ ਨੇ ਮੈਗਜ਼ੀਨ ਦੇ ਪਾਠਕਾਂ ਲਈ ਆਪਣੇ ਬਾਰੇ ਜਾਣਕਾਰੀ ਦਿੱਤੀ ਪੇਸ਼ ਹਨ ਉਸ ਵਿਚੋਂ ਕੁਝ ਅੰਸ਼ :
? ਅਲਬੇਲਾ ਜੀ ਸਭ ਤੋਂ ਪਹਿਲਾਂ ਆਪਣੇ ਪਿਛੋਕੜ ਬਾਰੇ ਜਾਣਕਾਰੀ ਦਿਓ ?
– ਮੇਰਾ ਜਨਮ 3 ਮਈ 1957 ਨੂੰ ਪਿੰਡ ਬੁਰਜਰਾਜਗੜ• ਵਿਖੇ ਮਾਤਾ ਮਹਿੰਦਰ ਕੌਰ ਦੀ ਕੁੱਖੋਂ ਹੋਇਆ। ਪਿਤਾ ਜੀ ਨਾਮ ਦਿਆਲ ਸਿੰਘ ਧਾਲੀਵਾਲ ਹੈ।
? ਤੁਹਾਡੀ ਪੜ•ਾਈ ਲਿਖਾਈ ?
– ਮੈਂ ਪ੍ਰਾਇਮਰੀ ਸਿੱਖਿਆ ਆਪਣੇ ਪਿੰਡ ਬੁਰਜਰਾਜਗੜ• ਤੋਂ ਹੀ ਪ੍ਰਾਪਤ ਕੀਤੀ ਤੇ ਹਾਈ ਦਸ਼ਮੇਸ਼ ਸਕੂਲ ਰਾਮਪੁਰਾ ਫੂਲ ਤੋਂ ਅਤੇ ਉਥੇ ਹੀ ਗਿਆਨੀ ਕੀਤੀ। 1979 ਵਿਚ ਟੀਚਰ ਲੱਗ ਗਿਆ ਸੀ।
? ਨੌਕਰੀ ਕਿੰਨਾ ਚਿਰ ਕੀਤੀ ?
– ਮੈਂ ਪੰਜ ਸਾਲ ਮਾਸਟਰੀ ਦੀ ਨੌਕਰੀ ਕਰਕੇ 1984 ਵਿਚ ਨੌਕਰੀ ਛੱਡ ਕੇ ਪੂਰੀ ਤਰ•ਾਂ ਢਾਡੀ ਕਲਾ ਨੂੰ ਚੁਣ ਲਿਆ।
? ਤੁਸੀਂ ਢਾਡੀਆਂ ਦੀ ਲਾਈਨ ਵਿਚ ਕਿਸ ਤਰ•ਾਂ ਆਏ ?
– ਮੈਨੂੰ ਬਚਪਨ ਤੋਂ ਹੀ ਗਾਉਣ ਦਾ ਅਤੇ ਗੀਤ ਲਿਖਣ ਦਾ ਸ਼ੌਕੀਨ ਸੀ। ਚੌਥੀ ਕਲਾਸ ਵਿਚ ਮੇਰੇ ਮਾਸਟਰ ਓਮ ਪ੍ਰਕਾਸ਼ ਸਿੰਗਲਾ ਜੀ ਮੇਰੇ ਗੀਤ ਸੁਣਦੇ ਸਨ। ਪੰਜਵੀਂ ਵਿਚ ਮੇਰੇ ਮਾਸਟਰ ਗੁਰਚਰਨ ਸਿੰਘ ਭਗਤਾ ਉਨ•ਾਂ ਨੂੰ ਸ਼ੌਕ ਸੀ ਗੀਤਕਾਰੀ ਦਾ, ਉਨ•ਾਂ ਨੇ ਮੈਥੋਂ ਗੀਤ ਸੁਨਣੇ। ਦਸਵੀਂ ਵਿਚ ਮਾਸਟਰ ਜੀ ਸਨ ਜੋ ਗ਼ਜ਼ਲ ਸੁਨਣ ਦੇ ਬਹੁਤ ਸ਼ੌਕੀਨ ਸਨ। ਆਪਣੇ ਟੀਚਰਾਂ ਦੀ ਹੱਲਾਸ਼ੇਰੀ ਨਾਲ ਮੈਂ ਅੱਗੇ ਵਧਦਾ ਗਿਆ। ਮੈਨੂੰ ਢਾਡੀ ਬਨਾਉਣ ਵਿਚ ਹੱਥ ਹੈ ਬਲਵਿੰਦਰ ਸਿੰਘ ਖਹਿਰਾ (ਐਸ.ਪੀ.ਡੀ.) ਦਾ।
? ਤੁਸੀਂ ਸਭ ਤੋਂ ਪਹਿਲਾਂ ਸਟੇਜ਼ ਤੇ ਕਦੋਂ ਅਤੇ ਕਿੱਥੇ ਗਾਇਆ ?
– ਗਾਉਂਦਾ ਤਾਂ ਬਚਪਨ ਤੋਂ ਹੀ ਸੀ ਸਭ ਤੋਂ ਪਹਿਲਾਂ ਪ੍ਰੋਗਰਾਮ ਮੈਂ 12 ਜਨਵਰੀ 1989 ਨੂੰ ਪਿੰਡ ਪੱਕਾ ਕਲਾਂ ਜ਼ਿਲ•ਾ ਬਠਿੰਡਾ ਵਿਚ ਲਾਇਆ।
? ਤੁਹਾਡੀ ਪਹਿਲੀ ਕੈਸੇਟ ?
– ਮੇਰੀ ਪਹਿਲੀ ਕੈਸੇਟ ਸੀ ”ਪਰਉਪਕਾਰੀ ਖਾਲਸਾ” ਇਹ ਇੰਦਰਲੋਕ ਕੰਪਨੀ (ਜੋ ਕਿ ਹੁਣ ਸਟੂਡੀਓ ਹੈ) ਵੱਲੋਂ ਕੀਤੀ ਗਈ।
? ਹੁਣ ਤੱਕ ਤੁਹਾਡੀਆਂ ਕਿੰਨੀਆਂ ਕੈਸੇਟਾਂ ਆ ਚੁੱਕੀਆਂ ਹਨ ?
– ਹੁਣ ਤੱਕ ਮੇਰੀਆਂ ੭੦ ਕੈਸੇਟਾਂ ਆ ਚੁੱਕੀਆਂ ਹਨ।
? ਅਜਿਹੀ ਕਿਹੜੀ ਕੈਸੇਟ ਹੈ ਜਿਸਨੇ ਤੁਹਾਡੀ ਪਹਿਚਾਣ ਬਣਾ ਦਿੱਤੀ ?
– ਮੇਰੀ ਦੂਸਰੀ ਕੈਸੇਟ ਹਿੰਦ ਦੀ ਚਾਦਰ (ਜੋ ਕਿ ਸੁਪਰਹਿੱਟ ਹੋਈ) ਇਹ ਕੈਸੇਟ ਪਾਇਲ ਕੰਪਨੀ ਵਿਚ ਆਈ।
? ਤੁਸੀਂ ਦੂਰਦਰਸ਼ਨ ਤੇ ਗਏ ਹੋ ?
– ਨਹੀਂ, ਮੈਂ ਦੂਰਦਰਸ਼ਨ ਤੇ ਜਾਣ ਦੀ ਕੋਸ਼ਿਸ਼ ਹੀ ਨਹੀਂ ਕੀਤੀ।
? ਤੁਹਾਡੇ ਸਾਥੀ ?
– ਮੇਰੇ ਸਾਥੀ ਹਨ ਬਲਦੇਵ ਸਿੰਘ ਬਿੱਲੂ, ਜਸਵੰਤ ਸਿੰਘ ਦੀਵਾਨਾ ਤੇ ਸਾਰੰਗੀ ਮਾਸਟਰ ਸਤਨਾਮ ਸਿੰਘ ਲਾਲੀ।
? ਤੁਹਾਡੇ ਵਿਦੇਸ਼ੀ ਦੌਰੇ ?
– ਮੈਨੂੰ ਤਕਰੀਬਨ 22 ਮੁਲਕਾਂ ਦੇ ਸੱਦੇ ਆਏ ਹਨ। ਮੈਂ ਪ੍ਰੋਗਰਾਮ ਕਰਨ ਲਈ ਕੈਨੇਡਾ, ਰਸੀਆ, ਡੁਬਈ, ਨਿਊਜ਼ੀਲੈਂਡ ਅਤੇ ਮੰਡੀਲਾ ਦੇ ਦੌਰੇ ‘ਤੇ ਜਾ ਚੁੱਕਾ ਹਾਂ।
? ਤੁਹਾਨੂੰ ਅਦਾਕਾਰੀ ਦਾ ਕੋਈ ਸ਼ੌਕ ਹੈ ?
– ਬਹੁਤ ਜ਼ਿਆਦਾ ਹੈ। ਛੋਟਾ ਹੁੰਦਾ ਹੀ ਮੈਂ ਡਰਾਮੇ ਕਰਨ ਲੱਗ ਪਿਆ ਸੀ ਅਤੇ 1977 ਵਿਚ ਮੈਂ ਆਪਣੀ ਡਰਾਮਾ ਪਾਰਟੀ ਤਿਆਰ ਕਰ ਲਈ ਸੀ ‘ਅਲਬੇਲਾ  ਡਰਾਮਾ ਪਾਰਟੀ’। ਉਸ ਸਮੇਂ ਨਛੱਤਰ ਛੱਤਾ ਵੀ ਛੋਟਾ ਜਿਹਾ ਸੀ ਉਹ ਵੀ ਮੇਰੇ ਨਾਲ ਹੀ ਸੀ। ਸਾਡੀ ਡਰਾਮਾ ਪਾਰਟੀ ਇੰਨੀ ਵਧੀਆ ਸੀ ਕਿ ਉਸ ਟਾਈਮ ਮੁਹੰਮਦ ਸਦੀਕ ਪ੍ਰੋਗਰਾਮ ਦਾ 800 ਰੁਪਇਆ ਲੈਂਦਾ ਸੀ ਅਤੇ ਮੈਂ 1500 ਰੁਪਇਆ ਲੈਂਦਾ ਸੀ। ਮੈਂ ਬਹੁਤ ਜ਼ਿਆਦਾ ਡਰਾਮੇ ਕੀਤੇ ਹੌਲੀ-ਹੌਲੀ ਲੋਕਾਂ ਦਾ ਝੁਕਾਅ ਇਧਰੋਂ ਘੱਟ ਗਿਆ ਤੇ ਮੈਂ ਢਾਡੀ ਲਾਈਨ ਵਿਚ ਆ ਗਿਆ।
? ਤੁਸੀਂ ਢਾਡੀ ਲਾਈਨ ਹੀ ਕਿਉਂ ਚੁਣੀ ?
– ਕਿਉਂਕਿ ਢਾਡੀ ਗਾਉਣ ਸਦਾ ਬਹਾਰ ਗਾਉਣ ਹੈ ਬਾਕੀ ਸੰਗੀਤ ਵਿਚ ਬਦਲਾਵ ਆਉਂਦਾ ਰਹਿੰਦਾ ਹੈ। ਕਦੇ ਦਰਦ ਭਰੇ ਗੀਤ, ਕਦੇ ਭੰਗੜੇ ਬੀਟ ਦੇ ਤੇ ਕਦੇ ਪੋਪ ਸੰਗੀਤ। ਪਰ ਢਾਡੀ ਗਾਉਣ ਸਥਿਰ ਹੈ।
? ਤੁਹਾਡੇ ਸ਼ਗਿਰਦ ?
– ਮੇਰੇ ਬਹੁਤ ਜ਼ਿਆਦਾ ਸ਼ਗਿਰਦ ਹਨ ਜਿਨ•ਾਂ ਵਿਚ ਨਛੱਤਰ ਛੱਤਾ (ਜੋ ਕਿ 11 ਸਾਲ ਮੇਰੇ ਕੋਲ ਰਿਹਾ), ਬਲਕਾਰ ਸਿੱਧੂ, ਗਗਨਦੀਪ, ਅਮਨਦੀਪ (ਜੋ ਕਿ ਸੰਗੀਤ ਦੀ ਬੀ.ਏ. ਕਰ ਚੁੱਕਾ ਹੈ), ਨਿਰਮਲ ਗਿੱਲ, ਧਰਮਪ੍ਰੀਤ, ਸੰਦੀਪ ਸੋਨਾ, ਬਲਤੇਜ ਬਿੱਟੂ, ਰਵਿੰਦਰ ਚੰਨਾ ਅਤੇ ਪਵਿੱਤਰ ਅਤੇ ਹੋਰ ਅਨੇਕਾਂ (ਜੋ ਅਜੇ ਸਿਖ ਰਹੇ ਹਨ)।
? ਸੁਖਜਿੰਦਰ ਸ਼ੇਰੇ ਨੇ ਤੁਹਾਨੂੰ ਔਫਰ ਕੀਤੀ ਸੀ ?
– ਹਾਂ, ਸੁਖਜਿੰਦਰ ਸ਼ੇਰੇ ਨੇ ਮੈਨੂੰ ਔਫਰ ਕੀਤੀ ਸੀ ਪਰ ਮੈਂ ਸਵੀਕਾਰ ਨਹੀਂ ਕਰ ਸਕਿਆ ਕਿਉਂਕਿ ਮੇਰੀ ਤਬੀਅਤ ਖਰਾਬ ਹੋ ਗਈ ਸੀ।
? ਤੁਹਾਡੇ ਢਾਡੀ ਗਾਉਣ ਦੀਆਂ ਕੈਸੇਟਾਂ ਦੀ ਵਿਦੇਸ਼ਾਂ ਵਿਚ ਕੀ ਸਥਿਤੀ ਹੈ ?
– ਮੇਰੇ ਢਾਡੀ ਗਾਉਣ ਦੀਆਂ ਟੇਪਾਂ 122 ਮੁਲਕਾਂ ਵਿਚ ਚੱਲ ਰਹੀਆਂ ਹਨ ਜਿਥੇ-ਜਿਥੇ ਵੀ ਕੋਈ ਪੰਜਾਬੀ ਹੈ ਉਤੇ ਮੇਰੀ ਕੈਸੇਟ ਚੱਲਦੀ ਹੈ।
? ਉਸਤਾਦ ਜੀ ਆਪਣੇ ਲਿਖੇ ਗੀਤਾਂ ਬਾਰੇ ਚਾਨਣਾ ਪਾਓ ?
– ਵੈਸੇ ਤਾਂ ਮੈਂ ਬਹੁਤ ਗੀਤ ਲਿਖੇ ਹਨ ਪਰ ਜਿਹੜੇ ਬਹੁਤ ਮਸ਼ਹੂਰ ਹੋਏ ਹਨ ਉਨ•ਾਂ ਦੀ ਗਿਣਤੀ 50 ਤੋਂ 60 ਦੇ ਵਿਚਕਾਰ ਹੈ। ਮੇਰਾ ਸਭ ਤੋਂ ਪਹਿਲਾ ਗੀਤ ”ਵੋਟਾ ਵਿਚ ਮੈਂ ਖੜੀ” ਰਿਕਾਰਡ ਹੋਇਆ ਇਹ ਗਾਇਕ ਕੇ.ਐਸ. ਪਰਦੇਸੀ ਦੀ ਆਵਾਜ਼ ਵਿਚ ਰਿਕਾਰਡ ਹੋਇਆ। ਮੇਰਾ ਦੂਸਰਾ ਗੀਤ ”ਮੰਦੜੇ ਬੋਲ ਨਾ ਬੋਲ” ਨਛੱਤਰ ਛੱਤੇ ਦੀ ਆਵਾਜ਼ ਵਿਚ ਰਿਕਾਰਡ ਹੋਇਆ ਇਹ ਗੀਤ ਬਹੁਤ ਮਸ਼ਹੂਰ ਹੋਇਆ। ਇਸ ਤੋਂ ਬਾਅਦ ਬਲਕਾਰ ਦੀ ਆਵਾਜ਼ ਵਿਚ ਦਿਨ ਪੇਪਰਾਂ ਦੇ, ਤੂੰ ਹੋ ਗਈ ਮੁਟਿਆਰ, ਤੇਰੀ ਵੀਹੀ ਵਿਚ ਆਦਿ ਕਾਫੀ ਮਸ਼ਹੂਰ ਹੋਏ।
? ਤੁਹਾਨੂੰ ਇਸ ਖੇਤਰ ਵਿਚ ਆਉਣ ਲਈ ਕੋਈ ਖਾਸ ਮੁਸ਼ਕਿਲ ਆਈ ?
– ਕੋਈ ਖਾਸ ਨਹੀਂ, ਪਹਿਲਾਂ ਪਹਿਲਾਂ ਘਰ ਵਾਲਿਆਂ ਨੇ ਪੂਰਾ ਵਿਰੋਧ ਕੀਤਾ। ਫੇਰ ਹੌਲੀ-ਹੌਲੀ ਹਟ ਗਏ।
? ਪੋਪ ਦੇ ਪ੍ਰਭਾਵ ਬਾਰੇ ਕੀ ਕਹਿਣਾ ਚਾਹੋਗੇ ?
– ਸਾਡੇ ਦੇਸ਼ ਵਿਚ ਨਕਲ ਬਹੁਤ ਚੱਲਦੀ ਹੈ। ਦੇਖੋ ਦੇਖੀ ਸਾਰੇ ਪੋਪ ਵੱਲ ਭੱਜਦੇ ਹਨ ਪਰ ਹਰੇਕ ਦੇ ਮੂੰਹੋਂ ਇਹ ਜਚਦਾ ਨਹੀਂ ਕਿਸੇ-ਕਿਸੇ ਦੇ ਪੋਪ ਗਾਉਣ ਵਿਚ ਬਹੁਤ ਰਸ ਹੁੰਦਾ ਹੈ ਉਨ•ਾਂ ਵਾਸਤੇ ਪੋਪ ਚੰਗਾ ਹੈ। ਪਰ ਜਿਸ ਨੂੰ ਗਾਉਣਾ ਨਹੀਂ ਆਉਂਦਾ ਉਸ ਦੇ ਮੂੰਹੋਂ ਪੋਪ ਸੰਗੀਤ ਮਾੜਾ ਲੱਗਦਾ ਹੈ। ਉਹ ਆਪਣੇ ਸੰਗੀਤ ਨੂੰ ਵੀ ਭੁੱਲ ਬੈਠਦਾ ਹੈ।
? ”ਗੁਰੂ ਬਿਨ•ਾਂ ਗਤ ਨਹੀਂ” ਇਸ ਬਾਰੇ ਕੀ ਕਹੋਗੇ ?
– ਇਹ ਗੱਲ ਬਿਲਕੁਲ ਠੀਕ ਹੈ ਜਿਸ ਨੂੰ ਕਿਸੇ ਚੰਗੇ ਗੁਰੂ ਨੇ ਚੰਡਿਆਂ ਹੈ ਉਹੀ ਕਾਮਯਾਬ ਹੁਦਾ ਹੈ ਬਾਕੀ ਇਕ ਵਾਰ ਚਾਹੇ ਉਪਰ ਉਠ ਜਾਣ ਪਰ ਫੇਰ ਥੱਲੇ ਡਿੱਗ ਪੈਣਗੇ। ਕਾਮਯਾਬ ਉਹੀ ਹੁੰਦਾ ਹੈ ਜੋ ਆਪਣੇ ਗੁਰੂ ਤੋਂ ਸਿੱਖਦਾ ਹੈ।
? ਤੁਹਾਡੇ ਖਿਆਲ ਵਿਚ ਕਾਮਯਾਬ ਹੋਣ ਲਈ ਪੈਸਾ ਕੀ ਭੂਮਿਕਾ ਨਿਬਾਉਂਦਾ ਹੈ ?
– ਅੱਜਕੱਲ• ਦੇ ਯੁੱਗ ਵਿਚ ਪੈਸਾ ਜ਼ਰੂਰੀ ਹੈ ਪਰ ਗੁਣ ਬੇਹੱਦ ਜ਼ਰੂਰੀ ਹੈ। ਜੇਕਰ ਕਿਸੇ ਵਿਚ ਗੁਣ ਨਹੀਂ ਤਾਂ ਇਕੱਲੇ ਪੈਸੇ ਨਾਲ ਕਾਮਯਾਬੀ ਨਹੀਂ ਮਿਲ ਸਕਦੀ।
? ਤੁਹਾਨੂੰ ਇਨ•ਾਂ ਮਾਨ-ਸਨਮਾਨ ਮਿਲ ਰਿਹਾ ਹੈ। ਤੁਸੀਂ ਆਪਣੀ ਹੁਣ ਤੱਕ ਦੀ ਸਫਲਤਾ ਤੋਂ ਸੰਤੁਸ਼ਟ ਹੋ ?
– ਬਹੁਤ ਜ਼ਿਆਦਾ ਸੰਤੁਸ਼ਟ ਹਾਂ। ਇਸ ਲਾਈਨ ਵਿਚ ਇੰਨੇ ਜ਼ਿਆਦਾ ਮਿੱਤਰ ਬਣਾਏ, ਬਹੁਤ ਚੰਗੇ ਆਦਮੀਆਂ ਨਾਲ ਵਾਹ ਪਿਆ। ਦੇਸ਼ਾਂ ਵਿਦੇਸ਼ਾਂ ਵਿਚ ਦੌਰੇ ਲਾਏ, ਮਾਣ-ਇੱਜ਼ਤ ਮਿਲਿਆ। ਜੇਕਰ ਮੈਂ ਢਾਡੀ ਨਾ ਹੁੰਦਾ ਤਾਂ ਬੁਰਜ ਰਾਜਗੜ• ਤੋਂ ਬਾਹਰ ਨਹੀਂ ਨਿਕਲ ਸਕਦਾ ਸੀ।
? ਨਵੇਂ ਢਾਡੀਆਂ ਨੂੰ ਕੋਈ ਸੰਦੇਸ਼ ?
– ਉਸਤਾਦ ਦੀ ਕਦਰ ਕਰੋ, ਜਿਹੜਾ ਪੰਛੀ ਉਪਰ ਜਾ ਕੇ ਥੱਲੇ ਨਾ ਝਾਕੇ ਉਹ ਬਹੁਤ ਜਲਦੀ ਥੱਲੇ ਡਿੱਗ ਪੈਂਦਾ ਹੈ।
? ਕਿਸੇ ਨਾਲ ਕੋਈ ਗਿਲਾ-ਸ਼ਿਕਵਾ ?
– ਗਿਲਾ-ਸ਼ਿਕਵਾ ਤਾਂ ਆਪਣੇ ਨਾਲ ਹੀ ਹੈ ਕਿ ਮੈਨੂੰ ਗੁੱਸਾ ਬਹੁਤ ਜ਼ਿਆਦਾ ਆਉਂਦਾ ਏ, ਮੈਂ ਬਹੁਤ ਅੜਬ ਸੁਭਾ ਦਾ ਮਾਲਕ ਹਾਂ।
? ਪਾਠਕਾਂ ਨੂੰ ਕੋਈ ਸੰਦੇਸ਼ ?
– ਸਾਰੇ ਲੋਕਾਂ ਨੂੰ ਹੀ ਬੇਨਤੀ ਕਰਾਂਗਾ ਕਿ ਸਾਹਿਤ ਜ਼ਰੂਰ ਪੜਿ•ਆ ਕਰੋ। ਸਾਹਿਤ ਇਨਸਾਨ ਲਈ ਉਨ•ਾਂ ਹੀ ਜ਼ਰੂਰੀ ਹੈ ਜਿਨ•ਾਂ ਇਨਸਾਨ ਲਈ ਰੋਟੀ ਖਾਣਾ ਜ਼ਰੂਰੀ ਹੈ।

ਮੇਰੀ ਕਾਮੇਡੀ ਕਦੇ ਦੋ ਅਰਥੀ ਨਹੀਂ ਹੁੰਦੀ -ਜਸਵਿੰਦਰ ਭੱਲਾ

BHALA

-ਭਵਨਦੀਪ ਸਿੰਘ ਪੁਰਬਾ

ਹੱਸਦੇ ਨੂੰ ਤਾ ਰਵਾਉਣਾ ਕੋਈ ਔਖੀ ਗੱਲ ਨਹੀਂ। ਪਰ ਰੋਂਦੇ ਨੂੰ ਹਸਾਉਣਾ ਹਰ ਇਕ ਦੇ ਵਸ ਦੀ ਗੱਲ ਨਹੀਂ। ਜੇਕਰ ਰੋਂਦੇ ਨੂੰ ਹਸਾ ਸਕਦਾ ਹੈ ਤਾਂ ਮੇਰੇ ਖਿਆਲ ਵਿਚ ਇਕ ਹੀ ਵਿਅਕਤੀ ਹੈ ਜਿਸ ਨੂੰ ਪ੍ਰਮਾਤਮਾਂ ਨੇ ਇਸ ਕਲਾ ਦੇ ਗੱਫੇ ਵੰਡੇ ਹਨ। ਮੇਰੀ ਮੁਰਾਦ ਹੈ ਕਾਮੇਡੀ ਦੇ ਬੇਤਾਜ਼ ਬਾਦਸ਼ਾਹ ਕਈ ਸਾਲਾਂ ਤੋਂ ਲੋਕਾਂ ਦੇ ਦਿਲਾਂ ਤੇ ਰਾਜ਼ ਕਰਨ ਵਾਲੇ ਜੀ ਹਾਂ ਜਸਵਿੰਦਰ ਭੱਲਾ। ਜਸਵਿੰਦਰ ਭੱਲੇ ਵਿਚ ਭੋਰਾ ਵੀ ਹੰਕਾਰ ਨਾਂ ਦੀ ਚੀਜ਼ ਨਹੀਂ। ਹਰ ਇਕ ਨੂੰ ਗੱਲ ਲੱਗ ਕੇ ਮਿਲਦਾ ਹੈ। ਜਦੋਂ ਅਸੀਂ ਉਨ•ਾਂ ਨੂੰ ਮਿਲੇ ਤਾਂ ਸਾਨੂੰ ਭੱਲਾ ਜੀ ਇਸ ਤਰ•ਾਂ ਮਿਲੇ ਜਿਵੇਂ ਅਸੀਂ ਕਈ ਸਾਲਾਂ ਤੋਂ ਇਕ ਦੂਜੇ ਨੂੰ ਜਾਣਦੇ ਹੋਈਏ। ਜਸਵਿੰਦਰ ਭੱਲੇ ਨੂੰ ਪ੍ਰਮਾਤਮਾਂ ਨੇ ਐਨੀ ਕਲਾ ਬਖ਼ਸ਼ੀ ਹੈ ਕਿ ਲੋਕਾਂ ਨੂੰ ਹੱਸਣ ਲਈ ਉਸ ਨੂੰ ਆਪਣਾ ਮੂੰਹ ਜਾਂ ਸਰੀਰ ਦਾ ਕੋਈ ਹੋਰ ਅੰਗ ਵਿੰਗਾ ਟੇਢਾ ਨਹੀਂ ਕਰਨਾ ਪੈਂਦਾ, ਉਹ ਆਪਣੀਆਂ ਗੱਲਾਂ ਹੀ ਐਨੀਆਂ ਵਜ਼ਨਦਾਰ ਕਰਦਾ ਹੈ ਕਿ ਲੋਕਾਂ ਦੇ ਢਿੱਡੀ ਪੀੜਾਂ ਪਾ ਦਿੰਦਾ ਹੈ ਤੇ ਅਜਿਹਾ ਕੋਈ ਵਿਅਕਤੀ ਨਹੀਂ ਜੋ ਭੱਲੇ ਦੇ ਨਾਮ ਤੋਂ ਨਾ ਵਾਕਫ ਹੋਵੇ ਹਰ ਇਕ ਨਿਆਣਾ ਸਿਆਣਾ ਉਸ ਨੂੰ ਸੁਣ ਕੇ ਖੁਸ਼ੀ ਮਹਿਸੂਸ ਕਰਦਾ ਹੈ। ਜਸਪਾਲ ਭੱਟੀ ਦੀ ਪੰਜਾਬੀ ਫ਼ਿਲਮ ‘ਮਾਹੌਲ ਠੀਕ ਹੈ’ ਸੁਪਰ ਹਿੱਟ ਹੋਈ ਇਸ ਵਿਚ ਜਸਵਿੰਦਰ ਭੱਲੇ ਤੇ ਬਾਲ ਮੁਕੰਦ ਸ਼ਰਮੇ ਦੇ ਰੋਲ ਨੂੰ ਦਰਸ਼ਕਾਂ ਨੇ ਆਪਣੇ ਦਿਲ ਵਿਚ ਇਕ ਵੱਖਰੀ ਜਗ•ਾ ਦਿੱਤੀ। ਜਸਵਿੰਦਰ ਰੱਬ ਦੀ ਰਜ਼ਾ ਵਿਚ ਰਹਿਣ ਵਾਲਾ ਇਨਸਾਨ ਹੈ। ਉਹ ਪਰਮਾਤਮਾਂ ਤੇ ਮਿਹਨਤ ਵਿਚ ਵਿਸ਼ਵਾਸ ਰੱਖਦਾ ਹੈ। ਉਹ ਕਹਿੰਦਾ ਹੈ ਕਿ ਮੇਰੇ ਕੋਲੋਂ ਪ੍ਰਮਾਤਮਾਂ ਨੇ ਕੁਝ ਨਹੀਂ ਲਕੋ ਕੇ ਰੱਖਿਆ ਮੈਨੂੰ ਹਰ ਖੁਸ਼ੀ ਦਿੱਤੀ ਹੈ ਪ੍ਰਮਾਤਮਾਂ ਨੇ। ਭੱਲੇ ਜੀ ਨਾਲ ਸਾਡੀ ਗੱਲਬਾਤ ਹੋਈ ਅੱਜ ਲੰਬੀ ਇਹ ਗੱਲਬਾਤ ਪਾਠਕਾਂ ਨਾਲ ਸਾਂਝੀ ਕਰਨ ਲੱਗੇ ਖੁਸ਼ੀ ਮਹਿਸੂਸ ਕਰ ਰਹੇ ਹਾਂ।
? ਜਸਵਿੰਦਰ ਭੱਲਾ ਜੀ ਸਭ ਤੋਂ ਪਹਿਲਾਂ ਆਪਣਏ ਪਿਛੋਕੜ ਬਾਰੇ ਦੱਸੋ ?
– ਮੇਰਾ ਜਨਮ ਜੀ ਨਾਨਕੇ ਪਿੰਡ ਬੋਪਾਰਾਏ ਵਿਖੇ ਹੋਇਆ ਮੇਰੇ ਪਿਤਾ ਸ. ਬਹਾਦਰ ਸਿੰਘ ਭੱਲਾ ਮਾਤਾ ਸਤਵੰਤ ਕੌਰ ਭੱਲਾ ਜੀ ਮੇਰਾ ਜੱਦੀ ਪਿੰਡ ਘੱਦੂ (ਦੁਰਾਹੇ ਦੇ ਕੋਲ) ਉਥੇ ਮੇਰਾ ਬਚਪਨ ਬੀਤਿਆ।
? ਭੱਲਾ ਜੀ ਆਪਣੇ ਬਚਪਨ ਬਾਰੇ ਵਿਸਥਾਰ ਵਿਚ ਦੱਸੋ ?
– ਮੇਰੇ ਪਿਤਾ ਜੀ ਮਾਸਟਰ ਸਨ। ਮਾਸਟਰ ਦਾ ਪੁੱਤ ਹੋਣ ਕਰਕੇ ਪੜ•ਾਈ ਵਿਚ ਪੂਰਾ ਹੁਸ਼ਿਆਰ ਸੀ। ਸਕੂਲ ਵਿਚ ਬਾਲ ਸਭਾ ਦਾ ਸੈਕਟਰੀ ਸੀ। ਪੜ•ਾਈ ਕਰਕੇ ਤਾਂ ਕਦੇ ਸਕੂਲੋਂ ਕੁੱਟ ਨਹੀਂ ਸੀ ਖਾਦੀ ਜੇ ਖਾਦੀ ਸੀ ਤਾਂ ਸ਼ਰਾਰਤ ਕਰਕੇ ਖਾਦੀ, ਜਿਨ•ਾਂ ਨਾ ਪੜ•ਾਈ ਵਿਚ ਖੱਟਿਆ ਸੀ। ਉਨ•ਾਂ ਦੀ ਸ਼ਰਾਰਤ ਵਿਚ ਖੱਟਿਆ ਸੀ।
? ਬਚਪਨ ਵਿਚ ਵੀ ਹੱਸਣ-ਹਸੋਣ ਦਾ ਸ਼ੌਕ ਸੀ ਜਾਂ…?
– ਹਾਂ ਜੀ, ਮੈਨੂੰ ਨਿੱਕੇ ਹੁੰਦੇ ਹੀ ਚੁਟਕਲੇ ਸੁਨਣ ਅਤੇ ਸੁਨਾਉਣ ਦਾ ਸ਼ੌਕੀਂਨ ਸੀ। ਨੌਵੀਂ ਵਿਚ ਪੜ•ਦੇ ਸੀ ਤਾਂ ਯੁਵਕ ਦਲ ਮੁਕਾਬਲਾ ਹੋਇਆ ਸੀ। 20 ਸਕੂਲਾਂ ਦੇ ਕੁੱਲ 60 ਬੱਚੇ ਸਨ ਜਿਨ•ਾਂ ਵਿਚ 3 ਦਿਹਾਤੀ ਪ੍ਰੋਗਰਾਮ ਲਈ ਸਲੈਕਟ ਹੋਏ ਉਨ•ਾਂ ਤਿੰਨਾਂ ਵਿਚੋਂ ਇਕ ਮੈਂ ਸੀ। ਇਹ ਪ੍ਰੋਗਰਾਮ 25 ਜੂਨ 1975 ਨੂੰ ਹੋਇਆ ਸੀ।
? ਤੁਹਾਡੀ ਬਾਲ ਮੁਕੰਦ ਸ਼ਰਮੇ ਨਾਲ ਕੋਈ ਰਿਸ਼ਤੇਦਾਰੀ ਹੈ। ਜੇ ਨਹੀਂ ਤਾਂ ਤੁਹਾਡੀ ਮੁਲਾਕਾਤ ਬਾਲਾ ਜੀ ਨਾਲ ਕਦੋਂ ਹੋਈ ?
– ਵੇਖੋ ਜੀ ਸਾਡਾ ਪਿਆਰ ਆਪਸ ਵਿਚ ਐਨਾ ਹੈ ਕਿ ਉਸ ਦੇ ਅੱਗੇ ਸ਼ਾਇਦ ਰਿਸ਼ਤੇਦਾਰੀ ਵੀ ਫਿੱਕੀ ਪੈ ਜਾਵੇ। ਦਸਵੀਂ ਵਿਚੋਂ 72% ਨੰਬਰ ਲੈ ਕੇ ਬਲਾਕ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ। ਬੀ.ਐਸ.ਸੀ. ਕਰਨ ਲਈ ਐਗਰੀਕਲਚਰ ਯੂਨੀਵਰਸਿਟੀ ਵਿਚ ਦਾਖਲਾ ਲੈ ਲਿਆ। ਯੂਨੀਵਰਸਿਟੀ ਵਿਚ ਬਾਲਮੁਕੰਦ ਸ਼ਰਮਾ ਜੀ ਨਾਲ ਮੁਲਾਕਾਤ ਹੋ ਗਈ।
? ਭੱਲਾ ਜੀ ਆਪਣੇ ਉਸਤਾਦ ਬਾਰੇ ਦੱਸੋ ?
– ਡਾਂਸ/ਡਰਾਮਾਂ/ਮਿਊਜ਼ਿਕ ਕਲੱਬ ਦੇ ਪ੍ਰਧਾਨ ਪ੍ਰੋ. ਕੇਸ਼ੋ ਰਾਮ ਸ਼ਰਮਾ ਜੀ ਨੇ ਇਕ ਦਿਨ ਕਲਾਸ ਵਿਚ ਆ ਕੇ ਕਿਹਾ ਡਾਂਸ/ਡਰਾਮਾਂ/ਮਿਊਜ਼ਿਕ ਵਿਚ ਭਾਗ ਲੈਣ ਵਾਲੇ ਵਿਦਿਆਰਥੀ ਆਪਣਾ ਨਾਮ ਲਿਖਵਾ ਦੇਣ। ਸਾਡੀ ਕਲਾਸ ਵਿਚੋਂ ਮੈਂ ਤੇ ਸ਼ਰਮਾ ਜੀ ਸਿਰਫ਼ ਦੋਹਾਂ ਨੇ ਨਾਮ ਸਭ ਤੋਂ ਪਹਿਲਾਂ ਲਿਖਾਇਆ ਅਤੇ ਕੇਸ਼ੋ ਰਾਮ ਸ਼ਰਮਾਂ ਜੀ ਨੂੰ ਆਪਣਾ ਗੁਰੂ ਧਾਰਨ ਕਰ ਲਿਆ। ਸ਼ਰਮਾ ਜੀ ਨੇ ਡਰਾਮੇ ਵਿਚ ਤੇ ਮੈਂ ਗੀਤਾਂ ਵਿਚ।
? ਗਾਇਕੀ ਵੱਲੋਂ ਤੁਹਾਡਾ ਰੁਝਾਨ ਕਮੇਡੀ ਵੱਲ ਕਿਵੇਂ ਆਇਆ ?
– ਵੀਰ ਭਵਨਦੀਪ ਮੈਂ ਮੇਹਲ ਮਿੱਤਰ ਜੀ ਦਾ ਬਹੁਤ ਵੱਡਾ ਫੈਨ ਸੀ। ਮੈਂ ਉਨ•ਾਂ ਦੀ ਕੋਈ ਫ਼ਿਲਮ ਨਹੀਂ ਛੱਡੀ ਜੋ ਨਾਂ ਵੇਖੀ ਹੋਵੇ ਅਤੇ ਯੂਨੀਵਰਸਿਟੀ ਵਿਚ ਆ ਕੇ ਮੈਂ ਮੇਹਲ ਮਿੱਤਲ ਸਾਹਿਬ ਦੀ ਨਕਲ ਲਾਉਂਦਾ ਸੀ। ਸਾਰੇ ਬਹੁਤ ਪਸੰਦ ਕਰਦੇ ਸਨ। ਇਸੇ ਤਰ•ਾਂ ਬੱਸ ਕਮੇਡੀ ਵੱਲ ਰੁਝਾਨ ਵੱਧਦਾ ਗਿਆ। ਕਾਲਜ ਦੇ ਹਰੇਕ ਫੰਕਸ਼ਨ ਵਿਚ ਹਿੱਸਾ ਲੈਣਾ ਸ਼ੁਰੂ ਕੀਤਾ। ਮੈਂ ਕਾਲਜ ਵਿਚ ਲੋਕ ਬੋਲੀਆਂ ਪਾਈਆਂ ਤੇ ਕਾਲਜ ਦਾ ਬੈਸਟ ਸ਼ਿੰਗਰ ਚੁਣਿਆ ਗਿਆ। ਅੰਦਰੋਂ ਮੈਂ ਡਰਾਮੇ ਵਿਚ ਹਿੱਸਾ ਲੈਣਾ ਚਾਹੁੰਦਾ ਸੀ। ਤੜਫ਼ ਸੀ ਡਰਾਮੇ ਕਰਨ ਦੀ 1981 ਵਿਚ ਅਸੀਂ ਬੀ.ਐਸ.ਸੀ. ਵਾਲਿਆਂ ਨੇ ਫੇਅਰ ਵੈਲ ਪਾਰਟੀ ਦਿੱਤੀ। ਅਸੀਂ ਮੈਂ ਤੇ ਸ਼ਰਮਾ ਜੀ ਨੇ ਸੋਚਿਆ ਕਿ ਕੋਈ ਅਜਿਹੀ ਆਈਟਮ ਪੇਸ਼ ਕਰੀਏ ਜੋ ਸਾਰੀ ਉਮਰ ਸਾਰੇ ਸਾਥੀਆਂ ਨੂੰ ਯਾਦ ਰਹੇ। ਅਸੀਂ ਇਰ ਪਾਰਟੀ ਵਿਚ ਭੰਡਾਂ ਦਾ ਰੋਲ ਕੀਤਾ। ਅਸੀਂ ਇਸ ਲਈ ਬਹੁਤ ਮਿਹਨਤ ਕੀਤੀ। ਭੰਡਾਂ ਦੇ ਕੋਲ ਜਾ ਕੇ ਭੰਡਾਂ ਦੀ ਆਈਟਮ ਤਿਆਰ ਕੀਤੀ।
? ਤੁਹਾਡੀ ਇਸ ਭੰਡਾਂ ਦੀ ਆਈਟਮ ਨੇ ਤੁਹਾਡੇ ਇਸ ਖੇਤਰ ਵਿਚ ਤੁਹਾਡਾ ਨਾਮ ਬਨਾਉਣ ਲਈ ਕਿੰਨਾ ਕੁ ਯੋਗਦਾਨ ਪਾਇਆ ?
– ਵੇਖੋ ਜੀ ਇਸ ਆਈਟਮ ਨਾਲ ਅਸੀਂ ਭੱਲਾ ਤੇ ਬਾਲਾ ਦੇ ਨਾਮ ਨਾਲ ਮਸ਼ਹੂਰ ਹੋ ਗਏ। ਡਾ. ਖੇਮ ਸਿੰਘ ਗਿੱਲ ਸਾਡੀ ਆਈਟਮ ਤੋਂ ਬਹੁਤ ਖੁਸ਼ ਹੋਏ ਜੋ ਯੂਨੀਵਰਸਿਟੀ ਦੇ ਡੀ.ਐਮ. ਸਨ। ਉਨ•ਾਂ ਨੇ ਸਾਨੂੰ 100 ਰੁ. ਇਨਾਮ ਵਜੋਂ ਦਿੱਤੇ ਜੋ ਕਿ ਉਸ ਟਾਈਮ ਬਹੁਤ ਵੱਡੀ ਰਕਮ ਸੀ। ਉਸ ਸਮੇਂ ਸਾਡੇ ਕੋਲ ਖੁਸ਼ੀ ਸਾਂਭੀ ਨਹੀਂ ਸੀ ਜਾਂਦੀ।
? ਤੁਸੀਂ ਆਖਿਆ ਕਿ ਤੁਹਾਨੂੰ ਡਰਾਮਿਆਂ ਦਾ ਸ਼ੌਂਕ ਸੀ ਇਹ ਸ਼ੌਂਕ ਕਦੋਂ ਪੂਰਾ ਹੋਇਆ ?
– ਹਾਂ ਜੀ, ਮੈਨੂੰ ਡਰਾਮਿਆਂ ਦਾ ਸ਼ੌਂਕ ਸੀ, ਸਾਡੇ ਕਾਲਜ ਇਕ ਦਿਨ ਨਾਟਕ ਹੋ ਰਿਹਾ ਸੀ ‘ਸਾਡੇ ਵਿਆਹ ਦੀ ਢੌਲਕੀ ਕਦੋਂ ਵੱਜਨੀ’ ਇਸ ਵਿਚ ਬਾਲ ਮੁਕੰਦ ਸ਼ਰਮਾ ਜੀ ਦਾ ਮੁੱਖ ਰੋਲ ਸੀ। ਮੈਂ ਬੈਠਾ ਰਹਿਸਲ ਦੇਖ ਰਿਹਾ ਸੀ ਇਕ ਲੜਕਾ ਡਾਈਲਾਗ ਠੀਕ ਨਹੀਂ ਸੀ ਬੋਲ ਰਿਹਾ, ਉਸ ਲੜਕੇ ਦਾ ਨਾਮ ਰਜਿੰਦਰ ਸੀ। ਮੈਂ ਉਠ ਕੇ ਉਸ ਕੋਲ ਗਿਆ ਤੇ ਕਿਹਾ ਯਾਰ ਰਜਿੰਦਰ ਇਹ ਛੋਟੀ ਜਿਹੀ ਤਾਂ ਗੱਲ ਹੈ ਤੈਥੋਂ ਇਹ ਡਾਈਲਾਗ ਨਹੀਂ ਬੋਲਿਆ ਜਾਂਦਾ। ਤਾਂ ਗੁਰੂ ਜੀ ਗੁੱਸੇ ਵਿਚ ਬੋਲੇ ਤੂੰ ਬੋਲ ਕੇ ਦਿਖਾ ਦੇ ਮੇਰੇ ਵਿਚ ਪਤਾ ਨਹੀਂ ਐਨਾ ਜੋਸ ਕਿੱਥੇ ਆਇਆ ਮੈਂ ਪਹਿਲੀ ਵਾਰ ਹੀ ਲਾਇਲਾਗ ਠੀਕ ਬੋਲ ਦਿੱਤਾ ਤਾਂ ਗੁਰੂ ਜੀ ਨੇ ਕਿਹਾ ਹੁਣ ਇਹ ਰੋਲ ਭੱਲੇ ਤੂੰ ਕਰੇਗਾ।
? ਇਸ ਤੋਂ ਬਾਅਦ ਹੋਰ ਵੀ ਨਾਟਕ ਕਰਨ ਦਾ ਮੌਕਾ ਮਿਲਿਆ ?
– ਹਾਂ ਜੀ, 1982 ਵਿਚ ਯੂਥ ਫੈਸਟੀਵਲ ਹੋਇਆ ਸੀ। ਜਿਸ ਵਿਚ ਅਸੀਂ ਸ. ਅਜਮੇਰ ਸਿੰਘ ਔਲਖ ਦਾ ਨਾਟਕ ‘ਤੂੜੀ ਵਾਲਾ ਕੋਠਾ’ ਕਰਨਾ ਸੀ, ਸਕਰਿਪਟ ਪੜ•ੀ ਤਾਂ ਹਰੇਕ ਨੇ ਆਪਣਾ-ਆਪਣਾ ਰੋਲ ਚੁਣ ਲਿਆ। ਮੈਂ ਕਿਹਾ ਮੈਂ ਬੱਤੇ ਦਾ ਰੋਲ ਕਰੂੰਗਾ ਨਾਟਕ ਵਿਚ ਉਨ•ਾਂ ਨੂੰ ਬਨਤੂ ਬਨਤੂ ਕਹਿੰਦੇ ਸਨ ਇਸ ਰੋਲ ਲਈ ਤਿੰਨ ਲੜਕੀਆਂ ਨੇ ਹੋਰ ਬਾਂਹ ਖੜ•ੀ ਕੀਤੀ, ਸਾਡੇ ਗੁਰੂ ਜੀ ਨੇ ਸਾਨੂੰ ਤਿੰਨਾਂ ਨੂੰ ਸਕਰਿਪਟ ਦੇ ਦਿੱਤਾ ਤੇ ਕਹਿੰਦੇ ਕਿ ਰਹਿਸਲ ਕਰਕੇ ਆਓ ਸ਼ਾਮ ਨੂੰ ਸਲੈਕਟ ਕਰੂੰਗਾ ਤਿੰਨ ਵਜੇ ਫਿਰ ਇਕੱਠੇ ਹੋਏ ਅਸੀਂ ਵਾਰੋ-ਵਾਰੀ ਇਕ ਕਰਕੇ ਵਿਖਾਈ ਮੈਨੂੰ ਸਲੈਕਟ ਕਰ ਲਿਆ ਗਿਆ। ਗੁਰੂ ਜੀ ਬੋਲੇ ਜਦੋਂ ਕੰਪੀਟੀਸ਼ਨ ਹੋਇਆ 6-7 ਕਾਲਜ ਆਏ ਹੋਏ ਸਨ। ਪਲੇਅ ਸਾਡਾ ਫਸਟ ਆਇਆ ਤੇ ਬੈਸੇਟ ਐਕਟਰ ਮੈਨੂੰ ਚੁਨ ਲਿਆ ਗਿਆ। ਸਾਡੇ ਡਰਾਮੇ ਵੱਲੋਂ ਹੌਂਸਲੇ ਖੁਲ ਗਏ। ਫੇਰ ਡਰਾਮਿਆਂ ਦਾ ਦੌਰ ਵਧ ਗਿਆ, ਵਿਹੜਾ ਆਸ਼ਕਾਂ ਦਾ, ਇਕ ਰੁਮਾਇਣ ਹੋਰ, ਬਗਾਨੇ ਬੋਹੜ ਦੀ ਛਾਂ, ਏਕ ਥਾਂ ਗਧਾ ਅਲਾਬਾਦ, ਇਸ਼ਕ ਜਿਨ•ਾਂ ਦੇ ਹੱਡੀ ਰਚਿਆ ਤੇ ਸਾਡੇ ਅੰਨੇ ਨਸਾਨਚੀ, ਮੈਨੂੰ ਕਿਰਦਾਰ ਮਿਲਣ ਲੱਗ ਪਏ। ਮੇਰਾ ਰੁਝਾਨ ਗਾਇਕੀ ਵੱਲੋਂ ਹੱਟ ਕੇ ਇਧਰ ਹੋ ਗਿਆ।
? ਭੱਲਾ ਜੀ ਤੁਹਾਡੀ ਜਲੰਧਰ ਦੂਰਦਰਸ਼ਨ ਤੇ ਐਂਟਰੀ ਕਿਵੇਂ ਹੋਈ ?
– ਮੈਂ ਇਕ ਮਾਡਰਨ ਜਾਗੋ ਲਿਖੀ ਸੀ। ਜਿਸ ਵਿਚ ਕਮੇਡੀ ਨਾਲ ਸਮਾਜਿਕ ਬੁਰਾਈਆਂ ਦਾ ਜ਼ਿਕਰ ਵੀ ਕੀਤਾ ਸੀ। ਇਹ ਆਈਟਮ ਮੈਂ ਖੇਤੀਬਾੜੀ ਮੇਲੇ ਤੇ ਕੀਤੀ ਸੀ ਉਥੇ ਦੂਰਦਰਸ਼ਨ ਤੋਂ ਓਮ-ਗੋਰੀ ਦੱਸ ਸ਼ਰਮਾ ਜੀ ਆਏ ਹੋਏ ਸੀ। ਉਨ•ਾਂ ਨੇ ਸਾਡੀ ਕਲਾ ਦੇਖ ਕੇ ਦੂਰਦਰਸ਼ਨ ਤੇ ਬੁਲਾਇਆ। ਸਾਡੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਇਸ ਤਰ•ਾਂ ਸਾਡੀ ਦੂਰਦਰਸ਼ਨ ਤੇ ਐਂਟਰੀ ਹੋਈ ਸੀ। ਫਿਰ ਸਾਨੂੰ ਦੂਰਦਰਸ਼ਨ ਵਾਲਿਆਂ ਨੇ 12 ਐਪੀਸੋਡ ਕਰਨ ਲਈ ਕਿਹਾ। ਅਸੀਂ ਬਾਰਾਂ ਕਿਸ਼ਤਾਂ ਭੰਡਾਂ ਦੀਆਂ ਤਿਆਰ ਕਰ ਦਿੱਤੀਆਂ, 96 ਵਿਚ ਦੂਰਦਰਸ਼ਨ ਤੇ ਹਰਜੀਤ ਸਿੰਘ ਨੇ ਲਿਸ਼ਕਾਰਾ ਪ੍ਰੋਗਰਾਮ ਸ਼ੁਰੂ ਕੀਤਾ। ਹਰਜੀਤ ਜੀ ਨੇ ਸਾਨੂੰ ਨੀਲੂ ਨਾਲ ਮਿਲਾਇਆ ਕਿਹਾ ਭੱਲਾ ਜੀ ਇਹ ਨੀਲੂ ਜੀ ਹਨ। ਜਿਨ•ਾਂ ਨੇ ਹੰਸ ਰਾਜ ਹੰਸ ਦੇ ਗੀਤ ਨੀ ਵਣਜਾਰਣ ਕੁੜੀਏ ਤੇ ਐਕਟਿੰਗ ਕੀਤੀ ਸੀ ਫਿਰ ਅਸੀਂ ਡੇਢ ਸਾਲ ਲਿਸ਼ਕਾਰਾ ਪ੍ਰੋਗਰਾਮ ਕੀਤਾ। ਸੀ.ਐਮ.ਸੀ. ਦੇ ਮਾਲਿਕ ਜਰਨੈਲ ਘੁਮਾਣ ਵੱਲੋਂ ਸਾਡੀ ਛਣਕਾਟਾ ਸਾਢੇ ਛਿਆਨਵੇਂ ਕੈਸੇਟ ਵਿਚ ਨੀਲੂ ਨੇ ਪਹਿਲੀ ਵਾਰ ਕੰਮ ਕੀਤਾ ਉਸ ਤੋਂ ਬਾਅਦ ਸਾਡੇ ਨਾਲ ਪੱਕੇ ਤੌਰ ‘ਤੇ ਕੰਮ ਕਰਨ ਲੱਗ ਪਈ। ਬਹੁਤ ਹੀ ਸਿਆਣੀ ਤੇ ਸਮਝਦਾਰ ਲੜਕੀ ਹੈ।
? ਭੱਲਾ ਜੀ ਅੱਜ ਤੋਂ ਕਾਫੀ ਸਮਾਂ ਪਹਿਲਾਂ ਤੁਹਾਡਾ ਤੇ ਅਤਰੋ-ਚਤਰੋ ਦਾ ਪ੍ਰੋਗਰਾਮ ਦੂਰਦਰਸ਼ਨ ਤੇ ਚੱਲਦਾ ਸੀ। ਜੋ ਕਿ ਦਰਸ਼ਕਾਂ ਵੱਲੋਂ ਬਹੁਤ ਸਲਾਹਿਆ ਗਿਆ ਉਸ ਬਾਰੇ ਦੱਸੋ ?
– 1985 ਵਿਚ ਦਿਵਿਆ ਦੱਤਾ (ਜੋ ਹੁਣ ਫ਼ਿਲਮਾਂ ਵਿਚ ਹਨ) ਨਾਲ ਪ੍ਰੋਗਰਾਮ ਕੀਤਾ। 1989 ਵਿਚ ਮੈਂ ਅਤਰੋ-ਚਤਰੋ ਦੇ ਕਰੈਕਟਰ ਨੂੰ ਦੂਰਦਰਸ਼ਨ ਤੇ ਲੈ ਕੇ ਗਿਆ। ਰੈਡ-ਕਰਾਸ ਵੱਲੋਂ ਨਾਈਟ ਕੀਤੀ ਗਈ ਸੀ। ਜਗਜੀਤ ਸਿੰਘ ਫ਼ਿਲਮਾਂ ਵਾਲੇ ਨਾਲ ਮੇਲ ਹੋਇਆ ਉਥੇ ਅਤਰੋ ਚਤਰੋ ਜੀ ਵੀ ਆਏ ਹੋਏ ਸਨ ਇਹ ਆਦਮੀ ਸਨ ਤੇ ਔਰਤਾਂ ਦੇ ਰੋਲ ਕਰਦੇ ਸਨ। ਲੋਕ ਇਨ•ਾਂ ਦੇ ਕਰੈਕਟਰ ਨੂੰ ਬਹੁਤ ਪਸੰਦ ਕਰਦੇ ਸਨ। ‘ਸਾਸੋ ਕੀ ਸਰਗਮ’ ਫ਼ਿਲਮ ਜੋ ਪੰਜਾਬੀ ਵਿਚ ਪੰਜਾਬ 1947 ਦੇ ਨਾਮ ਨਾਲ ਬਣੀ ਸੀ, ਉਸ ਫ਼ਿਲਮ ਵਿਚ ਅਤਰੋ ਤੋਂ ਮੇਰੀ ਘਰਵਾਲੀ ਦਾ ਰੋਲ ਕਰਵਾਇਆ ਗਿਆ। ਪੰਜਾਬ ਵਿਚ ਮਾਹੌਲ ਖਰਾਬ ਹੋਣ ਕਰਕੇ ਸਹਾਰਨਪੁਰ (ਹਰਿਆਣੇ ਵਿਚ) ਸਾਡੀ ਸ਼ੂਟਿੰਗ ਹੋ ਰਹੀ ਸੀ। ਉਥੇ ਅਸੀਂ ਰਾਤ ਨੂੰ ਬੈਠ ਕੇ ਅਤਰੋ-ਚਤਰੋ ਪ੍ਰਾਈਵੇਟ ਲਿਮਟਿਡ ਸਕਿੱਟ ਬਣਾਈ, ਜੋ ਬਹੁਤ ਪਾਪੂਲਰ ਹੋਈ। ਇਸ ਸਕਿਟ ਨਾਲ ਅਤਰੋ-ਚਤਰੋ ਦੀ ਦੂਰਦਰਸ਼ਨ ਤੇ ਐਂਟਰੀ ਹੋਈ ਫਿਰ 1992 ਵਿਚ ਅਸੀਂ ਸੋਰੀ ਸਰ ਤੇ ਫੇਰ ਛਣਕਾਟਾ 2002 ਦੀ ਵੀਡੀਓ ਤਿਆਰ ਕੀਤੀ ਹੈ ਇਸ ਤਰ•ਾਂ ਸਾਡਾ ਮੇਲ ਜੋਲ ਕਾਫ਼ੀ ਸਮੇਂ ਤੋਂ ਹੈ।
? ਤੁਹਾਡੀ ਪਹਿਲੀ ਕੈਸੇਟ ਕਿਹੜੀ ਸੀ ਅਤੇ ਇਹ ਕੈਸੇਟ ਦਾ ਸਬੱਬ ਕਿਵੇਂ ਬਣਿਆ ?
– ਸਾਡੀ ਆਈਟਮ ਸ. ਜਗਦੇਵ ਸਿੰਘ ਜੱਸੋਵਾਲ ਨੇ ਪ੍ਰੋ. ਮੋਹਨ ਸਿੰਘ ਦੇ ਮੇਲੇ ਤੇ ਦੇਖੀ ਤੇ ਉਨ•ਾਂ ਨੇ ਕਿਹਾ ਕਿ ਜਿਨ•ਾਂ ਚਿਰ ਤੁਸੀਂ ਆਪਣੀ ਕੈਸੇਟ ਨਹੀਂ ਕਰਵਾਉਂਦੇ ਉਨ•ਾਂ ਚਿਰ ਤੁਹਾਡਾ ਨਾਮ ਨਹੀਂ ਬਣਨਾ। ਉਨ•ਾਂ ਨੇ ਐਮ.ਵੀ.ਆਈ. ਕੰਪਨੀ ਵੱਲੋਂ ਸਾਡੀ ਕੈਸੇਟ ਛਣਕਾਟਾ 88 ਰਿਕਾਰਡ ਕਰਵਾਈ ਇਸ ਕੈਸੇਟ ਵਿਚ ਛਣਕਾਟਾ ਜਾਗੋ ਭੰਡਾਂ ਦੇ ਟੋਟਕੇ ਆਦਿ ਸ਼ਾਮਿਲ ਸਨ। ਉਸ ਟਾਈਮ ਮਲਕੀਤ ਸਿੰਘ ਕੈਸੇਟ ਤੂਤਕ-ਤੂਤਕ-ਤੂਤੀਆਂ ਸੁਪਰਹਿੱਟ ਹੋਈ ਫਿਰ ਵੀ ਸਾਡੀ ਕੈਸੇਟ ਸੁਪਰਹਿੱਟ ਹੋ ਗਈ। ਕਿਉਂਕਿ ਉਹ ਕੈਸੇਟ ਗੀਤਾਂ ਦੀ ਸੀ ਤੇ ਸਾਡੇ ਕਮੇਡੀ।
? ਭੱਲਾ ਜੀ ਸਰੋਤਿਆਂ ਨੂੰ ਆਪਣੇ ਵਿਦੇਸ਼ੀ ਦੌਰਿਆਂ ਬਾਰੇ ਦੱਸੋ ?
– ਵੀਰ ਜੀ ਮੈਂ 1991 ਵਿਚ ਹੰਸ ਰਾਜ ਹੰਸ ਨਾਲ ਇੰਗਲੈਂਡ ਗਿਆ ਸੀ। ਫਿਰ 1993 ਵਿਚ ਸ਼ੋ ਕਰਨ ਲਈ ਕੈਨੇਡਾ-ਅਮਰੀਕਾ ਗਏ ਉਦੋਂ ਮੇਰੇ ਨਾਲ ਬਾਲ ਮੁਕੰਦ ਸ਼ਰਮਾ ਜੀ ਵੀ ਸਨ, ਫਿਰ 1994 ਵਿਚ। ਮਤਲਬ ਕਿ ਪਰਮਾਤਮਾਂ ਦੀ ਕ੍ਰਿਪਾ ਨਾਲ ਵਧੀਆ ਮੁਲਕਾਂ ਵਿਚ ਸ਼ੋ ਕਰ ਚੁੱਕੇ ਹਾਂ।
? ਭੱਲਾ ਜੀ ਕਬੂਤਰ ਵੀ ਵਿਦੇਸ਼ ਲੈ ਕੇ ਗਏ ਜਾਂ ?
– (ਹੱਸਦੇ ਹੋਏ) ਦੇਖੋ ਜੀ ਮੈਂ ਨਹੀਂ ਚਾਹੁੰਦਾ ਕਿ ਕਿਸੇ ਦੇ ਖ਼ੂਨ ਪਸੀਨੇ ਦੀ ਕਮਾਈ ਨਾਲ ਅਸੀਂ ਆਪਣਾ ਟੱਬਰ ਪਾਲੀਏ ਇਹ ਤਾਂ ਜੀ ਜੀਹਨੂੰ ਪੈਸੇ ਦੀ ਭੁੱਖ ਹੈ ਉਨ•ਾਂ ਪ੍ਰਮੋਟਰਾਂ ਨੇ ਕਲਾਕਾਰਾਂ ਨੂੰ ਬਦਨਾਮ ਕੀਤਾ ਹੈ। ਬਹੁਤ ਕੁਝ ਹੋਈ ਜਾਂਦਾ ਹੈ ਜੀ। ਐਥੇ ਪਰ ਹੁਣ ਤਾਂ ਜੀ ਜਦੋਂ ਕਲਾਕਾਰ ਵੀਜਾ ਲੈਣ ਜਾਂਦਾ ਹੈ ਤਾਂ ਉਸ ਨੂੰ ਸੱਕ ਦੀ ਨਿਗਾ ਨਾਲ ਵੇਖਿਆ ਜਾਂਦਾ ਹੈ। ਚੰਗੀ ਤਰ•ਾਂ ਇਨਕੁਆਰੀ ਕਰਨ ਤੋਂ ਬਾਅਦ ਵੀਜਾ ਮਿਲਦਾ ਹੈ। ਨਾਲੇ ਕਲਾਕਾਰ ਨਾਲ ਤਾਂ ਕਬੂਤਰ ਜਾ ਸਕਦੇ ਹਨ। ਬੱਸ ਕਹਿਨਾ ਹੀ ਹੈ ਜੀ ਇਹ ਢੋਲਕੀ ਵਾਲਾ ਹੈ ਇਹ ਜੀ ਵਾਜਾ ਵਜਾਉਂਦਾ ਹੈ, ਇਹ ਜੀ ਫਲਾਨਾ ਸਾਜ ਵਜਾਉਂਦਾ ਹੈ ਸਾਡੇ ਨਾਲ ਤਾਂ ਜੀ ਕੋਈ ਸਾਜੀ ਨਹੀਂ ਹੁੰਦਾ ਬੱਸ ਨੀਲੂ ਤੇ ਬਾਲਾ ਜੀ ਦੋ ਹੀ ਹੁੰਦੇ ਹਨ।
? ਭੱਲਾ ਜੀ ਆਪਣੇ ਪਰਿਵਾਰ ਬਾਰੇ ਦੱਸੋ ?
– ਹਾਂ ਜੀ, ਮੇਰੀ ਧਰਮ ਪਤਨੀ ਦਾ ਨਾਂ ਪਰਮਦੀਪ ਕੌਰ ਹੈ ਉਸ ਨੇ ਫਾਈਨ ਆਰਟ ਦੀ ਐਮ.ਏ. ਕੀਤੀ ਹੋਈ ਹੈ। ਹੁਣ ਗੁਰੂ ਨਾਨਕ ਪਬਲਿਕ ਸਕੂਲ ਵਿਚ ਫਾਈਨ ਆਰਟ ਦੇ ਟੀਚਰ ਹਨ। ਇਕ ਲੜਕਾ ਇਕ ਲੜਕੀ ਹਨ। ਬੇਟੀ ਅਸਪ੍ਰੀਤ ਕੌਰ, ਬੇਟਾ ਪੁਖਰਾਜ ਹੈ। ਮੇਰੇ ਮਾਤਾ ਪਿਤਾ ਜੀ ਵੀ ਮੇਰੇ ਨਾਲ ਰਹਿੰਦੇ ਹਨ। ਸਾਡਾ ਛੋਟਾ ਜਿਹਾ ਪਰਿਵਾਰ ਹੈ ਜੀ।
? ਤੁਹਾਡੇ ਪਰਿਵਾਰ ਨੇ ਤੁਹਾਨੂੰ ਸਹਿਯੋਗ ਦਿੱਤਾ ਜਾਂ ਵਿਰੋਧ ਕੀਤਾ ?
– ਦੇਖੋ ਜੀ ਮੇਰੇ ਪਰਿਵਾਰ ਨੇ ਮੇਰਾ ਬਹੁਤ ਸਹਿਯੋਗ ਦਿੱਤਾ ਕਿਉਂਕਿ ਮੈਂ ਆਪਣੇ ਇਸ ਸ਼ੌਂਕ ਨੂੰ ਕਿੱਤਾ ਨਹੀਂ ਬਣਾਇਆ। ਪਰਿਵਾਰ ਵਾਲੇ ਵਿਰੋਧ ਤਾਂ ਕਰਦੇ ਹਨ, ਜੋ ਉਨ•ਾਂ ਦੀਆਂ ਜ਼ਰੂਰਤਾਂ ਪੂਰੀਆਂ ਨਾਂ ਹੋਣ ਮੇਰੀ ਪੱਕੀ ਨੌਕਰੀ ਹੈ ਉਨ•ਾਂ ਦਾ ਖਰਚ ਵਧੀਆ ਨਿਕਲ ਰਿਹਾ ਹੈ। ਨੌਕਰੀ ਤੋਂ ਬਾਅਦ ਟਾਈਮ ਕੱਢਕੇ ਆਪਣੇ ਸ਼ੌਂਕ ਪੂਰੇ ਕਰਦਾ ਹਾਂ, ਇਸ ਲਈ ਮੇਰਾ ਵਿਰੋਧ ਨਹੀਂ ਕਰਦੇ ਸਗੋਂ ਮੇਰਾ ਸਾਥ ਦਿੰਦੇ ਹਨ।
? ਤੁਸੀਂ ਵਿਦੇਸ਼ ਵਿਚ ਜਾਂਦੇ ਰਹਿੰਦੇ ਹੋ ਤੁਹਾਨੂੰ ਐਧਰਲੇ ਤੇ ਉਧਰਲੇ ਸਰੋਤਿਆਂ ਵਿਚ ਕੀ ਫ਼ਰਕ ਮਹਿਸੂਸ ਹੋਇਆ ?
– ਵੇਖੋ ਜੀ ਫ਼ਰਕ ਕੋਈ ਖਾਸ ਨਹੀਂ ਜੋ ਸਰੋਤੇ ਐਧਰ ਹਨ। ਉਹ ਹੀ ਸਰੋਤੇ ਉਧਰ ਹਨ। ਹੋਰ ਗੋਰੇ ਤਾਂ ਸੁਨਦੇ ਨਹੀਂ ਫ਼ਰਕ ਬੱਸ ਇਹੀ ਹੈ ਕਿ ਐਧਰ ਲੋਕ ਕਲਾਕਾਰ ਨੂੰ ਟਿਕਕੇ ਸੁਣਦੇ ਹਨ। ਉਧਰ ਲੈ ਸਰੋਤੇ ਆਪਣੇ ਮਾਹੌਲ ਮੁਤਾਬਿਕ ਜਦ ਕਲਾਕਾਰ ਸ਼ੋ ਕਰਦਾ ਹੈ ਤਾਂ ਨਾਲ ਹੀ ਨਾਲ ਸਰੋਤੇ ਸ਼ਰਾਬ ਵਗੈਰਾ ਪੀਂਦੇ ਹਨ। ਨੱਚਦੇ ਹਨ ਤੁਰੇ ਹੀ ਫਿਰਦੇ ਹਨ ਬੱਸ ਇਸ ਤਰ•ਾਂ ਉਹ ਇਨਜੁਆਏ ਕਰਦੇ ਹਨ, ਮਤਲਬ ਕੇ ਇਕੱਠੇ ਪ੍ਰੋਗਰਾਮ ਨਹੀਂ ਵੇਖਦੇ।
? ਭੱਲਾ ਜੀ ਕੀ ਤੁਸੀਂ ਹੁਣ ਤੱਕ ਦੀ ਸਫਲਤਾ ਤੋਂ ਸੰਤੁਸ਼ਟ ਹੋ ?
– ਵੇਖੋ ਜੀ ਬੰਦੇ ਦੀ ਲਾਲਸਾ ਤਾਂ ਅਗਾਹ ਦੀ ਅਗਾਹ ਵਧਦੀ ਜਾਂਦੀ ਹੈ। ਪਰ ਮੈਨੂੰ ਫਿਰ ਵੀ ਪੂਰੀ ਸੰਤੁਸ਼ਟੀ ਹੈ। ਜਿਨ•ਾਂ ਗੁੜ ਪਾਈ ਦਾ ਹੈ ਪਰਮਾਤਮਾਂ ਉਸ ਤੋਂ ਜ਼ਿਆਦਾ ਹੀ ਮਿੱਠਾ ਦਿੰਦਾ ਹੈ।
? ਤੁਹਾਡੀਆਂ ਕਿੰਨੀਆਂ ਫ਼ਿਲਮਾਂ ਆ ਚੁੱਕੀਆਂ ਹਨ ?
– ਦੇਸ਼ੋ ਪ੍ਰਦੇਸ਼, ਸੋਲਵਾਂ ਸਾਲ, ਸਜਾ, ਦੁੱਲਾ ਭੱਟੀ ਤੇ ਮਾਹੌਲ ਠੀਕ ਹੈ।
? ਭੱਲਾ ਜੀ ਤੁਹਾਡਾ ਜੋਤਿਸ਼ ਬਾਰੇ ਕੀ ਖਿਆਲ ਹੈ ?
– ਵੇਖੋ ਜੀ ਮੈਂ ਜੋਤਿਸ਼ ਬਾਰੇ ਤਾਂ ਬਹੁਤ ਜਾਣਕਾਰੀ ਨਹੀਂ ਰੱਖਦਾ ਮੈਂ ਪਰਮਾਤਮਾਂ ਤੇ ਵਿਸ਼ਵਾਸ਼ ਰੱਖਣ ਵਾਲਾ ਇਨਸਾਨ ਹਾਂ ਜਿਹੜਾ ਬੰਦਾ ਮਿਹਨਤ ਨਹੀਂ ਕਰਦਾ ਉਹ ਕਿਸਮਤ ਨੂੰ ਮਾੜਾ ਕਹਿੰਦਾ ਹੈ।
? ਨਵੇਂ ਕਾਮੇਡੀਅਨਾਂ ਨੂੰ ਕੋਈ ਸੰਦੇਸ਼ ?
– ਬੱਸ ਇਹੀ ਕਹਾਂਗਾ ਇਸ ਧਰਤੀ ਤੇ ਸਭ ਕੁਝ ਸੰਭਵ ਹੈ, ਮਿਹਨਤ ਕਰੋ ਪਰਮਾਤਮਾਂ ਵਿਚ ਵਿਸ਼ਵਾਸ਼ ਰੱਖੋ ਪਰਮਾਤਮਾਂ ਇਸਦਾ ਫਲ ਜ਼ਰੂਰ ਦੇਵੇਗਾ ਭਾਵੇਂ ਦੇਰ ਨਾਲ ਦੇਵੇ।
? ਕੋਈ ਮਿੱਠੀ ਯਾਦ ਜੋ ਪਾਠਕਾਂ ਨਾਲ ਸਾਂਝੀ ਕਰਨੀ ਚਾਹੋ ?
– 1982 ਤੋਂ ਇਹ ਸਫ਼ਰ ਸ਼ੁਰੂ ਹੋਇਆ ਸੀ ਹੁਣ ਤੱਕ ਜਾਰੀ ਹੈ ਸਰੋਤਿਆਂ ਤੋਂ ਪਿਆਰ ਮਿਲਦਾ ਆ ਰਿਹਾ ਹੈ ਜੀ ਇਹ ਮਿੱਠੀਆਂ ਯਾਦਾਂ ਹੀ ਹਨ।
? ਕੋਈ ਕੌੜਾ ਅਨੁਭਵ ?
– ਨਾ ਵੀਰ ਜੀ ਪਰਮਾਤਮਾਂ ਦੀ ਕ੍ਰਿਪਾ ਹੈ ਜ਼ਿੰਦਗੀ ਪੂਰੀ ਖੁਸ਼ਹਾਲ ਹੈ। ਪਰਮਾਤਮਾਂ ਦੀ ਕ੍ਰਿਪਾ ਹੈ ਮੇਰਾ ਮਾਲਕ ਨਾ ਹੀ ਕੌੜਾ ਦਿਨ ਦਿਖਾਵੇ।
? ਤੁਹਾਡੀ ਜ਼ਿਆਦਾ ਨੀਲੂ ਨਾਲ ਹੀ ਕਿਉਂ ਨੋਕ ਝੋਕ ਹੁੰਦੀ ਹੈ ?
– ਵੇਖੋ ਜੀ ਅਸੀਂ ਤਿੰਨ ਜਾਣੇ ਹੁੰਦੇ ਹਾਂ ਸਾਡੀ ਨੋਕ ਝੋਕ ਆਪਸ ਵਿਚ ਹੀ ਹੋਵੇਗੀ ਜੇ ਅਸੀਂ ਆਪਣੇ ਚੂੰਡੀ ਵੱਢਾਂਗੇ ਤਾਂ ਹੀ ਲੋਕ ਵਡਾਉਣਗੇ ਉਸ ਬੰਦੇ ਨੂੰ ਮਜਾਕ ਕਰਨ ਦਾ ਹੱਕ ਹੈ। ਜੋ ਮਜਾਕ ਸਹਾਰ ਸਕਦਾ ਹੋਵੇ। ਹੱਸਣ ਦੇ ਨਾਲ-ਨਾਲ ਅਸੀਂ ਲੋਕਾਂ ਨੂੰ ਨਸੀਹਤ ਵੀ ਦਿੰਦੇ ਹਾਂ ਕਿ ਭਾਈ ਬੁਰੇ ਕੰਮਾਂ ਤੋਂ ਬਚੇ। ਇਸ ਗੱਲ ਦਾ ਅਨੁਮਾਨ ਤੁਸੀਂ ਸਾਡੀ ਨਵੀਂ ਕੈਸੇਟ ਛਣਕਾਟਾ 2002 ਸੁਣ ਕੇ ਲਾ ਸਕਦੇ ਹੋ।
? ਪਾਠਕਾਂ ਨੂੰ ਕੋਈ ਸੰਦੇਸ਼ ?
– ਪਾਠਕਾਂ ਨੂੰ ਬੇਨਤੀ ਹੈ ਕਿ ਉਹ ਆਪਣੀ ਰਾਇ ਜ਼ਰੂਰ ਭੇਜਿਆ ਕਰਨ। ਮੇਰਾ ਪਤਾ ਹੈ।

-ਜਸਵਿੰਦਰ ਭੱਲਾ
245-ਏ, ਮਾਡਨ ਟਾਊਨ ਇਕਸਟੈਸ਼ਨ, ਨੇੜੇ ਨਵਾਂ ਕ੍ਰਿਸ਼ਨਾ ਮੰਦਰ, ਲੁਧਿਆਣਾ।

ਸਾਂਝੀ ਮਾਈ ਨੂੰ ਕੋਈ ਨਹੀਂ ਪਿੱਟਦਾ -ਗੁਰਪ੍ਰੀਤ ਘੁੱਗੀ

GUGGI

-ਭਵਨਦੀਪ ਸਿੰਘ ਪੁਰਬਾ

ਹਰ ਇਕ ਇਨਸਾਨ ਨੂੰ ਆਪਣੀ ਵੱਖਰੀ ਪਹਿਚਾਣ ਬਣਾਉਣ ਲਈ ਸਖਤ ਮਿਹਨਤ ਕਰਨੀ ਪੈਂਦੀ ਹੈ। ਉਹ ਇਨਸਾਨ ਭਾਵੇਂ ਕਿਸੇ ਵੀ ਖੇਤਰ ਨਾਲ ਸਬੰਧ ਰੱਖਦਾ ਹੋਵੇ ਸਖਤ ਮਿਹਨਤ, ਦ੍ਰਿੜ ਵਿਸ਼ਵਾਸ, ਬੌਲੰਦ ਹੌਸਲੇ ਵਾਲੇ ਇਨਸਾਨ ਨੂੰ ਮੰਜ਼ਲ ਨਾ ਮਿਲੇ ਤਾਂ ਇਹ ਹੋ ਨਹੀਂ ਸਕਦਾ ਕਾਮੇਡੀ ਵਿਚ ਜਿਹੜੇ ਕਲਾਕਾਰ ਉਂਗਲਾਂ ਤੇ ਗਿਣੇ ਜਾਂਦੇ ਹਨ ਉਹ ਰਾਤੋਂ ਰਾਤ ਸਟਾਰ ਨਹੀਂ ਬਣੇ ਉਹ ਚੰਗੇ ਉਸਤਾਦਾਂ ਦੇ ਚੰਡੇ ਹੁੰਦੇ ਹਨ। ਦਿਨ ਰਾਤ ਇਕੋ ਕਰਕੇ ਮਿਹਨਤ ਕਰਦੇ ਹਨ। ਉਹਨਾਂ ਨੂੰ ਪੱਕੇ ਪੈਰੀ ਖੜ•ੇ ਹੋਣ ਵਾਸਤੇ ਪੈਸਾ ਨਹੀਂ ਵਰਤਿਆ ਕਿਉਂਕਿ ਉਹ ਜਾਣ ਦੇ ਹਨ ਕਿ ਕੀ ਪੈਸੇ ਨਾਲ ਥੋੜ•ਾ ਚਿਰ ਲੋਕਾਂ ਵਿਚ ਸਥਾਨ ਤਾਂ ਬਣਾਇਆ ਜਾ ਸਕਦਾ ਹੈ ਪਰ ਜੋ ਮਿਹਨਤ ਨਾਲ ਲੋਕਾਂ ਵਿਚ ਸਥਾਨ ਬਣਦਾ ਹੈ। ਉਸ ਦੀ ਉਮਰ ਬਹੁਤ ਲੰਬੀ ਹੁੰਦੀ ਹੈ। ਉਹ ਕਰੋੜਾਂ ਦਿਲਾਂ ਤੇ ਰਾਜ ਕਰਦੇ ਹਨ ਤੇ ਮਿਹਨਤ ਸਦਕਾ ਆਪਣੀ ਪਛਾਣ ਸਦਾ ਬਰਕਰਾਰ ਰੱਖਦੇ ਹਨ। ਅੱਜ ਮੈਂ ਅਜਿਹੇ ਸਦਾ ਬਹਾਰ ਕਲਾਕਾਰਾਂ ਦੀ ਗੱਲ ਕਰਦਾ ਹਾਂ ਜੋ ਕਾਫੀ ਸਮਾਂ ਪਹਿਲਾਂ ਜਲੰਧਰ ਦੂਰਦਰਸ਼ਨ ਤੇ ਆਮ ਹੀ ਕਹਿੰਦਾ ਸੁਨੀਦਾ ਸੀ। ਮੇਰਾ ਗੁੱਸਾ ਬੜਾ ਯਾਲਮ ਏ ਮੈਂ ਜੁੱਤੀ ਬੜੀ ਬਰਾਉਣਾ, ਉਪਰੋਕਤ ਸ਼ਬਦਾਂ ਨਾਲ ਤੁਸੀਂ ਸਮਾਜ ਹੀ ਗਏ ਹੋਵੇ ਗੇ, ਕਿ ਮੈਂ ਕਿਸ ਕਮੇਡੀ ਕਲਾਕਾਰ ਦੀ ਗੱਲ ਕਰਦਾ ਹਾਂ ਉਹ ਕੋਈ ਕਮੇਡੀ ਕਲਾਕਾਰ ਦੀ ਗੱਲ ਕਰਦਾ ਹਾਂ ਉਹ ਕੋਈ ਹੋਰ ਨਹੀਂ ਉਸ ਸ਼ਖਸੀਅਤ ਦਾ ਨਾ ਹੈ ਗੁਰਪ੍ਰੀਤ ਘੁੱਗੀ।
ਘੁੱਗੀ ਕੋਈ ਰਾਤੋਂ ਰਾਤ ਸਟਾਰ ਨਹੀਂ ਬਣਿਆ ਉਸਨੇ ਬਚਪਣ ਹੀ ਇਸ ਖੇਤਰ ਵਿਚ ਲਗਾਇਆ ਹੈ। ਘਰਦਿਆਂ ਤੋਂ ਗਾਲਾਂ ਲੈਂਦਿਆਂ ਲੋਕਾਂ ਦੇ ਤਾਨੇ ਮੈਹਣੇ ਸਹਿੰਦਾ ਅੱਜ ਲੱਖਾਂ ਕਰੋੜਾਂ ਦਿਲਾਂ ਤੇ ਰਾਜ ਕਰ ਰਿਹਾ ਹੈ। ਘੁੱਗੀ ਕਿੰਨਾ ਮਿਲਨਸਾਰ ਇਨਸਾਨ ਹੈ। ਇਹ ਤਾਂ ਉਸ ਨੂੰ ਮਿਲ ਕੇ ਪਤਾ ਲੱਗਦਾ ਕਿ ਉਹ ਘਰੇ ਆਏ ਮਹਿਮਾਨ ਦੀ ਕਿੰਨੀ ਇੱਜਤ ਕਰਦਾਂ ਹਾਂ ਇਕ ਦਿਨ ਸਾਡਾ ਸੱਬਬ ਉਹਨਾਂ ਨੂੰ ਮਿਲਣ ਦਾ ਬਣਿਆ ਉਸ ਤਰ•ਾਂ ਮਿਲਿਆ ਜਿਵੇਂ ਸਾਡੇ ਨਾਲ ਕੋਈ ਪੁਰਾਣੀ ਸਾਂਝ ਹੋਵੇ।
ਕੁਝ ਘਰੇਲੂ ਗੱਲਾਂ ਤੋਂ ਬਾਅਦ ਗੁਰਪ੍ਰੀਤ ਜੀ ਨਾਲ ਮੁਲਾਕਾਤ ਦਾ ਦੌਰ ਜਾਰੀ ਹੋਇਆ ਮੁਲਾਕਾਤ ਤੋਂ ਬਾਅਦ ਉਹਨਾਂ ਨੇ ਸਾਨੂੰ ਆਪਣੇ ਮਾਤਾ ਪਿਤਾ ਨਾਲ ਮਿਲਾਇਆ ਜੋ ਬਹੁਤ ਹੀ ਨੇਕ ਸੁਭਾਅ ਦੇ ਮਾਲਕ ਹਨ। ਗੁਰਪ੍ਰੀਤ ਦੇ ਮਾਤਾ-ਪਿਤਾ ਜੀ ਨੂੰ ਮਿਲ ਕੇ ਤਾਂ ਸਾਡੀ ਇਹ ਮੁਲਾਕਾਤ ਯਾਦਗਾਰੀ ਬਣ ਗਈ, ਵਾਪਸੀ ਸਮੇਂ ਦਾ ਸਾਨੂੰ ਦੂਰ ਤੱਕ ਛੱਡ ਕੇ ਜਾਨਾ ਤੇ ਜੱਫੀਆਂ ਪਾ ਵਿਦਾ ਕਰਨਾ ਇਕ ਚੰਗੇ ਕਲਾਕਾਰ ਦਾ ਗੁਣ ਹੀ ਹੋ ਸਕਦਾ ਹੈ। ਮੈਂ ਬਹੁਤਾ ਕੁਝ ਨਾ ਲਿਖਦਾ ਹੋਇਆ, ਉਸ ਦਿਨ ਦੀ ਗੁਰਪ੍ਰੀਤ ਘੁੱਗੀ ਨਾਲ ਹੋਈ ਮੁਲਾਕਾਤ, ਪਾਠਕਾਂ ਨਾਲ ਸਾਂਝੀ ਕਰਨ ਦੀ ਖੁਸ਼ੀ ਮਹਿਸੂਸ ਕਰਦਾ ਹਾਂ।
? ਗੁਰਪ੍ਰੀਤ ਜੀ ਸੱਭ ਤੋਂ ਪਹਿਲਾਂ ਆਪਣੇ ਪਿਛੋਕੜ ਬਾਰੇ ਦੱਸੋ ?
– ਮੇਰੇ ਪਿਤਾ ਸ. ਗੁਰਨਾਮ ਸਿੰਘ, ਮਾਤਾ ਸ੍ਰੀ ਮਤੀ ਸੁਖਵਿੰਦਰ ਕੌਰ ਮੇਰੇ ਡੈਡੀ ਆਰਮੀ ਵਿਚ ਸਨ। ਇਸ ਲਈ ਮੈਂ ਮਿਲਟਰੀ ਹਸਪਤਾਲ ਵਿਚ ਫ੍ਰੀ ਜੰਮਿਆ।
? ਘੁੱਗੀ ਜੀ ਤੁਹਾਡਾ ਬਚਪਣ ਕਿਹੋ ਜਿਹਾ ਬੀਤਿਆ ?
– ਵੇਖੋ ਜੇ ਜ਼ਿੰਦਗੀ ਵਿਚ ਤੰਗੀਆਂ ਤਰੂਸਦੀਆਂ ਨਾ ਹੋਣ ਤਾਂ ਜ਼ਿੰਦਗੀ ਦਾ ਸੁਆਦ ਨਹੀਂ ਆਉਂਦਾ ਮੇਰੇ ਪਿਤਾ ਜੀ ਨੇ ਬਹੁਤ ਸੰਘਰਸ਼ ਕੀਤਾ, ਵੇਸੇ ਤਾਂ ਮੇਰਾ ਬਚਪਣ ਬਹੁਤ ਵਧੀਆ ਬੀਤਿਆ, ਤੰਗੀਆਂ ਤਰੁਸੀਆਂ ਹੋਣ ਤੇ ਜ਼ਿੰਦਗੀ ਨੂੰ ਨੇੜੋ ਦੇਖਣ ਦਾ ਮੌਕਾ ਮਿਲਦਾ ਹੈ।
? ਵਿਦਿਆ ਕਿਥੋਂ ਤੇ ਕਿੰਨੀ ਹਾਸਿਲ ਕੀਤੀ ?
– ਮੈਂ ਜਲੰਧਰ ਹੀ ਪੜਿ•ਆ ਜੀ, ਦੁਆਬਾ ਕਾਲਜ ਜਲੰਧਰ ਤੋਂ ਗਰੇਜੁਏਸ਼ਨ ਕੀਤੀ ਹੈ ਜੀ।
? ਪੜ•ਾਈ ਤੋਂ ਬਾਅਦ ਨੌਕਰੀ ਦੀ ਤਲਾਸ਼ ਨਹੀਂ ਕੀਤੀ ?
– ਸਕੂਲ ਟਾਇਮ ਹੀ ਅਦਾਕਾਰੀ ਦਾ ਸ਼ੌਕ ਪੈ ਗਿਆ ਉਦੋਂ ਤੋਂ ਹੀ ਲੋਕਾਂ ਦਾ ਚੰਗਾ ਪਿਆਰ ਮਿਲਣ ਲੱਗ ਪਿਆ ਨੌਕਰੀ ਬਾਰੇ ਤਾਂ ਸੋਚਿਆ ਹੀ ਨਹੀਂ ਗਿਆ।
? ਤੁਹਾਡਾ ਬਲਵਿੰਦਰ ਵਿੱਕੀ (ਚਾਚਾ ਰੌਣਕੀ ਰਾਮ ਨਾਲ) ਮੇਲ ਕਿਵੇਂ ਹੋਇਆ ?
– ਇਕ ਕੰਪੀਟੀਸ਼ਨ ਵਿਚ ਬਲਵਿੰਦਰ ਵਿੱਕੀ ਜੀ ਸਾਡੇ ਜੱਜ ਸਨ ਸਾਡਾ ਨਾਟਕ ਫਸਟ ਆਇਆ, ਮੈਂ ਬੈਸਟ ਐਕਟਰ ਚੁਣਿਆ ਗਿਆ, ਉੱਥੇ ਹੀ ਵਿੱਕੀ ਜੀ ਨਾਲ ਮੇਲ ਹੋਇਆ।
? ਨਾਟਕ ਕਰਦੇ ਕਰਦੇ ਕਮੇਡੀ ਵਾਲੇ ਪਾਸੇ ਕਿਵੇਂ ਆਏ ?
– ਜਦੋਂ ਮੇਰਾ ਮੇਲ ਬਲਵਿੰਦਰ ਵਿੱਕੀ ਨਾਲ ਹੋਇਆ ਫਿਰ ਮੈਂ ਪੁਰੀ ਤਰ•ਾਂ ਕਮੇਡੀ ਵੱਲ ਹੀ ਆ ਗਿਆ ਕਿਉਂਕਿ ਵਿੱਕੀ ਜੀ ਤਾਂ ਪੂਰੀ ਤਰ•ਾਂ ਕਮੇਡੀ ਕਲਾਕਾਰ ਵਜੋਂ ਆਪਣਾ ਵਧੀਆ ਸਥਾਨ ਹਾਸਲ ਕਰ ਬੈਠੇ ਸਨ।
ਫਿਰ ਮੈਂ ਚਾਚਾ ਰੌਣਕੀ ਰਾਮ (ਬਲਵਿੰਦਰ ਵਿੱਕੀ) ਜੀ ਨੂੰ ਪੂਰੀਆਂ ਰਸਮਾਂ ਨਾਲ ਉਸਤਾਦ ਧਾਰ ਲਿਆ ਪਰ ਸ਼ੌਂਕ ਮੇਰਾ ਪਹਿਲਾਂ ਵੀ ਕਮੇਡੀ ਦਾ ਹੀ ਸੀ ਕਿਉਂਕਿ ਜੇ ਨਾਟਕ ਕਰਦੇ ਹਾਂ ਤੇ ਅੱਧੇ ਪੋਣੇ ਘੰਟੇ ਬਾਅਦ ਪਤਾ ਲੱਗਦਾ ਹੈ ਕਿ ਲੋਕਾਂ ਨੂੰ ਪਸੰਦ ਆਇਆ ਜਾਂ ਨਹੀਂ ਕਮੇਡੀ ਗੱਲ ਮੂੰਹੋਂ ਕੱਡੋ ਦਰਸ਼ਕਾਂ ਦੀਆਂ ਤਾੜੀਆਂ ਵੱਜ ਜਾਂਦੀਆਂ ਹਨ ਪਤਾ ਲੱਗ ਜਾਂਦਾ ਹੈ ਕਿ ਲੋਕਾਂ ਨੂੰ ਪਸੰਦ ਹੈ ਜਾਂ ਨਹੀਂ।
? ਗੁਰਪ੍ਰੀਤ ਜੀ ਤੁਹਾਡੇ ਮਾਤਾ-ਪਿਤਾ ਜੀ ਨੇ ਤੁਹਾਡਾ ਵਿਰੋਧ ਨਹੀਂ ਕੀਤਾ ?
– ਤੁਸੀਂ ਵਿਰੋਧ ਦੀ ਗੱਲ ਕਰਦੇ ਹੋ ਬਹੁਤ ਵਿਰੋਧ ਕੀਤਾ, ਉਦੋਂ ਪੰਜਾਬ ਦੇ ਹਾਲਾਤ ਖਰਾਬ ਸੀ ਚੰਗਾ ਭਲਾ ਬੰਦਾ 6 ਵਜੇ ਤੋਂ ਬਾਅਦ ਬਾਹਰ ਨਹੀਂ ਨਿਕਲਦਾ ਤੇ ਅਸੀਂ ਨੂੰ 12-12 ਵਜੇ ਤੱਕ ਨਾਟਕਾਂ ਦੇ ਪੋਸਟਰ ਬੈਨਰ ਆਦਿ ਲਾਉਂਦੇ ਰਹਿੰਦੇ ਸੀ। ਮੈਨੂੰ ਅੱਜ ਵੀ ਯਾਦ ਹੈ ਕਿ ਅਸੀਂ ਕਦੇ ਘਰ ਆ ਕੇ ਰੋਟੀ ਨਹੀਂ ਸੀ ਖਾਦੀ, ਬੱਸ ਛਿੱਤਰ ਖਾ ਕੇ ਪੈ ਜਾਂਦੇ ਸੀ, ਹਰ ਰੋਜ਼ ਦਾ ਇਹ ਹੀ ਕੰਮ ਸੀ ਸਾਡਾ।
? ਘੁੱਗੀ ਜੀ ਤੁਹਾਡੀ ਜਲੰਧਰ ਦੂਰਦਰਸ਼ਨ ਤੇ ਐਂਟਰੀ ਕਿਵੇਂ ਹੋਈ ?
– ਮੈਨੂੰ ਜੀ ਮੇਰੇ ਉਸਤਾਦ ਵਿੱਕੀ ਸਾਹਿਬ ਹੀ ਟੀ.ਵੀ. ਤੇ ਲੈ ਕੇ ਗਏ ਸੀ ਰੌਣਕ ਮੇਲੇ ਵਿਚ, ਉਦੋਂ ਮੇਰੀ ਸਕਿਟ ਸੀ ‘ਇਸ਼ਕ ਬਰਿਡ’ ਫਿਰ ਮੇਰਾ ਨਾਟਕ ਆਇਆ ਸੀ ਚੈਂਪੀਅਨ।
? ਘੁੱਗੀ ਜੀ ਗੱਲ ਨਾਟਕਾਂ ਦੀ ਚੱਲੀ ਹੈ। ਤੁਹਾਡਾ ਇਕ ਨਾਟਕ ਸੀ ਸ਼ਾਇਦ ਉਸਦਾ ਟਾਇਟਲ ਸੀ ਪਰਛਾਵੇਂ ਜੋ ਦਰਸ਼ਕਾਂ ਦੁਆਰਾ ਬਹੁਤ ਪਸੰਦ ਕੀਤਾ ਗਿਆ ਉਹ ਤੁਹਾਨੂੰ ਕਿਵੇਂ ਮਿਲਿਆ ?
– ਜੀ ਮੈਂ ਪਰਛਾਵੇਂ ਨਾਟਕ ਵਿਚ ਇਕ ਬੱਚੇ ਤੋਂ ਲੈ ਕਿ ਇਕ ਬਜ਼ੁਰਗ ਤੱਕ ਦਾ ਰੋਲ ਕੀਤਾ ਸੀ। ਉਹ ਜੀ ਰਵੀ ਦੀਪ ਜੀ ਨੇ ਕੀਤੀ ਸੀ। ਇਕ ਦਿਨ ਰਵੀ ਦੀਪ ਜੀ ਨੇ ਮੈਨੂੰ ਓਮ ਪ੍ਰਕਾਸ਼ ਗਾਸੋ ਜੀ ਦਾ ਇਕ ਨਾਵਲ ਦਿੱਤਾ ਸੀ ਉਹ ਮੈਨੂੰ ਕਹਿੰਦੇ ਕਿ ਇਹ ਪੜ• ਕੇ ਮੇਰੇ ਕੋਲ ਆਈ, ਮੈਂ ਰਾਤੋਂ ਰਾਤ ਸਾਰਾ ਪੜ• ਲਿਆ ਤੇ ਜਾ ਕੇਰਵੀ ਦੀਪ ਜੀ ਨੂੰ ਕਿਹਾ ਜੀ ਮੈਂ ਸਾਰਾ ਨਾਵਲ ਪੜ• ਲਿਆ ਉਹ ਕਹਿੰਦੇ ਇਕ ਵਾਰ ਫਿਰ ਪੜ• ਮੈਂ ਫਿਰ ਦੁਬਾਰਾ ਪੜਿ•ਆ ਤੇ ਫਿਰ ਉਹਨਾਂ ਨੇ ਕਿਹਾ ਕਿ ਇਸ ਦਾ ਮੁੱਖ ਰੋਲ ਤੂੰ ਕਰਨਾ ਹੈ। ਉਹ ਨਾਟਕ ਦਰਸ਼ਕਾਂ ਵਿਚ ਬਹੁਤ ਪਸੰਦ ਕੀਤਾ ਗਿਆ।
? ਦੂਰਦਰਸ਼ਨ ਤੇ ਤੁਹਾਡਾ ਨਾਟਕ ਚੱਲਿਆ ਹੈ ਨਸੀਹਤ ਉਸ ਵਿਚ ਤੁਹਾਡਾ ਰੋਲ ਵਿਲੇਨ ਦਾ ਸੀ। ਇਹ ਰੋਲ ਤੁਹਾਡੀ ਆਪੀ ਮਰਜ਼ੀ ਦਾ ਸੀ ਜਾਂ ਔਫਰ ਸਵੀਕਾਰ ਕੀਤੀ ਹੈ ਤੁਸੀਂ ?
– ਵੈਸੇ ਤਾਂ ਮੈਂ ਪੂਰਾ ਕਮੇਡੀ ਨੂੰ ਲਾਇਕ ਕਰਦਾ ਪਰ ਕਦੇ ਕਦੇ ਮੈਂ ਆਪਣੇ ਅੰਦਰਲੇ ਕਲਾਕਾਰ ਨੂੰ ਵੀ ਮੌਕਾ ਦਿੰਦਾ ਹਾਂ, ਕਿ ਜੋ ਕਰਨਾ ਹੈ ਕਰਲੈ, ਮੈਨੂੰ ਔਫਰ ਆਈ ਸੀ। ਮੈਨੂੰ ਰੋਲ ਚੰਗਾ ਲੱਗਾ, ਜੋ ਲੋਕਾਂ ਦੁਆਰਾ ਬਹੁਤ ਵਧੀਆ ਸਵਿਕਾਰ ਕੀਤਾ ਗਿਆ।
? ਹੁਣ ਤੱਕ ਕਿੰਨੇ ਨਾਟਕ ਆ ਚੁੱਕੇ ਹਨ ?
– ਦਲਦਲ, ਵਿਛੋੜਾ, ਨਸੀਹਤ, ਆਦਿ ਕਾਫੀ ਨਾਟਕ ਆ ਚੁੱਕੇ ਜੋ ਲੋਕਾਂ ਵੱਲੋਂ ਵਧੀਆ ਸੁਲਾਹੇ ਗਏ ਹਨ।
? ਪੰਜਾਬੀ ਫਿਲਮਾਂ ਦਾ ਐਨਾ ਮਾੜਾ ਹਾਲ ਕਿਉਂ ਹੈ ?
– ਕਿਉਂਕਿ ਪੰਜਾਬੀ ਫਿਲਮਾਂ ਚੰਗੇ ਬੰਦੇ ਨਹੀਂ ਬਣਾਉਂਦੇ, ਲੱਖ-ਲੱਖ ਰੁਪਏ ਦੇ ਕੇ ਫਿਲਮ ਵਿਚ ਜਿਹੜਾ ਮਰਜ਼ੀ ਹੀਰੋ ਬਣ ਜਾਵੇ ਜੇ, ਚੰਗੇ ਬੰਦੇ ਫਿਲਮਾਂ ਬਣਾਉਂਦੇ ਹਨ ਤਾਂ ਉਹ ਚਲਦੀਆਂ ਵੀ ਹਨ ਸ਼ਹੀਦੇ ਮੁਹੱਬਤ, ਲੌਂਗ ਦਾ ਲਿਸ਼ਕਾਰਾ, ਸ਼ਹੀਦ ਉਧਮ ਸਿੰਘ, ਹੋਰ ਵੀ ਕਈ ਪੰਜਾਬੀ ਫਿਲਮਾਂ ਹਿੱਟ ਹੋਈਆਂ ਹਨ।
? ਗੁਰਪ੍ਰੀਤ ਜੀ ਥੋੜਾ ਪਿੱਛੇ ਚੱਲਦੇ ਹਾਂ ਤੁਹਾਡੇ ਨਾਮ ਨਾਲ ਘੁੱਗੀ ਕਿਵੇਂ ਜੁੜਿਆ ?
– ਮੈਂ ਜੀ ਚਾਚਾ ਰੌਣਕੀ ਰਾਮ ਨਾਲ ਗਿਆ ਸੀ ਰੋਣਕ ਮੇਲੇ ਵਿਚ ਉਹਨਾਂ ਦਾ ਭਤੀਜਾ ਬਣਕੇ, ਕਮੇਡੀ ਪ੍ਰੋਗਰਾਮ ਸੀ ਤਾਂ ਮੇਰਾ ਨਾਮ ਵੀ ਕਮੇਡੀ ਚਾਹੀਦਾ ਸੀ ਮੇਰਾ ਨਾਮ ਰੱਖਣ ਵਾਸਤੇ ਕਿਸੇ ਨੇ ਕੁਝ ਸੋਚਿਆ ਕਿਸੇ ਨੇ ਕੁਝ, ਆਖੀਰ ਮੇਰਾ ਨਾਮ ਘੁੱਗੀ ਸਲੈਕਟ ਹੋ ਗਿਆ ਜੋ ਬਾਅਦ ਵਿਚ ਪੱਕੇ ਪੈ ਗਿਆ ਘੁੱਗੀ ਸਾਨਤੀ ਦਾ ਚਿੰਨ• ਇਕ ਕਲੋਲੀ ਨਾ ਹੈ ਘੁੱਗੀ।
? ਤੁਹਾਡੀਆਂ ਹੁਣ ਤੱਕ ਕਿੰਨੀਆਂ ਕੈਸਟਾਂ ਆ ਚੁੱਕੀਆਂ ਹਨ ?
– ਮੇਰਾ ਜੀ ਕੋਈ ਕੈਸਟ ਕਰਾਉਣ ਦਾ ਕੋਈ ਇਰਾਦਾ ਨਹੀਂ ਸੀ। ਦੋ ਤਿੰਨ ਕੰਪਨੀਆਂ ਨੇ ਔਫਰ ਕੀਤੀ ਸੀ ਆਖਰ ਟੀ-ਸੀਰੀਜ਼ ਨੇ ਰਾਜੀ ਕਰ ਲਿਆ, ਫਿਰ ਮੇਰੀ   ਕੈਸੇਟ ਆਈ ਘੁੱਗੀ ਦਾ ਵਿਆਹ, ਤਮਾਸ਼ਾ ਘੁੱਗੀ ਦਾ, ਘੁੱਗੀ ਦੇ ਬੱਚੇ, ਤੋਹਫੇ ਘੁੱਗੀ ਦੇ, ਘੁੱਗੀ ਦੇ ਬਰਾਤੀ, ਘੁਗੀ ਛੂ-ਮੰਤਰ ਆਦਿ ਕੈਸਟਾਂ ਹੁਣ ਤੱਕ ਮਾਰਕੀਟ ਵਿਚ ਆ ਚੁੱਕੀਆਂ ਹਨ।
? ਘੁੱਗੀ ਜੀ ਵਿਦੇਸ਼ਾਂ ਵਿਚ ਵੀ ਆਪਣੀ ਮਹਿਕ ਖਿਲਾਰ ਆਏ ਹੋ ?
– ਹਾਂ ਜੀ ਮੈਂ ਜਰਮਨ, ਇਟਲੀ, ਫਰਾਂਸ, ਵੈਲਜੀਅਮ, ਹਾਂਗਕਾਂਗ, ਕਨੇਡਾ, ਅਮਰੀਕਾ, ਇੰਗਲੈਂਡ ਆਦਿ ਵਿਖੇ ਆਪਣੇ ਪ੍ਰੋਗਰਾਮ ਪੇਸ਼ ਕਰ ਚੁੱਕਾ ਹਾਂ।
? ਪਹਿਲੀ ਵਾਰ ਕਿਸ ਨਾਲ ਵਿਦੇਸ਼ ਗਏ ?
– ਚਾਚਾ ਰੌਣਕੀ ਰਾਮ ਨਾਲ ਗਿਆ ਸੀ ਉਦੋਂ ਸਾਡੇ ਨਾਲ ਦਲੇਰ ਮਹਿੰਦੀ ਜੀ ਵੀ ਗਏ ਸਨ।
? ਕਬੂਤਰ ਵੀ ਲੈ ਕੇ ਗਏ ਸੀ ?
– ਨਹੀਂ, ਘੁੱਗੀ ਲੈ ਕੇ ਗਏ ਸੀ।
? ਤੁਹਾਡੇ ਨਾਲ ਪੱਕੇ ਤੌਰ ਤੇ ਕੰਮ ਕੌਣ ਕਰਦਾ ਹੈ ?
– ਪੱਕੇ ਤੌਰ ਤੇ ਤਾਂ ਕੋਈ ਨਹੀਂ ਸਾਥੀ ਬਦਲਦੇ ਰਹਿੰਦੇ ਨੇ।
? ਐਧਰ ਦੇ ਸਰੋਤਿਆਂ ਵਿਚ ਤੇ ਉਧਰ ਦੇ ਸਰੋਤਿਆਂ ਵਿਚ ਕੀ ਫਰਕ ਹੈ ?
– ਸਰੋਤੇ ਐਧਰੋਂ ਹੀ ਜਾਂਦੇ ਹਨ। ਐਧਰ ਵੀਰ ਜੀ ਸਰੋਤੇ ਮਾੜੀ ਚੀਜ਼ ਵੀ ਬਰਦਾਸ਼ ਕਰ ਲੈਂਦੇ ਹਨ। ਉਧਰਲੇ ਸਰੋਤੇ ਮਾੜੀ ਚੀਜ਼ ਨਹੀਂ ਸੁਨਦੇ।
? ਤੁਹਾਡੀ ਕੋਈ ਅਜਿਹੀ ਸਕਿੱਟ ਜਿਸ ਨਾਲ ਤੁਹਾਡੀ ਕੋਈ ਪਹਿਚਾਣ ਬਣੀ ਹੋਵੇ ?
– ਹਾਜੀ ਇਕ ਦੋ ਸਕਿੱਟਾਂ ਅਜਿਹਾ ਹਨ ਜਿਨ•ਾਂ ਨਾਲ ਮੇਰੀ ਵੱਖਰੀ ਪਹਿਚਾਣ ਬਣੀ ਜਿੰਨਾਂ ਵਿਚ, ਤੂੰ ਘੁੱਗੀ ਏ ਹਾਂ ਪੁੱਤਰ ਮੈਂ, ਘੁੱਗੀ ਹਾਂ, ਫਿਰ ਉਡ ਕੇ ਵਿਖਾ, ਇਕ ਇਹ ਹੈ ਮੇਰਾ ਗੁੱਸਾ ਬੜਾ ਜ਼ਾਲਮ ਏ। ਮੈਂ ਜੁੱਤੀ ਬੜੀ ਵਰਾਉਣਾ ਇਹ ਲੋਕ ਅੱਜ ਵੀ ਮੈਥੋਂ ਵਾਰ ਵਾਰ ਸੁਨਦੇ ਹਨ।
? ਅਗਰ ਜੇ ਤੁਸੀਂ ਕਲਾਕਾਰ ਦੇ ਖੇਤਰ ਵਿਚ ਆਉਂਦੇ ਤਾਂ ਕੀ ਕਰਦੇ ?
– ਫਿਰ ਮੇਰਾ ਗੱਸਾ ਸੱਚਮੁੱਚ ਜਾਲਮ ਹੋਣਾ ਸੀ ਤੇ ਸੱਚਮੁੱਚ ਹੀ ਮੈਂ ਜੁੱਤੀ ਵਾਹੁਣੀ ਸੀ। ਮੇਰਾ ਮਤਲਬ ਕਿ ਮੈਂ ਪੁਲਿਸ ਵਿਚ ਹੁੰਦਾ। ਅਗਰ ਜੇ ਪੁਲਿਸ ਵਿਚ ਵੀ ਨਾਂ ਹੁੰਦਾ ਤਾਂ ਕਬਾੜੀਆ ਹੋਣਾ ਸੀ, ਮੈਂ ਨਿੱਕਾ ਹੁੰਦਾ ਘਰ ਦਾ ਨਿੱਕਾ ਮੋਟਾ ਸਮਾਨ ਕਬਾੜੀਏ ਨੂੰ ਵੇਚ ਦਿੰਦਾ ਸੀ।
? ਕੋਈ ਨਾ ਭੁੱਲਣ ਯੋਗ ਦਿਨ ?
– ਜਿੰਦਗੀ ਦਾ ਹਰ ਪਲ ਨਾਂ ਭੁਲੱਣ ਹੀ ਹੈ।
? ਹਰੇਕ, ਪੱਤਰਕਾਰ, ਕਲਾਕਾਰ, ਹਰ ਕਲੱਬ ਆਖ ਰਹੀ ਹੈ ਕਿ ਲੱਚਰਤਾ ਵਧ ਰਹੀ ਹੈ। ਇਸ ਨੂੰ ਬੰਦ ਕਰਨਾ ਚਾਹੀਦਾ ਹੈ। ਇਸ ਨੂੰ ਬੰਦ ਕਰਨ ਲਈ ਕੋਈ ਠੋਸ ਕਦਮ ਕਿਉਂ ਨਹੀਂ ਚੁੱਕਿਆ ਜਾਂਦਾ ?
– ਵੇਖੋ ਜੀ ਇਸ ਵਿਚ ਕਲਾਕਾਰ ਦਾ ਕਸੂਰ ਨਹੀਂ ਇਸ ਵਿਚ ਕਸੂਰ ਸਾਰਾ ਸਰੋਤਿਆਂ ਦਾ ਹੈ। ਜੇ  ਸਾਰੇ ਰਲ ਕੇ ਵਿਰੋਧ ਕਰਨ ਤਾਂ ਚੱਕਰਤਾ ਦਿਨਾਂ ਵਿਚ ਹੀ ਖ਼ਤਮ ਹੋ ਜਾਊ ਜੇ ਸਾਡੇ ਘਰ ਅੱਗੇ ਕੋਈ ਕੂੜਾ ਸੁੱਟੇ ਤਾਂ ਅਸੀਂ ਝੱਟ ਲੜ ਪੈਂਦੇ ਹਾਂ। ਐਥੇ ਸਭਿਆਚਾਰ ਦੇ ਵਿਹੜੇ ਵਿਚ ਗੰਦ ਸੁੱਟਿਆ ਜਾ ਰਿਹਾ ਹੈ। ਕੋਈ ਨਹੀਂ ਬੋਲਦਾ, ਜੇ ਬੱਸ ਵਿਚ ਕੋਈ ਅਸ਼ਲੀਲ ਗੀਤ ਚੱਲਦਾ ਹੋਵੇ ਤਾਂ ਕੋਈ ਨਹੀਂ ਕਹਿੰਦਾ ਗੀਤ ਬੰਦ ਕਰੋ! ਜੇ ਕੋਈ ਕਰਵਾਉਣ ਚਾਹੁੰਦਾ ਹੋਵੇ ਤਾਂ ਉਹ ਸੋਚ ਲੈਂਦਾ ਹੈ। ਕਿ ਮੈਨੂੰ ਕੀ ਐਨੇ ਲੋਕ ਵੀ ਤਾਂ ਬੈਠੇ ਨੇ, ਉਹ ਹੀ ਹਾਲ ਸਾਡਾ ਹੈ ਚਾਹੁੰਦਾ ਹਰ ਕੋਈ ਹੈ ਅਸ਼ਲੀਲਤਾ ਖ਼ਤਮ ਹੋਵੇ, ਪਰ ਅੱਗੇ ਲੱਗ ਕੇ ਕੋਈ ਨਹੀਂ ਤੁਰਦਾ, ਭਾਜੀ, ਸਾਂਝੀ ਮਾਈ ਨੂੰ ਕੋਈ ਨਹੀਂ ਪਿੱਟਦਾ, ਉਹ ਕਹਿੰਦਾ ਉਹ ਪਿੱਟੇ ਉਹ ਕਹਿੰਦਾ ਉਹ ਪਿੱਟੇ, ਚਾਹੁੰਦੇ ਸਾਰੇ ਨੇ ਕਿ ਇਕ ਭਗਤ ਸਿੰਘ ਹੋਰ ਜੰਮੇ, ਪਰ ਜੰਮੇ ਗਵਾਂਢੀਆਂ ਘਰੇ, ਸਾਨੂੰ ਨਾ ਕੋਈ ਤਕਲੀਫ ਨਾ ਹੋਵੇ, ਇਸ ਕਰਕੇ ਵੀਰ ਜੇ ਸਾਰੇ ਕੱਠੇ ਰਲਕੇ ਵਿਰੋਧ ਕਰਨ ਤਾਂ ਅਸ਼ਲੀਲਤਾ ਖ਼ਤਮ ਹੋ ਸਕਦੀ ਹੈ ਨਹੀਂ ਤਾਂ ਨਹੀਂ।
? ਸੁਣਿਆ ਹੈ, ਜਲੰਧਰ ਦੂਰਦਰਸ਼ਨ ਤੇ ਪੈਸੇ ਚੱਲਦੇ ਹੈ ?
– ਹਾਂ ਜੀ, ਮੈਂ ਵੀ ਤਹਾਡੇ ਵਾਂਗ ਸੁਣਿਆ ਹੈ। ਪਰ ਦਿੱਤੇ ਕਦੇ ਨਹੀਂ।
? ਘੁੱਗੀ ਜੀ ਆਪਣੇ ਬਾਲ ਬੱਚਿਆਂ ਬਾਰੇ ਦੱਸੋ ?
– ਹਾਂ ਜੀ ਮੇਰੀ ਪਤਨੀ ਦਾ ਨਾਂ ਹੈ ਕੁਲਜੀਤ ਕੌਰ ਆਹ ਮੇਰੇ ਦੋ ਬੱਚੇ ਹਨ (ਜੋ ਮੁਲਾਕਾਤ ਸਮੇਂ ਆਪਣੇ ਡੈਡੀ ਦੇ ਕੋਲ ਬੈਠੇ ਸਨ) ਇਕ ਛੋਟਾ ਹੈ ਸੁਖਨ ਤੇ ਵੱਡੀ ਆਹ ਮੇਰੀ ਬੇਟੀ ਰਾਣੀ ਹੈ, ਮੇਰੇ ਮਾਤਾ ਪਿਤਾ ਜੀ ਵੀ ਮੇਰੇ ਨਾਲ ਹੀ ਰਹਿੰਦੇ ਹਨ।
GUGGI 1? ਸਭ ਤੋਂ ਵੱਧ ਕਿਸ ਕਾਮੇਡੀਅਨ ਕਲਾਕਾਰ ਤੋਂ ਪ੍ਰਭਾਵਤ ਹੋ ?
– ਮੈਂ ਜੀ ਆਪਣੇ ਗੁਰੂ ਬਲਵਿੰਦਰ ਵਿੱਕੀ ਜੀ ਤੋਂ ਹੀ ਬਹੁਤ ਪ੍ਰਭਾਵਤ ਹਾਂ ਬੇਸ਼ੱਕ ਅੱਜ ਕੱਲ• ਉਹ ਨੌਕਰੀ ਵਿਚੋਂ ਸਮਾਂ ਘੱਟ ਨਿਕਲਣ ਕਰਕੇ ਮਾਰਕੀਟ ਵਿਚ ਘੱਟ ਹੀ ਨਜ਼ਰ ਆਉਂਦੇ ਹਨ।
? ਕਿਸੇ ਪ੍ਰਤੀ ਕੋਈ ਗਿੱਲਾ ਸ਼ਿਕਵਾ ?

– (ਸੋਚਦੇ ਹੋਏ) ਵੀਰ ਜੀ ਹੋਰ ਕਿਸੇ ਤੇ ਤਾਂ ਕੋਈ ਸ਼ਿਕਵਾ ਨਹੀਂ ਪਰ ਹਾਂ ਇਕ ਦੋ ਅਜਿਹੇ ਕਾਮੇਡੀ ਕਲਾਕਾਰ ਹਨ ਜਿਨ•ਾਂ ਨੂੰ ਲੋਕ ਬਹੁਤ ਪਸੰਦ ਕਰਦੇ ਹਨ, ਸਾਡੇ ਸੀਨੀਅਰ ਹਨ, ਲੋਕ ਉਨ•ਾਂ ਨੂੰ ਬਹੁਤ ਪਿਆਰ ਕਰਦੇ ਹਨ, ਪਰ ਫਿਰ ਵੀ ਉਹ ਆਪਣੀਆਂ ਕੈਸੇਟਾਂ ਵਿਚ ਦੋ ਅਰਥੀ ਗੱਲਾਂ ਕਰਦੇ ਹਨ। ਜੋ ਉਨ•ਾਂ ਲਈ ਮਾੜੀ ਗੱਲ ਹੈ।
? ਘੁੱਗੀ ਜੀ ਉਨ•ਾਂ ਕਲਾਕਾਰਾਂ ਦੇ ਨਾਂ ਦੱਸੋਗੇ ?
– ਛੋਟੇ ਵੀਰ ਜੀ ਨਾਮ ਵਿਚ ਕੀ ਰੱਖਿਆ ਹੈ।
? ਹੋਰ ਕੁਝ ਕਹਿਣਾ ਚਾਹੋਗੇ ?
– ਵੀਰ ਭਵਨਦੀਪ ਪੁਰਬਾ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੋ ਤੁਸੀਂ ਨਾ ਚੀਜ਼ ਨੂੰ ਐਨਾ ਮਾਣ ਦਿੱਤਾ ਹੈ। ਮੈਂ ਮੈਗਜ਼ੀਨ/ਅਖ਼ਬਾਰ ਦੇ ਸਾਰੇ ਸਟਾਫ਼ ਨੂੰ ਵਧੀਆ ਮੈਗਜ਼ੀਨ ਕੱਢਣ ਤੇ ਵਧਾਈ ਦਿੰਦਾ ਹਾਂ। ਮੇਰੇ ਵੱਲੋਂ ਮੈਗਜ਼ੀਨ/ਅਖ਼ਬਾਰ ਦੇ ਸਾਰੇ ਪਾਠਕਾਂ ਨੂੰ ਸਤਿ ਸ੍ਰੀ ਅਕਾਲ।

 

ਮੈਂ ਗਾਇਕੀ ਵਿਚ ਆ ਰਹੇ ਨੰਗੇਜਪੁਣੇ ਤੋਂ ਬਹੁਤ ਦੁਖੀ ਹਾਂ -ਗੁਰਦੇਵ ਢਿੱਲੋਂ

BHAJNA AMALI

-ਭਵਨਦੀਪ ਸਿੰਘ ਪੁਰਬਾ

ਗੁਰਦੇਵ ਢਿੱਲੋਂ ਨਾਮ ਹੈ ਉਸ ਸ਼ਖਸੀਅਤ ਦਾ ਜਿਸ ਨੂੰ ਲੋਕ ਭਜਨਾ ਅਮਲੀ ਦੇ ਨਾਮ ਨਾਲ ਜਾਣਦੇ ਹਨ। ਕਾਮੇਡੀ ਦੇ ਖੇਤਰ ਵਿਚ ਇਹ ਨਾਮ ਕਿਸੇ ਜਾਣ-ਪਛਾਣ ਦਾ ਮੁਹਤਾਜ ਨਹੀਂ। ਕਾਮੇਡੀ ਦਾ ਖੇਤਰ ਬੜਾ ਔਖਾ ਹੈ। ਗਾਇਕੀ ਵਿਚ ਤਾਂ ਜਣਾ-ਖਣਾ ਆਪਣੇ ਆਪ ਨੂੰ ਗਾਇਕ ਕਹਾਉਣ ਲੱਗ ਪੈਂਦਾ ਹੈ। ਕਾਮੇਡੀ ਵਿਚ ਚਾਹੇ ਕਾਫੀ ਕਲਾਕਾਰ ਹਨ ਪਰ ਫੇਰ ਵੀ ਗਾਇਕੀ ਦੇ ਮੁਕਾਬਲੇ ਬਹੁਤ ਘੱਟ ਹਨ। ਜਿਨ•ਾਂ ਦਾ ਕਾਮੇਡੀ ਵਿਚ ਨਾਮ ਹੈ ਉਹ ਤਾਂ ਉਂਗਲਾਂ ਤੇ ਗਿਣੇ ਜਾ ਸਕਦੇ ਹਨ। ਉਹਨਾਂ ਵਿਚੋਂ ਮੁਹਰਲੀ ਕਤਾਰ ਦੇ ਕਲਾਕਾਰ ਹਨ ਗੁਰਦੇਵ ਢਿੱਲੋਂ ਜੀ (ਭਜਨਾ ਅਮਲੀ)।
ਢਿੱਲੋਂ ਸਾਹਿਬ ਇੰਨੇ ਸਾਧਾਰਨ ਤੇ ਮਿਲਣਸਾਰ ਵਿਅਕਤੀ ਹਨ ਕਿ ਇਸਦਾ ਅੰਦਾਜ਼ਾ ਹੀ ਨਹੀਂ ਲਗਾਇਆ ਜਾ ਸਕਦਾ।  ਢਿੱਲੋਂ ਸਾਹਿਬ ਚੰਗੇ ਕਲਾਕਾਰ ਹੋਣ ਦੇ ਨਾਲ-ਨਾਲ ਚੰਗੇ ਸਮਾਜ ਸੇਵਕ ਅਤੇ ਚੰਗੇ ਉਸਤਾਦ ਕਹਾਉਣ ਦੇ ਹੱਕਦਾਰ ਵੀ ਹਨ। ਕਿਉਂਕਿ ਉਨ•ਾਂ ਦਾ ਇਕ ਸ਼ਾਗਿਰਦ ਇੰਟਰਨੈਸ਼ਨਲ ਲੈਬਲ ਦਾ ਕਲਾਕਾਰ ਬਣਿਆ ਹੋਇਆ ਹੈ ਤੇ ਲੱਖਾਂ ਲੋਕਾਂ ਦੇ ਦਿਲਾਂ ਤੇ ਰਾਜ ਕਰ ਰਿਹਾ ਹੈ। ਚਾਹੇ ਢਿੱਲੋਂ ਸਾਹਿਬ ਕੁਝ ਕਾਰਨਾਂ ਕਰਕੇ ਉਸ ਨੂੰ ਆਪਣਾ ਸ਼ਾਗਿਰਦ ਨਹੀਂ ਮੰਨਦੇ ਪਰ ਉਹ ਅੱਜ ਜੋ ਕੁੱਝ ਵੀ ਹੈ ਉਹ ਇੰਨਾ ਦੀ ਹੀ ਦੇਣ ਹੈ। ਸਾਡਾ ਵੀ ਇਕ ਪ੍ਰੋਗਰਾਮ ਤੇ ਉਹਨਾਂ ਨੂੰ ਮਿਲਣ ਦਾ ਸੱਬਬ ਬਣਿਆ। ਇਸ ਮਿਲਣੀ ਵਿਚ ਉਹਨਾਂ ਨਾਲ ਜੋ ਗੱਲਬਾਤ ਹੋਈ ਪੇਸ਼ ਹਨ ਉਸ ਦੇ ਕੁਝ ਅੰਸ਼ ਪਾਠਕਾਂ ਲਈ।
? ਸਭ ਤੋਂ ਪਹਿਲਾਂ ਆਪਣੇ ਪਿਛੋਕੜ ਬਾਰੇ ਦੱਸੋ ?
– ਮੇਰਾ ਪੂਰਾ ਨਾਮ ਗੁਰਦੇਵ ਢਿੱਲੋਂ, ਛੋਟਾ ਨਾਮ ਦੇਵ ਪਿਤਾ ਸ. ਕਰਤਾਰ ਸਿੰਘ ਢਿੱਲੋਂ ਮਾਤਾ ਸਵਰਗਵਾਸੀ ਹਰਨਾਮ ਕੌਰ, ਮੈਂ ਤਿੰਨ ਭਾਈਆਂ ਵਿਚ ਸਭ ਤੋਂ ਛੋਟਾ ਹਾਂ। ਮੇਰਾ ਪਿੰਡ ਹੈ ਲੰਮਾ ਜੱਟਪੁਰਾ ਤਹਿ ਜਗਰਾਉਂ ਜ਼ਿਲ•ਾ ਲੁਧਿਆਣਾ। ਮੇਰਾ ਪਿੰਡ ਬੜਾ ਇਤਿਹਾਸਕ ਪਿੰਡ ਆ। ਜਿੱਥੇ 21 ਦਿਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰਹੇ ਹਨ।
? ਤੁਸੀਂ ਆਪਣਾ ਇਹ ਕੈਰੀਅਰ ਕਿਵੇਂ ਸ਼ੁਰੂ ਕੀਤਾ ?
– ਗਾਇਕੀ ਵਿਚ 1974 ਵਿਚ ਮੈਂ ਹਰਚਰਨ ਗਰੇਵਾਲ ਸਾਹਿਬ ਕੋਲ ਗਿਆ। ਗਾਇਕੀ ਵਿਚ ਉਹ ਮੇਰੇ ਉਸਤਾਦ ਸੀ ਅਤੇ ਕਾਮੇਡੀ ਵਿਚ ਕੇ.ਦੀਪ ਸਾਹਿਬ ਮੇਰੇ ਉਸਤਾਦ ਆ। ਮੈਂ 28-29 ਸਾਲ ਤੋਂ ਇਸ ਲਾਈਨ ਵਿਚ ਆ। ਮੈਨੂੰ 5 ਸਾਲ ਬਾਅਧ 20 ਰੁਪਏ ਪੇਮੈਂਟ ਮਿਲਣ ਲੱਗੀ ਸੀ। ਜਿਸ ਵਿਚ ਮੈਂ ਗੱਡੀ ਚਲਾਉਣੀ ਸੀ, ਸਟੇਜ ਵੀ ਲਵਾਉਂਦਾ ਸੀ ਜਿਵੇਂ ਕਹਿੰਦੇ ਆ ਲੀੜੇ ਕੱਪੜੇ ਵੀ ਧੋਏ ਉਸਤਾਦਾਂ ਦੇ, ਪੋਚੇ ਵੀ ਮਾਰਨੇ, ਰੋਟੀਆਂ ਵੀ ਲਾਉਣੀਆਂ ਅਤੇ ਇਸ ਲਈ ਮੈਂ ਬਹੁਤ ਖੁਸ਼ਕਿਸਮਤ ਆ, ਅੱਜ ਮੈਨੂੰ ਇਨ•ਾਂ ਮਾਣ-ਸਨਮਾਨ ਮਿਲ ਰਿਹਾ ਏ।
? ਸਭ ਤੋਂ ਪਹਿਲਾਂ ਆਪਣੀ ਗ੍ਰਸਿਤੀ ਬਾਰੇ ਦੱਸੋ ?
– ਮੇਰੀ ਪਤਨੀ ਦਲਜੀਤ ਕੋਰ, ਸਹੁਰੇ ਮੇਰੇ ਲੁਧਿਆਣੇ ਹੀ ਆ। ਮੇਰੀਆਂ ਤਿੰਨ ਬੇਟੀਆਂ ਵੱਡੀ ਰਮਨਪ੍ਰੀਤ ਕੌਰ, ਦੂਸਰੀ ਕਿਰਨਦੀਪ ਕੌਰ, ਛੋਟੀ ਧਨਜੀਤ ਉਸ ਤੋਂ ਛੋਟਾ ਬੇਟਾ ਲਖਨਵੀਰ ਢਿੱਲੋਂ। ਭੈਣ-ਭਰਾ ਸਾਰੇ ਮੈਥੋਂ ਵੱਡੇ ਹੀ ਹਨ ਸਭ ਵੱਖੋ-ਵੱਖ ਵਿਆਹੇ ਹੋਏ ਆ।
? ਤੁਹਾਡੀ ਵਿੱਦਿਅਕ ਯੋਗਤਾ ?
– ਇਹ ਤਾਂ ਨਾ ਪੁੱਛਿਆ ਕਰੋ, ਵਿਦਿਅਕ ਯੋਗਤਾ ਤੇ ਉਮਰ ਤਾਂ ਨਾ ਹੀ ਪੁੱਛਿਆ ਕਰੋ (ਹੱਸਦੇ ਹੋਏ), ਕਰੈਕਟਰ ਦੇ ਹਿਸਾਬ, ਨਾਲ ਮੈਂ ਉਸ ਜ਼ਮਾਨੇ ਵਿਚ ਮੈਟ੍ਰਿਕ ਸੀ।
? ਤੁਸੀਂ ਸਭ ਤੋਂ ਪਹਿਲਾਂ ਸਟੇਜ ਕਦੋਂ ਕੀਤੀ ?
– ਸਭ ਤੋਂ ਪਹਿਲਾਂ ਸਟੇਜ ਮੈਂ ਹਰਚਰਨ ਗਰੇਵਾਲ ਨਾਲ ਮੋਗੇ ਦੇ ਨੇੜੇ ਇਕ ਪਿੰਡ ਸੀ, ਨਹਿਰ ਦੇ ਉੱਪਰ ਪਿੰਡ ਸੀ ਜਿਸ ਦਾ ਮੈਂ ਨਾਮ ਭੁਲ ਗਿਆ, ਜਿੱਥੇ ਮੈਂ ਸਭ ਤੋਂ ਪਹਿਲਾਂ ….. ਮੈਨੂੰ ਆਪਣੇ ਆਪ ਤੇ ਬਹੁਤ ਮਾਣ ਸੀ ਕਿ ਮੈਂ ਬਹੁਤ ਸੁਹਣਾ ਗਾਉਣਾ। ਸਕੂਲ ਵਿਚ ਫੈਸਟੀਵਲ ਤੇ ਮੈਂ ਫਸਟ ਆਉਂਦਾ ਹੁੰਦਾ ਸੀ ਗਾਇਕੀ ਵਿਚ।
? ਤੁਸੀਂ ਪਹਿਲਾਂ ਗਾਇਕੀ ਵੱਲ ਸੀ ਫੇਰ ਕਾਮੇਡੀ ਵੱਲ ਕਿਵੇਂ ਆ ਗਏ ?
– ਜਦੋਂ ਮੈਂ ਪਹਿਲਾਂ ਗਾਉਣਾ ਸ਼ੁਰੂ ਕੀਤਾ ਗਰੇਵਾਲ ਸਾਹਿਬ ਨੇ ਮੈਨੂੰ ਪੇਸ਼ ਕੀਤਾ ਤਾਂ ਮੈਥੋਂ ਗੀਤ ਪੂਰਾ ਨਹੀਂ ਗਾਇਆ ਗਿਆ। ਮੇਰੀਆਂ ਲੱਤਾਂ ਕੰਬਣ ਲੱਗ ਪਈਆਂ। ਫੇਰ ਮੈਂ ਗੀਤ ਵਿਚੇ ਹੀ ਛੱਡ ਦਿੱਤਾ ਤੇ ਆਪਣੇ ਉਸਤਾਦ ਨੂੰ ਕਿਹਾ ਕਿ ਮੈਂ ਇਹ ਕੰਮ ਨਹੀਂ ਕਰ ਸਕਦਾ। ਫੇਰ ਮੈਂ ਹੌਲੀ-ਹੌਲੀ ਸਟੇਜ ਸੈਕਟਰੀ ਕਰਦਾ-ਕਰਦਾ ਇਕ ਅੱਧਾ ਯੋਕ ਸੁਣਾਉਣ ਲੱਗ ਪਿਆ। ਮੇਰੀ ਡਿਊਟੀ ਪਹਿਲਾਂ ਇਹ ਲਗਾ ਦਿੱਤੀ ਕਿ ਜਿਹੜਾ ਇਨਾਮ ਇਕੱਠਾ ਹੋਵੇਗਾ ਉਹ ਤੂੰ ਬੋਲਣਾ। ਉਦੋਂ ਇਨਾਮ ਬਹੁਤ ਇਕੱਠਾ ਹੋ ਜਾਂਦਾ ਸੀ ਤੇ ਕਾਪੀ ਤੇ ਲਿਖੀ ਜਾਂਦੇ ਹੁੰਦੇ ਸੀ ਉਹ ਬੋਲਦਾ-ਬੋਲਦਾ ਮੈਂ ਵਿਚੇ ਵਿਚ ਕਮੇਡੀ ਬੋਲਣ ਲੱਗ ਪਿਆ। ਵੈਸੇ ਮੈਂ ਗਾਉਂਦਾ ਬਹੁਤ ਪਿਆਰਾ ਹੁੰਦਾ ਸੀ। ਮੇਰਾ ਸਵ. ਜਗਮੋਹਨ ਕੌਰ ਨਾਲ ਗੀਤ ਰਿਕਾਰਡ ਹੈ ਐਚ.ਐਮ.ਵੀ. ਕੰਪਨੀ ਵਿਚ। ਪਰਮਿੰਦਰ ਸੰਧੂ ਨਾਲ, ਸੁਚੇਤ ਬਾਲਾ ਨਾਲ ਤੇ ਹੋਰ ਕਾਫੀ ਲੜਕੀਆਂ ਨਾਲ ਮੇਰੇ ਗੀਤ ਰਿਕਾਰਡ ਹਨ।
? ਤੁਹਾਡਾ ਨਾਮ ਭਜਨਾ ਅਮਲੀ ਕਿਵੇਂ ਪਿਆ ?
– ਪਹਿਲਾਂ ਮੈਂ ਇਕੱਲਾ ਕਾਮੇਡੀ ਕਰਦਾ ਸੀ। ਫੇਰ ਮੈਂ ਕੈਸੇਟ ਕਰਵਾਉਣ ਲੱਗੇ ਨੇ ਸੋਚਿਆ ਕਿ ਜੇ ਮੈਂ ਗੁਰਦੇਵ ਢਿੱਲੋਂ ਕਰਕੇ ਕੈਸੇਟ ਕਰਾ ਤਾਂ ਉਹ ਠੀਕ ਨਹੀਂ ਲੱਗਦਾ। ਫੇਰ ਸਾਡੇ ਪਿੰਡ ਇਕ ਚਾਚਾ ਹੁੰਦਾ ਸੀ ਭਜਨਾ, ਸੰਤੀ ਸਾਡੀ ਚਾਚੀ ਹੁੰਦੀ ਸੀ ਇਸ ਲਈ ਮੈਂ ਸੋਚਿਆ ਭਜਨਾ ਅਮਲੀ ਕਰਿਕਟਰ ਤਕਰੀਬਨ ਹਰ ਪਿੰਡ ਵਿਚ ਹੁੰਦਾ ਹੈ। ਇਸ ਲਈ ਉਹ ਜਿਹੜੀ ਮੇਰੀ ਪਹਿਲੀ ਡਿਊਟ ਕਾਮੇਡੀ ਕੈਸੇਟ ਸੀ ਜਿਹੜੀ ਹਿੱਟ ਹੋਈ ਉਹ ਸੀ ‘ਮਹਿਫ਼ਲ ਅਮਲੀ ਦੀ’ ਉਸ ਤੋਂ ਬਾਅਦ ਭਜਨਾ ਅਮਲੀ, ਹੱਡ ਬੀਤੀ ਅਮਲੀ ਦੀ, ਤਾਰਾ ਡੁੱਬ ਗਿਆ, ਘਰ ਜੁਆਈ, ਵਹੁਟੀਆਂ ਦੋ ਬੁਰੀਆਂ, ਪੁਲਿਸ ਕੁਟਾਪਾ, ਅਮਲੀ ਖੋਤੇ ਤੇ, ਭਾਂਗਾ ਕੱਢ ਦਿਆਂਗੇ ਆਦਿ। ਇਹ ਸਾਰੀਆਂ ਕੈਸਿਟਾਂ ਹੀ ਹਿੱਟ ਹੋਈਆਂ।
? ਤੁਸੀਂ ਕਿਹੜੇ-ਕਿਹੜੇ ਕਲਾਕਾਰਾਂ ਨਾਲ ਕੰਮ ਕੀਤਾ ਹੈ ?
– ਜਿਨ•ਾਂ ਕਲਾਕਾਰਾਂ  ਨਾਲ ਮੈਂ ਕੰਮ ਕੀਤਾ ਉਹ ਦੱਸ ਗਿਆ। ਮੈਂ ਹਰਚਰਨ ਗਰੇਵਾਲ ਤੋਂ ਲੈ ਕੇ ਕੇ.ਦੀਪ ਜਗਮੋਹਨ ਕੌਰ ਨਾਲ 6 ਸਾਲ ਲਾਏ। ਉਸ ਤੋਂ ਬਾਅਦ ਸਰਦੂਲ ਸਿਕੰਦਰ, ਮੁਹੰਮਦ ਸਦੀਕ, ਹਰਦੀਪ ਚੰਡੀਗੜ•, ਵਾਲਾ (ਸ਼ਹਿਰ ਪਟਿਆਲੇ ਦੇ ਵਾਲਾ) ਉਦੋਂ ਪਹਿਲਾਂ ਇਕੱਠੀ ਜੋੜੀ ਹੁੰਦੀ ਸੀ ਪਰਮਿੰਦਰ ਸੰਧੂ ਤੇ ਜਸਵੰਤ ਸੰਦੀਲਾ ਉਨ•ਾਂ ਨਾਲ, ਮਨਜੀਤ ਰਾਹੀ, ਦਲਜੀਤ ਕੌਰ, ਅਜੇ ਦਿਓਲ, ਸੁਮਨ ਦੱਤਾ ਆਦਿ ਕਲਾਕਾਰਾਂ ਨਾਲ ਮੈਂ ਕੰਮ ਕੀਤਾ।
? ਤੁਹਾਡਾ ਪਰਿਵਾਰ ਤੁਹਾਡੀ ਇਸ ਲਾਈਨ ਨੂੰ ਕਿਵੇਂ ਲੈਂਦੇ ?
– ਪਹਿਲਾਂ ਤਾਂ ਨਹੀਂ ਸੀ ਚਾਹੁੰਦੇ ਕਿਉਂਕਿ ਉਨ•ਾਂ ਦਿਨਾਂ ਵਿਚ ਜ਼ਿਮੀਂਦਾਰਾਂ ਨੂੰ ਇਸ ਪਾਸੇ …..। ਕਹਿੰਦੇ ਸੀ ਇਹ ਮਰਾਸੀਆਂ ਦਾ ਕੰਮ ਏ ਤੇ ਫੇਰ ਗੁੱਸੇ ਹੋ ਕੇ ਹੀ ਉਨ•ਾਂ ਨੇ ਮੈਨੂੰ ਲਾਈਨ ਹੋਰ ਵਿਚ ਪਾਤਾ ਇਲੈਕਟ੍ਰੀਸ਼ਨ ਬੈਟਰੀਆਂ, ਡੈਨਮੋ ਦਾ ਕੰਮ ਮੈਂ ਕੀਤਾ, ਬਹੁਤ ਸੋਹਣੀ ਦੁਕਾਨ ਸੀ ਮੇਰੀ। ਪਰ ਫੇਰ ਗਾਉਣ ਵਾਲਿਆਂ ਨੂੰ ਦੇਖ ਕੇ ਮੈਥੋਂ ਰਿਹਾ ਨਾ ਗਿਆ। ਮੈਂ ਸਾਰਾ ਸਾਮਾਨ ਵੇਚ ਕੇ ਹਰਚਰਨ ਗਰੇਵਾਲ ਦਾ ਸ਼ਗਿਰਦ ਪੈ ਗਿਆ। ਇਹ 74 ਦੀ ਗੱਲ ਹੈ।
? ਇਹ ਮੈਡਮ ਸੰਤੀ ਤੁਹਾਡੇ ਸੰਪਰਕ ਵਿਚ ਕਿਵੇਂ ਆਈ ?
– ਇਹ ਟੀਚਰ ਲੱਗੇ ਹੋਏ ਸੀ ਸਕੂਲ ਵਿਚ। ਜਦੋਂ ਮੈਂ ਦੂਰਦਰਸ਼ਨ ਜਲੰਧਰ ਤੇ ਪ੍ਰੋਗਰਾਮ ਕਰਦਾ ਸੀ ਉਦੋਂ ਮੇਰੇ ਨਾਲ ਜਾ ਨਿਰਮਲ ਸਿੰਘ ਜੌੜਾ ਹੁੰਦਾ ਸੀ ਜਾਂ ਹਰਵਿੰਦਰ ਰਿਆੜ ਹੁੰਦੇ ਸੀ। ਜਦੋਂ ਦੋ ਢਾਈ ਸਾਲ ਲਗਾਤਾਰ ਕਾਮੇਡੀ ਕੀਤੀ ਤਾਂ ਸਾਡੇ ਪ੍ਰੋਡਿਊਸਰ ਹੁੰਦੇ ਸੀ ਮਨੋਹਰ ਭਾਰਦਵਾਜ ਉਹ ਕਹਿੰਦੇ ਇਸ ਨੂੰ ਬਦਲੋ ਥੋੜ•ਾ ਕੋਈ ਫੀਮੇਲ ਲੱਭੋ। ਪਹਿਲਾ ਇਕ ਹੋਰ ਲੜਕੀ ਸੀ ਪਰ ਫਿਰ ਇਹ (ਸੰਤੀ ਜੀ) ਕੁਦਰਤੀ ਮੈਨੂੰ ਕਿਸੇ ਢੰਗ ਨਾਲ ਮਿਲ ਗਏ। ਫਿਰ ਇਨ•ਾਂ ਨਾਲ ਮੇਰੀਆਂ ਕੈਸੇਟਾਂ ਹਿੱਟ ਹੋਈਆਂ। ਪਹਿਲਾਂ ਤਾਂ ਇਹ ਕਹਿੰਦੇ ਸੀ ਮੈਂ ਟੀ.ਵੀ. ਤੇ ਹੀ ਜਾਣਾ ਹੈ, ਸਟੇਜਾਂ ਤੇ ਨਹੀਂ ਜਾਣਾ। ਇਨ•ਾਂ ਦੇ ਪਿਤਾ ਨਾਲ ਗੱਲ ਕੀਤੀ ਕਿ ਮੈਂ ਤਾਂ ਕਾਮੇਡੀ ਹੀ ਕਰਨੀ ਹੈ ਮੈਂ ਕਿਹੜਾ ਡਾਨਸ ਕਰਵਾਉਣਾ ਏ। ਉਹ ਸਹਿਮਤ ਹੋ ਗਏ, ਮੁੜ ਕੇ ਇਨ•ਾਂ ਨਾਲ ਕੈਸੇਟਾਂ ਹਿੱਟ ਹੋਈਆਂ ‘ਵਹੁਟੀਆਂ ਦੋ ਬੁਰੀਆਂ, ਅਮਲੀ ਖੋਤੇ ਤੇ, ਘਰ ਜੁਆਈ, ਭਾਗਾਂ ਕੱਢ ਦਿਆਂਗੇ।’
? ਆਪਣੇ ਵਿਦੇਸ਼ੀ ਦੌਰਿਆਂ ਬਾਰੇ ਵੀ ਥੋੜ•ਾ ਚਾਨਣ ਪਾਉ ?
– ਹਾਂ ਸਾਰੇ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ, ਨਾਰਵੇ, ਪੰਜ-ਪੰਜ, ਛੇ-ਛੇ ਵਾਰ।
? ਤੁਸੀਂ ਹੁਣ ਤੱਕ ਕੁਲ ਕਿੰਨੀਆਂ ਕੈਸੇਟਾਂ ਵਿਚ ਕਮੈਟਰੀ ਕਰ ਚੁੱਕੇ ਹੋ ?
– ਮੈਂ ਹੁਣ ਤੱਕ 50 ਤੋਂ 60 ਕੈਸੇਟਾਂ ਵਿਚ ਕਮੈਟਰੀ ਕਰ ਚੁੱਕਾ ਹਾਂ। ਪਹਿਲਾਂ ਮੈਂ ਇਕੱਲਾ ਕਾਮੇਡੀ ਕਰਦਾ ਸੀ ਜਾਂ ਬਹੁਤ ਸਾਰੀਆਂ ਧਾਰਮਿਕ ਕੈਸੇਟਾਂ ਵਿਚ ਮੇਰੀ ਕਮੈਂਟਰੀ ਹੈ ਜਿਵੇਂ ਸਰਦੂਲ ਸਿਕੰਦਰ ਦੀ ਸੀ ਖਾਲਸੇ ਦਾ ਰਾਜ ਹੋ ਗਿਆ, ਮਾਣਕ ਦੀ ਸੀ ਖਾਲਸੇ ਦੀ ਚੜ•ਦੀ ਕਲਾ, ਦਿਲਸ਼ਾਦ ਅਖ਼ਤਰ ਦੀ ਸੱਚ ਨੂੰ ਫਾਂਸੀ, ਰਾਗੀ ਭਾਈ ਹਰਜਿੰਦਰ ਸਿੰਘ ਸ੍ਰੀ ਨਗਰ ਵਾਲਿਆਂ ਦੀ ਸਰਸਾ ਦੇ ਪਾਣੀਆਂ ਤੇ ਹੋਰ ਬਹੁਤ ਸਾਰੀਆਂ ਧਾਰਮਿਕ ਕੈਸੇਟਾਂ ਵਿਚ।
? ਕਾਮੇਡੀ ਵਿਚ ਸਫ਼ਲ ਹੋਣ ਲਈ ਪੈਸਾ ਜਾਂ ਪੜ•ਾਈ ਲਿਖਾਈ ਦੀ ਕੋਈ ਭੂਮਿਕਾ ਹੈ, ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ?
– ਨਹੀਂ, ਨਾ ਪੜ•ਾਈ-ਲਿਖਾਈ, ਨਾ ਪੈਸਾ। ਨਾਮ ਬਣਾਉਣਾ ਬਹੁਤ ਔਖਾ ਹੈ ਜਦੋਂ ਨਾਮ ਬਣ ਗਿਆ ਫੇਰ ਕੰਪਨੀਆਂ ਵੀ ਪੈਸੇ ਦਿੰਦੀਆਂ ਹਨ ਤੇ ਦੂਰਦਰਸ਼ਨ ਵਾਲੇ ਵੀ ਪੈਸੇ ਦਿੰਦੇ ਹਨ।
? ਫ਼ਿਲਮਾਂ ਵਿਚ ਆਉਣ ਦੀ ਕੋਈ ਤਮੰਨਾ ?
– ਕੋਈ ਮੇਰੀ ਤਮੰਨਾ ਨਹੀਂ, ਜੇਕਰ ਅੱਛੀ ਫ਼ਿਲਮ ਮਿਲੇਗੀ ਹਾਂ…. ਪਹਿਲਾਂ ਇਕ ਫ਼ਿਲਮ ਕੀਤੀ ਸੀ ਮੈਂ ਉੱਚਾ ਪਿੰਡ ਸੁਖਜਿੰਦਰ ਸ਼ੇਰੇ ਦੀ ਸੀ। ਫੇਰ ਇਕ ਫ਼ਿਲਮ  ‘ਦੇਹ ਸ਼ਿਵਾ ਬਰ ਮੋਹਿ ਇਹੈ’ ਇਹ ਵੀ ਸੁਖਜਿੰਦਰ ਸ਼ੇਰੇ ਨੇ ਬਣਾਈ ਹੈ ਇਸ ਵਿਚ ਮੇਰਾ ਛੋਟਾ ਜਿਹਾ ਰੋਲ ਹੈ। ਅਦਰ ਵਾਈਜ ਆਪਣੀ ਸ਼ੌਹਰਤ ਦੀ ਮੈਨੂੰ ਇਸ ਤੋਂ ਵੱਧ ਹੋਰ ਕੋਈ ਲੋੜ ਨਹੀਂ, ਮੈਂ ਆਪਣਾ ਬਿਲਕੁਲ ਇਸ ਗੱਲ ਤੋਂ ਸੰਤੁਸ਼ਟ ਹਾਂ।
? ਤੁਹਾਨੂੰ ਸਰੋਤਿਆਂ ਵੱਲੋਂ ਇਨ•ਾਂ ਪਿਆਰ ਸਤਿਕਾਰ ਮਿਲਦਾ ਹੈ ਤੁਸੀਂ ਕੀ ਮਹਿਸੂਸ ਕਰਦੇ ਹੋ ?
– ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਮੈਂ ਛੋਟੇ ਜਿਹੇ ਪਰਿਵਾਰ ਵਿਚੋਂ ਉੱਠ ਕੇ ਅੱਜ ਵਰਲਡ ਲੈਬਲ ਤੇ ਸਾਰੀ ਦੁਨੀਆ ਵਿਚ ਮੇਰਾ ਨਾਮ ਹੈ ਇਹ ਸਭ ਮਾਲਕ ਦੀ ਕ੍ਰਿਪਾ। ਇਹ ਜਿਹੜੀ ਮੈਂ ਉਸਤਾਦਾਂ ਦੀ ਸੇਵਾ ਕੀਤੀ ਆ ਉਹਦਾ ਸਿੱਟਾ, ਉਹਦਾ ਮੈਨੂੰ ਫਲ ਮਿਲਿਆ। ਪਿੰਡਾਂ ਦੇ ਲੋਕ ਮੈਨੂੰ ਇੰਨਾ ਪਿਆਰ ਕਰਦੇ ਆ, ਇਸੇ ਲਈ ਮੇਰਾ ਪੇਂਡੂ ਕਰੈਕਟਰ ਆ ਭਜਨਾ ਅਮਲੀ, ਮੇਰੀ ਸਿੱਧ ਪੱਧਰੀ ਬੋਲੀ ਆ, ਜਿਹਨੂੰ ਸਾਡੇ ਪਿੰਡਾਂ ਦੇ ਲੋਕ ਬਹੁਤ ਪਿਆਰ ਕਰਦੇ ਆ।
? ਤੁਹਾਡਾ ਇਕ ਸ਼ਗਿਰਦ ਆ, ਕਾਮੇਡੀ ਕਲਾਕਾਰ ਜਿਸ ਨੇ ਬਹੁਤ ਨਾਮ ਬਣਾ ਲਿਆ ਹੈ। ਉਹ ਆਪਣੇ ਆਪ ਨੂੰ ਤੁਹਾਡਾ ਸ਼ਗਿਰਦ ਨਹੀਂ ਮੰਨਦਾ, ਉਸ ਬਾਰੇ ਤੁਸੀਂ ਕੀ ਕਹੋਗੇ ?
– ਮੈਂ ਉਸਨੂੰ ਆਪਣਾ ਸ਼ਗਿਰਦ ਸਮਝਦਾ ਵੀ ਨਹੀਂ ਨਾ ਹੀ ਮੈਂ ਕਹੂੰਗਾ ਕਿ ਉਹ ਮੇਰਾ ਸ਼ਗਿਰਦ ਹੈ ਪਰ ਇਕ ਮੈਂ ਦੱਸਦਾ ਕਿ ਮੈਂ ਉਸਨੂੰ ਆਪਣੇ ਨਾਲ ਡੇਢ ਸੋ ਰੁਪਏ ਤੇ ਰੱਖਿਆ, ਦੋ-ਢਾਈ ਸਾਲ ਸਭ ਤੋਂ ਪਹਿਲਾਂ ਮੈਂ ਉਸਨੂੰ ਆਪਣੇ ਘਰੇ ਰੱਖਿਆ। ਤੁਸੀਂ ਆਪ ਈ ਸਮਝੋ ਪੁਰਬਾ ਸਾਹਿਬ ਬਗੈਰ ਉਸਤਾਦ ਤੋਂ ਬੰਦਾ ਹੋ ਸਕਦਾ। ਉਸਤਾਦੀ ਤਾਂ ਬਹੁਤ ਜ਼ਰੂਰੀ ਹੈ ਬੰਦਾ ਨਹੀਂ ਮੰਨਦਾ ਤਾਂ ਵੱਖਰੀ ਗੱਲ ਆ। ਮੈਂ ਕਹਿੰਨਾ ਕਿ ਮੇਰੇ ਤਾਂ ਉਸਤਾਦ ਹੈ, ਉਸਨੂੰ ਮੈਂ ਆਪਣੇ ਕੋਲ ਰੱਖਿਆ, ਡੇਢ ਸੋ ਰੁਪਏ ਤੇ ਰੱਖਿਆ, ਉਸਨੂੰ ਗÎਡੀ ਚਲਾਉਣੀ ਸਿਖਾਈ, ਉਸਨੂੰ ਟਾਈ ਲਾਉਣੀ ਸਿਖਾਈ, ਉਹ ਚਾਰ-ਚਾਰ ਘੰਟੇ ਦੂਰਦਰਸ਼ਨ ਦੇ ਗੇਟ ਦੇ ਬਾਹਰ ਖੜ•ਾ ਰਹਿੰਦਾ ਸੀ। ਉਸਨੂੰ ਇਕ ਸਕਿੰਟ ….. ਅਜੇ ਵੀ ਮੈਨੂੰ ਯਾਦ ਹੈ ਕਿ ਉਦੋਂ ‘ਇਕ ਲੱਪ ਸੁਰਮੇ ਦੀ’ ਪ੍ਰੋਗਰਾਮ ਚੱਲਦਾ ਹੁੰਦਾ ਸੀ। ਹਰਦੀਪ ਜੀ ਉਦੋਂ ਉਸ ਦੇ ਪ੍ਰੋਡਿਊਸਰ ਹੁੰਦੇ ਸੀ। ਉਨ•ਾਂ ਦੀਆਂ ਮਿੰਨਤਾਂ ਕਰਕੇ ਉਸਨੂੰ ਮੈਂ ਅੰਦਰ ਲੈ ਕੇ ਗਿਆ। ਸਰਦੂਲ ਸਿਕੰਦਰ ਹੋਣਾ ਨੂੰ ਪਤਾ ਵਾ ਕਿ ਸਟੇਜਾਂ ਤੇ ਪ੍ਰਬੰਧਕੀ ਕਮੇਟੀ ਨੂੰ ਕਹਿ-ਕਹਿ ਕੇ ਕਿ ਮੇਰੀ ਆਈਟਮ ਰਹਿਣ ਦਿਉ, ਇਸ ਮੁੰਡੇ ਦੀ ਆਈਟਮ ਲਗਵਾਉ। ਉਸਨੇ ਅੱਜ ਤੱਕ ਕਿਸੇ ਇੰਟਰਵਿਉ ਵਿਚ ਮੇਰਾ ਜ਼ਿਕਰ ਵੀ ਨਹੀਂ ਕੀਤਾ। ਮੈਂ ਅਜਿਹੇ ਬੰਦੇ ਨੂੰ ਆਪਣਾ ਸ਼ਾਗਿਰਦ ਸਮਝਦਾ ਹੀ ਨਹੀਂ।
? ਵੀਰ ਜੀ ਸਾਨੂੰ ਲੱਗਦਾ ਇਹ ਗੱਲ ਪੁੱਛਣ ਨਾਲ ਤੁਹਾਡਾ ਦਿਲ ਦੁਖਿਆ ?
– ਨਹੀਂ ਬਿਲਕੁਲ ਨਹੀਂ ਦਿਲ ਦੁਖਿਆ। ਬਿਲਕੁਲ ਹੀ ਨਹੀਂ ਦਿਲ ਦੁਖਿਆ। ਮੈਂ ਫਖ਼ਰ ਮਹਿਸੂਸ ਕਰਦਾ ਕਿ ਮੈਂ ਆਪਣੇ ਉਸਤਾਦਾਂ ਦੇ ਬਰਤਨ ਸਾਫ਼ ਕੀਤੇ, ਕੱਪੜੇ ਧੋਤੇ ਆ, ਜੇਕਰ ਬੰਦਾ ਇਸ ਚੀਜ਼ ਵਿਚ ਆਪਣੀ ਹੇਟੀ ਸਮਝਦਾ ਹੈ ਤਾਂ….। ਮੈਂ ਕਹਿਣਾ ਕਿ ਉਹ ਮੇਰੇ ਨਾਲੋਂ ਵੱਡਾ ਆਰਟਿਸਟ ਆ ਉਹ ਅÎੱਜ 80 ਹਜ਼ਾਰ ਰੁਪਏ ਲੈਂਦਾ, ਅਸੀਂ 10-15 ਹਜ਼ਾਰ ਰੁਪਏ ਲੈਣੇ ਆ। ਉਹੀ ਦੂਰਦਰਸ਼ਨ ਜਿਸਨੇ ਸਾਨੂੰ ਬਣਾਇਆ ਉਹੋ ਜਿਹਾ ਕਲਾਕਾਰ ਕਹਿ ਦੇਵੇ ਕਿ ਮੈਂ ਤਾਂ ਉੱਥੇ ਜਾਣਾ ਹੀ ਨਹੀਂ ਫੇਰ ਤਾਂ….।
? ਕੋਈ ਅਜਿਹਾ ਅਰਮਾਣ ਜੋ ਦਿਲ ਵਿਚ ਰਹਿ ਗਿਆ ਹੋਵੇ ?
– ਨਹੀਂ, ਮੈਂ ਬਿਲਕੁਲ ਸੰਤੁਸ਼ਟ ਆ, ਜੇਕਰ ਮੈਂ ਦੁਖੀ ਆ ਤਾਂ ਮੈਂ ਇਕ ਚੀਜ਼ ਤੋਂ ਬਹੁਤ ਜ਼ਿਆਦਾ ਦੁਖੀ ਆ ਗਾਇਕੀ ਵਿਚ ਨੰਗੇਜ਼ਪਣ ਤੋਂ। ਗਾਇਕ ਵੀਰਾਂ ਨੂੰ ਹੱਥ ਬੰਨ• ਕੇ ਬੇਨਤੀ ਆ…..।
? ਇਸ ਵੱਧ ਰਹੇ ਨੰਗੇਜ਼ਪਣ ਦਾ ਜ਼ੁੰਮਵੇਰਾ ਕੌਣ ਹੈ ?
– ਇਸ ਦੇ ਜ਼ੁੰਮੇਵਾਰ-ਸਰੋਤੇ ਵੀ ਹਨ। ਕੰਪਨੀਆਂ ਸਭ ਤੋਂ ਵੱਧ ਦੋਸ਼ੀ ਆ। ਕਈ ਵਾਰ ਸ਼ਿੰਗਰ ਕਹਿ ਦਿੰਦੇ ਆ ਕਿ ਅਸੀਂ ਤਾਂ ਆਹ ਕੁਝ ਕੀਤਾ ਹੀ ਨਹੀਂ। ਉਨ•ਾਂ ਨੇ ਬਾਅਦ ਵਿਚ ਡੱਬ ਕਰ ਲਿਆ ਪਰ ਉਨ•ਾਂ ਨੂੰ ਵਾਰਨਿੰਗ ਦਿਉ ਕੇ ਜੇਕਰ ਇਸ ਵਿਚ ਕੁਝ ਹੋਇਆ…..ਉਨ•ਾਂ ਤੋਂ ਰਿਟਨ ਲਵੋ ਕਿ ਅਸੀਂ ਪੰਜਾਬੀ ਡਰੈੱਸ ਹੀ ਲੈਣੀ ਆ ਕੁੜੀਆਂ ਦੀ।
? ਲੋਕ ਤੁਹਾਡੇ ਬਾਰੇ ਵੀ ਕਹਿ ਦਿੰਦੇ ਹਨ ਕਿ ਭਜਨਾ ਅਮਲੀ ਜ਼ਿਆਦਾ ਖੁਲ•ਾ ਚੱਲ ਜਾਂਦਾ ਹੈ, ਤੁਸੀਂ ਇਸ ਬਾਰੇ ਕੀ ਕਹੋਗੇ ?
– ਬਾਹਲ ਖੁਲ•ਾ …. ਤੁਸੀਂ ਦੇਖਿਆ ਕਿ ਮੈਂ ਜੇ ਨੰਗੇਜ਼ ਦੀ ਗੱਲ ਕਰਦਾ ਵਾ ਜਾਂ ਸ਼ੇਅਰੋ ਸ਼ਾਇਰੀ ਦੀ ਗੱਲ ਕਰਦਾ ਇਹ ਉਹ ਹੀ ਗੱਲਾਂ ਹੁੰਦੀਆਂ ਹਨ ਜੋ ਆਮ ਹੀ ਘਰਾਂ ਵਿਚ ਗੱਲ ਹੁੰਦੀ ਆ ਜੇਕਰ ਕਿਸੇ ਨੂੰ ਲੱਗਦਾ ਕਿ ਮੈਂ ਜ਼ਿਆਦਾ ਖੁਲ•ਾ ਚੱਲ ਜਾਨਾ ਏ ਤਾਂ ਮੈਂ ਉਨ•ਾਂ ਤੋਂ ਮੁਆਫ਼ੀ ਚਾਹੁੰਗਾ ਮੈਂ ਤਾਂ ਆਪਣੇ ਹਿਸਾਬ ਨਾਲ ਗੱਲ ਕਰਨੀ ਹੀ ਕਰਨੀ ਆ।
? ਵੀਰ ਜੀ ਤੁਹਾਡੀ ਕੋਈ ਨਾ ਭੁੱਲਣਯੋਗ ਘਟਨਾ ?
– ਜਦੋਂ ਮੈਂ ਪਹਿਲੀ ਵਾਰ ਟੂਰ ਲਾਇਆ ਇੰਗਲੈਂਡ ਦਾ ਸਰਦੂਲ ਸਿਕੰਦਰ ਨਾਲ ਉਥੇ ਇੰਗਲੈਂਡ ਵਿਚ ‘ਅਲਾਪ’ ਸ਼ੋਅ ਸੀ ਉੱਥੇ ਮੇਰਾ ਬੜਾ ਜ਼ਬਰਦਸਤ ਐਕਸੀਡੈਂਟ ਹੋਇਆ ਸੀ। ਇਸ ਕਰਕੇ ਉਹ ਪੈਰ ਦੀ ਅੱਡੀ ਅਜੇ ਵੀ ਛੋਟੀ ਆ। ਉਦੋਂ ਮੈਨੂੰ ਮਾਲਕ ਨੇ ਹੀ ਦੁਬਾਰਾ ਜਨਮ ਦਿੱਤਾ।
? ਤੁਹਾਡਾ ਕਾਮੇਡੀ ਦੇ ਨਾਲ ਕੋਈ ਹੋਰ ਸ਼ੌਕ ?
– ਹੋਰ ਮੇਰਾ ਕੋਈ ਖਾਸ ਸ਼ੌਕ ਨਹੀਂ। ਮੈਂ ਇਕੱਲਾ ਬੈਠ ਕੇ ਬਹੁਤ ਖੁਸ਼ ਆ। ਇਸ ਤੋਂ ਇਲਾਵਾ ਕ੍ਰਿਕੇਟ ਦਾ ਸ਼ੌਕ ਹੈ।
? ਕ੍ਰਿਕੇਟ ਖੇਡਣ ਦਾ ਜਾਂ ਦੇਖਣ ਦਾ ?
– ਕ੍ਰਿਕੇਟ ਦੇਖਣ ਦਾ। ਬਾਕੀ ਮੈਂ ਜਗਜੀਤ ਸਿੰਘ ਨੂੰ ਬਹੁਤ ਸੁਣਦਾ। ਮੈਂ ਬਹੁਤ ਜ਼ਜਬਾਤੀ ਬੰਦਾ ਹਾਂ। ਕਾਮੇਡੀ ਤਾਂ ਮੈਂ ਲੋਕਾਂ ਨੂੰ ਖੁਸ਼ ਕਰਨ ਵਾਸਤੇ ਕਰਦਾ ਹਾਂ।
? ਕਿਸੇ ਪ੍ਰਤੀ ਕੋਈ ਗਿਲਾ ਸ਼ਿਕਵਾ ?
– ਕਿਸੇ ਪ੍ਰਤੀ ਕੋਈ ਗਿਲਾ ਸ਼ਿਕਵਾ ਨਹੀਂ। ਸਾਰੇ ਖੁਸ਼ੀ ਵਸਣ, ਕੋਈ ਮੇਰਾ ਦੁਸ਼ਮਣ ਨਹੀਂ ਹੈ। ਬੱਸ ਇਕੋ ਹੀ ਮੈਨੂੰ ਸ਼ਿਕਵਾ ਹੈ ਕਿ ਨੰਗੇਜ਼ ਤੋਂ ਥੋੜ•ਾ ਸਾਰੇ ਸੱਜਣ, ਸਾਰੇ ਕਲਾਕਾਰ ਨੰਗੇਜ਼ ਤੋਂ ਹਟਣ।
? ਹੋਰ ਕੁਝ ?
– ਇਕ ਵਾਰ ਲੋਹੜੀ ਤੇ ਮੇਰੇ ਨਾਲ ਇਕ ਬਹੁਤ ਵੱਡੀ ਘਟਨਾ ਹੋਈ ਕਿ ਮੇਰੇ ਭਾਣਜੇ ਦੀ ਡੈਥ ਹੋ ਗਈ। ਇਕੋ-ਇਕ ਬੇਟਾ ਸੀ। ਪਹਿਲਾਂ ਸਾਡੇ ਭਨਵਈਏ ਦੀ ਡੈਥ ਹੋ ਗਈ ਸੀ। ਲੋਹੜੀ ਵਾਲੀ ਰਾਤ ਮੇਰਾ ਭਾਣਜਾ 15 ਕੁ ਸਾਲ ਦਾ ਉਸਦੀ ਡੈਥ ਹੋ ਗਈ। ਬਾਕੀ ਮੈਂ ਜੁੜਿਆ ਤਾਂ ਸਮਾਜ ਸੇਵੀ ਸੰਸਥਾਵਾਂ ਨਾਲ ਪਹਿਲਾਂ ਵੀ ਸੀ, ਪਰ ਉਦੋਂ ਮੈਂ ਇਹ ਸੋਚਿਆ ਕਿ ਕੁਝ ਥੋੜ•ਾ ਪੈਸਾ ਆਪਣੇ ਘਰ ਲਈ ਰੱਖ ਕੇ ਬਾਕੀ ਜਿਹੜਾ ਪ੍ਰੋਗਰਾਮਾਂ ਦਾ ਪੈਸਾ ਉਹ ਸਾਰਾ ਸਮਾਜ ਸੇਵਾ ਵਾਸਤੇ ਹੀ ਲਾਉਗਾ। ਜਿਵੇਂ ਕਿ ਤਲਵੰਡੀ ਰਾਏ ਕੀ ਉਥੇ ਮੇਰੀ ਸਿਸਟਰ ਹੈ, ਉਥੇ ਮੈਂ ਇਕ ਸੱਭਿਆਚਾਰਕ ਮੇਲਾ ਕੀਤਾ ਜਿਹੜਾ ਨਿਰੋਲ ਸੱਭਿਆਚਾਰਕ ਸੀ ਉਥੇ ਕੁਝ ਲੜਕੀਆਂ ਦੇ ਵਿਆਹ ਵੀ ਕੀਤੇ, ਕੁਝ ਵਿਧਵਾ ਜਨਾਨੀਆਂ ਨੂੰ, ਭੈਣਾਂ ਨੂੰ, ਮਸ਼ੀਨਾਂ ਜਾਂ ਯਤੀਮ ਬੱਚਿਆਂ ਉਨ•ਾਂ ਨੂੰ ਸਾਰੀ ਪੜ•ਾਈ। ਜਦ ਤੱਕ ਉਹ ਪੜ•ਨਾ ਚਾਹੁਣ ਉਨ•ਾਂ ਦੀਆਂ ਫੀਸਾਂ ਦੇਵਾਂਗਾ। ਆਉਣ ਵਾਲੇ ਸਮੇਂ ਵਿਚ ਵੀ ਮੈਂ ਚਾਹੁੰਗਾ ਕਿ ਸਾਰੀ ਪੇਮੈਂਟ ਗਰੀਬ ਜਨਤਾ ਵਾਸਤੇ ਹੀ ਲਾਵਾਂ।
? ਕੋਈ ਸੰਦੇਸ਼ ?
– ਸੰਦੇਸ਼ ਇਹੀ ਹੈ ਕਿ ਤੁਸੀਂ ਚਾਰ ਪੈਸੇ ਕਮਾਉਣ ਲਈ, ਸਾਡੇ ਕਲਚਰ ਇਸਨੂੰ ਆਪਣੇ ਫਾਇਦੇ ਲਈ ਕਲਚਰ ਦਾ ਨੁਕਸਾਨ ਨਾ ਕਰਿਓ। ਕਈ ਦਫਾ ਵੱਡੀਆਂ-ਵੱਡੀਆਂ ਇੰਟਰਵਿਊ ਆਉਂਦੀਆਂ ਉਹ ਕਹਿੰਦੇ ਹਨ ਕਿ ਅਸੀਂ ਕਲਚਰ ਦੀ ਸੇਵਾ ਕਰਦੇ ਹਾਂ। ਅੰਦਰੋਂ ਕੁਝ ਹੋਰ ਹੁੰਦੇ ਆ, ਲੋਕਾਂ ਸਾਹਮਣੇ ਕੁਝ ਹੋਰ ਹੁੰਦੇ ਆ। ਮੈਂ ਕਹਿਨਾ ਕਿ ਜੋ ਕੁਝ ਅੰਦਰ ਆ ਉਹੀ ਬਾਹਰ ਹੋਣਾ ਚਾਹੀਦਾ ਹੈ।
? ਪਾਠਕਾਂ ਨੂੰ ਕੋਈ ਸੰਦੇਸ਼ ?
– ਸਾਰੇ ਜਿਊਂਦੇ ਵਸਦੇ ਰਹਿਣ, ਹੱਸਦੇ ਖੇਡਦੇ ਰਹਿਣ।
? ਸੰਤੀ ਜੀ ਕੁਝ ਸੁਆਲ ਤੁਹਾਡੇ ਲਈ। ਸਭ ਤੋਂ ਪਹਿਲਾਂ ਤੁਸੀਂ ਆਪਣੇ ਪਿਛੋਕੜ ਬਾਰੇ ਦੱਸੋ ?
– ਮੈਂ ਜ਼ਿਲ•ਾ ਨਵਾਂ ਸ਼ਹਿਰ, ਦੁਆਬੇ ਇਲਾਕੇ ਨੂੰ ਬਿਲਾਗ ਕਰਦੀ ਆ। ਇਨ•ਾਂ ਨਾਲ ਕੰਮ ਕਰਦੀ ਨੂੰ ਕਈ ਸਾਲ ਹੋ ਗਏ। ਪੂਰੀ ਫੈਮਿਲੀ ਅਸੀਂ ਲੁਧਿਆਣੇ ਹੀ ਰਹਿੰਦੇ ਆ। ਪਿਤਾ ਦਾ ਨਾਮ ਰਮੇਸ਼ ਕੁਮਾਰ। ਮੈਂ ਹਿੰਦੂ ਫੈਮਿਲੀ ਨੂੰ ਬਿਲਾਗ ਕਰਦੀ ਆ। ਮਾਤਾ ਦਾ ਨਾਮ ਬਿਮਲਾ, ਮੈਂ ਇਕੋ-ਇਕ ਸਿਸਟਰ ਆ। ਦੋ ਭਰਾ ਵੱਡੇ ਦਾ ਨਾਮ ਰਣਦੀਪ ਛੋਟੇ ਦਾ ਨਾਮ ਸੰਦੀਪ।
? ਤੁਸੀਂ ਢਿੱਲੋਂ ਸਾਹਿਬ ਨਾਲ ਕੰਮ ਕਰਕੇ ਕੀ ਮਹਿਸੂਸ ਕਰਦੇ ਹੋ ?
– ਬਹੁਤ ਵਧੀਆ ਲੱਗਦਾ, ਇਹ ਉਸਤਾਦ ਆ ਮੇਰੇ, ਗੁਰੂ ਆ ਮੇਰੇ। ਇਨ•ਾਂ ਨੂੰ 30-32 ਸਾਲ ਹੋ ਗਏ ਇਸ ਲਾਈਨ ਵਿਚ। ਮੈਨੂੰ ਇਨ•ਾਂ ਕੋਲੋਂ ਕਾਫੀ ਕੁਝ ਸਿੱਖਣ ਨੂੰ ਮਿਲਿਆ। ਬਹੁਤ ਵਧੀਆ ਲੱਗਦਾ ਹੈ।
? ਤੁਹਾਡੀ ਇਸ ਲਾਈਨ ਵਿਚ ਕੋਈ ਅਭੁੱਲ ਯਾਦ ?
– ਅਸੀਂ ਮੋਗੇ ਦੇ ਨੇੜੇ ਮਨੀਲਾ ਫਾਰਮ ਤੇ ਪ੍ਰੋਗਰਾਮ ਲਾਉਣ ਗਏ ਸੀ। ਮੇਰਿਜ਼ ਸੀ ਕੋਈ। ਉਥੇ ਉਨ•ਾਂ ਨੇ ਸਾਨੂੰ ਇੰਨੀ ਰਿਸਪੈਕਟ ਦਿੱਤੀ। ਜੋ ਮੈਂ ਜ਼ਿੰਦਗੀ ਵਿਚ ਕਦੀ ਵੀ ਨਹੀਂ ਭੁੱਲ ਸਕਦੀ। ਸਾਡੇ ਉਨ•ਾਂ ਨੇ ਹਾਰ ਪਾਏ, ਜਿਵੇਂ ਜੋੜੀ ਦੇ ਪਾਉਂਦੇ ਆ।
? ਤੁਸੀਂ ਕਾਮੇਡੀ ਲਾਈਨ ਵਿਚ ਕਿਵੇਂ ਆ ਗਏ ?
– ਬੱਸ ਜਿਵੇਂ ਪਰਮਾਤਮਾ ਨੇ ਲਿਖਿਆ ਕਿ ਤੁਸੀਂ ਇਨ•ਾਂ ਨਾਲ (ਢਿੱਲੋਂ ਸਾਹਿਬ ਨਾਲ) ਜੁੜਨਾ ਹੀ ਜੁੜਨਾ ਏ, ਇਸ ਤੋਂ ਪਹਿਲਾਂ ਮੈਂ ਪ੍ਰਾਈਵੇਟ ਜੋਬ ਕਰਦੀ ਸੀ ਟੀਚਰ ਦੀ।
? ਢਿੱਲੋਂ ਸਾਹਿਬ ਨਾਲ ਕੋਈ ਸ਼ਿਕਵਾ ?
– ਸ਼ਿਕਵਾ ਇਹੀ ਆ ਕਿ ਗੁੱਸਾ ਜ਼ਿਆਦਾ ਏ ਇੰਨਾ ਵਿਚ, ਹੋਰ ਕੋਈ ਸ਼ਿਕਵਾ ਨਹੀਂ, ਬਹੁਤ ਵਧੀਆ ਇਨਸਾਨ ਆ। ਮੈਂ ਬਹੁਤ ਲੱਕੀ ਆ ਕਿਉਂਕਿ ਇਹ ਮੈਨੂੰ ਮਿਲੇ ਨੇ। ਇਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਬਹੁਤ ਨਾਈਸ ਆ। ਹਰ ਪੱਖੋਂ ਠੀਕ ਆ। ਗੁੱਸਾ ਹੀ ਮਾੜਾ ਹੈ।

 

ਅਸ਼ਲੀਲ ਨੰਗੇਜ਼ਪਨ ਪੰਜਾਬੀ ਸੱਭਿਆਚਾਰਕ ਵਿਚ ਸੋਭਦਾ ਨਹੀਂ : ਹਾਕਮ ਬੱਖਤੜੀ ਵਾਲਾ, ਦਲਜੀਤ ਕੌਰ

BAKHTRI WALA

-ਭਵਨਦੀਪ ਸਿੰਘ ਪੁਰਬਾ

ਹਾਕਮ ਬੱਖਤੜੀ ਵਾਲਾ ਅਤੇ ਦਲਜੀਤ ਕੌਰ ਦੇ ਨਾਮ ਨੂੰ ਅਜੋਕੇ ਸਮੇਂ ਵਿਚ ਕੋਣ ਨਹੀਂ ਜਾਣਦਾ, ਬੱਚਾ-ਬੱਚਾ ਇਸ ਜੋੜੀ ਦਾ ਵਾਕਫ ਹੈ। ਅੱਜ ਦੇ ਸਮੇਂ ਦੀ ਇਹ ਦੋਗਾਣਿਆਂ ਦੀ ਹਿੱਟ ਜੋੜੀ ਨੂੰ ਇਕ ਕਾਮੇਡੀਅਨ ਵੀ ਕਿਹਾ ਜਾਵੇ ਤਾਂ ਇਹ ਕੋਈ ਵਧੀਕੀ ਨਹੀਂ ਹੋਵੇਗੀ ਕਿਉਂਕਿ ਅਖਾੜੇ ਸਮੇਂ ਗੀਤਾਂ ਦੇ ਨਾਲ-ਨਾਲ ਹਾਸੇ-ਮਜਾਕ ਨਾਲ ਸਰੋਤਿਆਂ ਦਾ ਮਨੋਰੰਜਨ ਕਰਨਾ ਕਿਸੇ ਐਰੇ-ਗੈਰੇ ਕਲਾਕਾਰ ਦਾ ਕੰਮ ਨਹੀਂ, ਪਰ ਇਹ ਇਸ ਜੋੜੀ ਦਾ ਕਮਾਲ ਹੈ। ਪਹਿਲੀ ਮਿਲਣੀ ਵਿਚ ਹੀ ਕਿਸੇ ਨੂੰ ਆਪਣਾ ਬਣਾ ਲੈਣਾ ਅਤੇ ਆਪਣੀ ਸ਼ਖ਼ਸੀਅਤਾਂ ਦਾ ਪ੍ਰਭਾਵ ਆਏ ਮਹਿਮਾਨ ਉੱਤੇ ਪਾਉਣਾ ਹੱਸ ਕੇ ਮਿਲਣਾ ਹਾਕਮ ਦੀ ਜ਼ਿੰਦਗੀ ਦਾ ਅਹਿਮ ਗੁਣ ਹੈ, ਹਾਕਮ ਦੇ ਕਹਿਣ ਮੁਤਾਬਿਕ ”ਭਾਅ ਜੀ ਆਪਾਂ ਤਾਂ ਜ਼ਿੰਦਗੀ ਵਿਚ ਏਹੋ ਕੁਝ ਖੱਟਿਆ ਹੈ ਪਿਆਰ ਨਾਲ ਰਹੋ ਅਤੇ ਆਏ ਮਹਿਮਾਨ ਦਾ ਸਤਿਕਾਰ ਕਰੋ।”
ਅੱਜ ਦੋ ਗਾਣਿਆਂ ਦੀਆਂ ਸੁਪਰਹਿੱਟ ਜੋੜੀਆਂ ਉਂਗਲਾਂ ਤੇ ਗਿਣੀਆਂ ਜਾਂਦੀਆਂ ਹਨ ਜਿਨ•ਾਂ ਵਿਚ ਮੁਹੰਮਦ ਸਦੀਕ ਰਣਜੀਤ ਕੌਰ, ਚਾਂਦੀ ਰਾਮ ਚਾਂਦੀ, ਹਰਚਰਨ ਗਰੇਵਾਲ ਸੀਮਾ, ਦੀਦਾਰ ਸੰਧੂ, ਚਮਕੀਲਾ ਅਮਨਜੋਤ, ਕੇ ਦੀਪ ਜਗਮੋਹਨ ਕੌਰ, ਹਾਕਮ ਬੱਖਤੜੀ ਵਾਲਾ ਦਲਜੀਤ ਕੌਰ ਦਾ ਨਾਂ ਜ਼ਿਕਰਯੋਗ ਹੈ। ਪੰਜਾਬ ਅਤੇ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਸੈਂਕੜੇ ਗੀਤਾਂ ਦਾ ਲੇਖਕ ਅਤੇ ਸੈਂਕੜੇ ਗੀਤਾਂ ਦਾ ਗਾਇਕ ਅੱਜ ਪੰਜਾਬੀਆਂ ਦਾ ਮਾਣ ਮੱਤਾ ਗਾਇਕ ਹੈ ਹਾਕਮ ਬੱਖਤੜੀ ਵਾਲਾ। ਹਾਕਮ ਦਾ ਸਦਾ ਲਈ ਗਾਇਕੀ ਵਿਚ ਸਾਥ ਦੇਣ ਲਈ ਦਲਜੀਤ ਕੌਰ ਜੀਵਨ ਸਾਥੀ ਤੋਂ ਸਾਥੀ ਗਾਇਕਾ ਬਣ ਕੇ ਨਾਲ ਰਲ ਗਈ, ਹਾਕਮ ਨੂੰ ਮਿਲ ਕੇ ਪਤਾ ਲੱਗਾ ਕਿ ਉਹ ਕਿੰਨਾ ਮਿਲਾਪੜੇ ਸੁਭਾਅ ਦਾ ਇਨਸਾਨ ਹੈ। ਹਰ ਇਕ ਨੂੰ ਹੱਸ ਕੇ ਮਿਲਣਾ ਉਸ ਦੀ ਬਚਪਨ ਦੀ ਆਦਤ ਹੈ। ਉਹ ਹਰ ਮਿਲਣ ਵਾਲੇ ਨੂੰ ਕੋਈ ਬਿਗਾਨਾ ਸਮਝਕੇ ਨਹੀਂ ਸਗੋਂ ਆਪਣਾ ਸਮਝਕੇ ਮਿਲਦਾ ਹੈ। ਕਿਸੇ ਦੀ ਪਿੱਠ ਪਿਛੇ ਚੁਗਲੀ ਨਹੀਂ ਕਰਦਾ। ਬੀਤੇ ਦਿਨੀਂ ਸਾਡੀ ਅਨੇਕਾਂ ਸੁਪਰਹਿੱਟ ਗੀਤਾਂ ਦੇ ਲੇਖਕ ਅਤੇ ਅਨੇਕਾਂ ਸੁਪਰਹਿੱਟ ਗੀਤਾਂ ਦੇ ਗਾਇਕ ਜਨਾਬ ਹਾਕਮ ਬੱਖਤੜੀ ਵਾਲੇ ਨਾਲ ਮੁਲਾਕਾਤ ਹੋਈ। ਪੇਸ਼ ਹਨ ਉਸ ਦੇ ਕੁਝ ਅੰਸ਼ –
? ਸ. ਹਾਕਮ ਜੀ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਬਾਰੇ ਚਾਨਣਾ ਪਾਓ?
– ਵੀਰ ਮੇਰਾ ਜਨਮ ਸੰਗਰੂਰ ਜ਼ਿਲ•ੇ ਦੇ ਪਿੰਡ ਬੱਖਤੜੀ ਵਿਖੇ ਹੋਇਆ। ਮੇਰੇ ਪਿਤਾ ਜੀ ਦਾ ਨਾਂ ਸ. ਟਿੱਕਾ ਸਿੰਘ ਅਤੇ ਮਾਤਾ ਜੀ ਦਾ ਨਾਮ ਸ੍ਰੀ ਲੀਲਾਵਤੀ ਜੀ ਹੈ। ਮੇਰੀ ਜੀਵਨ ਸਾਥਣ ਦਾ ਨਾਮ ਦਲਜੀਤ ਕੌਰ ਹੈ। ਮੇਰੇ ਦੋ ਬੇਟੀਆਂ ਵੱਡੀ ਚੰਦਾ ਛੋਟੀ ਅਮਨ ਅਤੇ ਉਸਤੋਂ ਛੋਟਾ ਬੇਟਾ ਸਰਵਰਿੰਦਰ ਸਿੰਘ (ਨੰਨੂੰ ਬੱਖਤੜੀ) ਹੈ।
? ਤੁਹਾਨੂੰ ਗਾਇਕੀ ਦਾ ਸ਼ੌਂਕ ਕਦੋਂ ਪਿਆ?
– ਮੈਂ ਬਚਪਨ ਤੋਂ ਹੀ ਗਾਇਕੀ ਦਾ ਸੌਦਾਈ ਸੀ ਕਿਤੇ-ਕਿਤੇ ਗੀਤ ਵੀ ਲਿਖ ਲੈਂਦਾ ਸੀ।
? ਤੁਸੀਂ ਆਪਣੇ ਨਾਮ ਨਾਲ ਆਪਣੇ ਪਿੰਡ ਦਾ ਹੀ ਤਖੱਲਸ ਕਿਉਂ ਲਾਇਆ?
– ਮੈਂ ਜਿਸ ਪਿੰਡ ਵਿਚ ਜੰਮਿਆ ਪਲਿਆ ਜਵਾਨ ਹੋਇਆ ਉਸ ਪਿੰਡ ਦੀਆਂ ਗਲੀਆਂ ਨਾਲ ਮੇਰਾ ਅੰਤਾਂ ਦਾ ਪਿਆਰ ਹੈ। ਫੇਰ ਮੈਂ ਆਪਣੇ ਨਾਮ ਨਾਲ ਹੋਰ ਤਖੱਲਸ ਕਿਉਂ ਜੋੜਾਂ ਇਸ ਕਰਕੇ ਮੈਂ ਆਪਣੇ ਨਾਮ ਨਾਲ ਆਪਣੇ ਪਿੰਡ ਦਾ ਨਾਮ ਹੀ ਲਾਇਆ।
? ਹਾਕਮ ਜੀ, ਪੰਜਾਬੀ ਸੱਭਿਆਚਾਰਕ ਤੇ ਪੱਛਮੀ ਸੱਭਿਅਤਾ ਦਾ ਪ੍ਰਭਾਵ ਪੈ ਰਿਹਾ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ।
– ਗਾਇਕੀ ਵਿਚ ਜਾਂ ਸੰਗੀਤ ਵਿਚ ਪਰਿਵਰਤਨ ਤਾਂ ਆ ਸਕਦਾ ਹੈ। ਪਰ ਜੋ ਅੱਜ ਕੱਲ ਗੰਦੇ ਗੀਤ ਅਤੇ ਅਸ਼ਲੀਲ ਨੰਗੇਜ਼ਪਣ ਡਾਸਰਾਂ ਵੱਲੋਂ ਜਾਂ ਮਾਡਲ ਕੁੜੀਆਂ ਵੱਲੋਂ ਵੱਖ-ਵੱਖ ਚੈਨਲਾਂ ਤੇ ਕੀਤਾ ਜਾਂਦਾ ਹੈ। ਉਹ ਸਾਡੇ ਪੰਜਾਬੀ ਸੱਭਿਆਚਾਰ ਵਿਚ ਸੋਭਦਾ ਨਹੀਂ। ਜੋ ਮਜਾ ਅੱਜ ਤੋਂ ਪਹਿਲੇ ਗੀਤਾਂ ਵਿਚ ਸੀ ਉਹ ਅੱਜ ਨਹੀਂ ਮਿਲਦਾ।
? ਹਾਕਮ ਜੀ ਲੋਕ ਦੋਗਾਣਿਆਂ ਤੇ ਲੱਚਰਤਾ ਦਾ ਲੇਬਲ ਲਾ ਰਹੇ ਹਨ।
– ਵੀਰ ਲੱਚਰ ਤਾਂ ਸੋਲੋ ਵੀ ਹੋ ਸਕਦੇ ਹਨ। ਲੱਚਰ ਤਾਂ ਸ਼ਬਦ ਹੁੰਦੇ ਹਨ ਕੀ ਲੱਚਰ ਸ਼ਬਦ ਸੋਲੋ ਗੀਤਾਂ ਵਿਚ ਨਹੀਂ ਲਿਖੇ ਜਾ ਸਕਦੇ ਹਨ। ਇਹ ਤਾਂ ਤੁਹਾਡੀ ਜਮੀਰ ਤੇ ਨਿਰਭਰ ਕਰਦਾ ਹੈ ਕਿ ਲੱਚਰ ਗੀਤ ਗਾ ਕੇ ਪੈਸਾ ਕਮਾਉਣਾ ਚਾਹੀਦਾ ਹੈ ਜਾਂ ਸੱਭਿਆਚਾਰ ਦੇ ਦਾਇਰੇ ਅੰਦਰ ਰਹਿ ਕੇ ਗਾਉਣਾ ਚਾਹੀਦਾ ਹੈ। ਅਸੀਂ ਤਾਂ ਦੋਗਾਣਿਆਂ ਵਿਚ ਪਰਿਵਾਰਕ ਮੈਟਰ ਹੀ ਪੇਸ਼ ਕੀਤਾ ਹੈ।
? ਹਾਕਮ ਜੀ ਤੁਹਾਡਾ ਗਾਇਕੀ ਦੇ ਨਾਲ-ਨਾਲ ਗੀਤਕਾਰੀ ਵਿਚ ਵੀ ਪੂਰਾ ਨਾਮ ਹੈ। ਤੁਸੀਂ ਪਹਿਲਾਂ ਗਾਇਕ ਬਣੇ ਜਾਂ ਗੀਤਕਾਰ?
– ਮੈਂ ਬਚਪਨ ਤੋਂ ਹੀ ਗਾਇਕੀ ਦੇ ਰਾਹ ਪੈ ਗਿਆ ਸੀ। ਪਰ ਗੀਤਕਾਰੀ ਪਹਿਲਾਂ ਰੰਗ ਲਿਆਈ ਪਰ ਮੈਂ ਪੂਰੇ ਦਾ ਪੂਰਾ ਗਾਇਕੀ ਨੂੰ ਸਮਰਪਿਤ ਹਾਂ।
? ਗੀਤਕਾਰ ਬਣਨ ਵਿਚ ਕੋਈ ਰਾਜ ਸੀ ਜਾਂ…?
– ਨਹੀਂ ਜੀ ਰਾਜ ਤਾਂ ਕੋਈ ਨਹੀਂ, ਬਸ ਸਪੀਕਰਾਂ ਤੇ ਤਵੇ ਸੁਨ-ਸੁਨ ਕੇ ਗੀਤਕਾਰੀ ਦੇ ਹਾਰ ਪੈ ਗਏ।
? ਗੀਤਕਾਰੀ ਵਿਚ ਤੁਹਾਡਾ ਉਸਤਾਦ ਕੌਣ ਹੈ।
– ਗੀਤਕਾਰੀ ਦੇ ਗੁਣ ਹਾਸਲ ਕਰਨ ਲਈ ਮੈਂ ਜਨਾਬ ਸਾਜਨ ਰਾਏਕੋਟੀ ਜੀ ਨੂੰ ਆਪਣਾ ਰਸਮਾਂ ਨਾਲ ਗੁਰੂ ਧਾਰਿਆ।
? ਤੇ ਗਾਇਕੀ ਵਿਚ ਤੁਸੀਂ ਕਿਸ ਨੂੰ ਉਸਤਾਦ ਧਾਰਿਆ?
– ਗਾਇਕੀ ਵਿਚ ਮੇਰੇ ਉਸਤਾਦ ਜਨਾਬ ਮੁਹੰਮਦ ਸਦੀਕ ਸਾਹਿਬ ਜੀ ਹਨ ਅਤੇ ਦਿਲਜੀਤ ਦੀ ਸਵ. ਨਰਿੰਦਰ ਬੀਬਾ ਜੀ ਹਨ।
? ਹਾਕਮ ਜੀ ਤੁਸੀਂ ਗੀਤਕਾਰ ਹੁੰਦਿਆਂ ਹੋਇਆ ਵੀ ਬਹੁਤ ਸਾਰੇ ਨਵੇਂ ਲੇਖਕਾਂ ਦੇ ਗੀਤ ਗਾਏ ਅਤੇ ਗਾ ਰਹੇ ਹੋ?
– ਮੇਰੇ ਗੀਤ ਤਾਂ ਹੋਰ ਬਹੁਤ ਸਾਰੇ ਗਾਇਕ ਗਾ ਰਹੇ ਹਨ। ਪਰ ਮੈਂ ਨਵੇਂ ਲੇਖਕਾਂ ਨੂੰ ਅੱਗੇ ਆਉਣ ਦਾ ਵੱਧ ਤੋਂ ਵੱਧ ਮੌਕਾ ਦਿੰਦਾ ਹਾਂ।
? (ਦਿਲਜੀਤ ਜੀ) ਕੋਈ ਅਜਿਹੀ ਪਰਿਵਾਰਕ ਗੱਲ ਜੋ ਤੁਹਾਡੇ ਤੋਂ ਚੱਲ ਕੇ ਤੁਹਾਡੇ ਵਿਰਸੇ ਨੂੰ ਸਾਂਭਣ ਲਈ ਹੋਵੇ?
– (ਦਿਲਜੀਤ) ਬੇਟਾ ਨੰਨੂੰ ਤਾਂ ਹਾਲੇ ਛੋਟਾ ਹੈ ਬੇਟੀ ਅਮਨ ਬਹੁਤ ਵਧੀਆ ਗਾ ਲੈਂਦੀ ਆ, ਚੰਦਾ ਨੂੰ ਡਾਂਸ ਵਿਚ ਮੁਹਾਰਤ ਹਾਸਲ ਹੈ, ਫ਼ਿਲਮਾਂ ਵਿਚ ਜਾਣਾ ਚਾਹੁੰਦੀਆਂ ਹਨ। ਭਵਿੱਖ ਬੱਚਿਆਂ ਦਾ ਆਪਣਾ ਹੈ। ਅਸੀਂ ਤਾਂ ਰਾਹਗੀਰ ਹਾਂ।
? ਤੁਹਾਡੀ ਕਲਮ ‘ਚੋਂ ਉਪਜੇ ਗੀਤ ਜੋ ਲੋਕਾਂ ਵਿਚ ਸੁਪਰਹਿੱਟ ਹੋਏ ਹੋਣ?
– ਤਕਰੀਬਨ ਸਾਰੇ ਹੀ ਕਲਾਕਾਰਾਂ ਨੇ ਮੇਰੇ ਗੀਤ ਗਾਏ ਜੋ ਸਰੋਤਿਆਂ ਵੱਲੋਂ ਸੁਲਾਹੇ ਗਏ। ਕਰਤਾਰ ਰਮਲਾ, ਸੁਖਵੰਤ ਸੁਖੀ, ਸੁਰਿੰਦਰ ਛਿੰਦਾ, ਪਰਮਿੰਦਰ ਸੰਧੂ, ਬਲਕਾਰ ਸਿੱਧੂ, ਜਗਮੋਹਨ ਕੌਰ, ਦਿਲਸ਼ਾਦ ਅਖਤਰ, ਚਾਂਦੀ ਰਾਮ, ਸੁਰਿੰਦਰ ਕੌਰ ਤੋਂ ਲੈ ਕੇ ਅੱਜ ਕੱਲ ਦੇ ਕਲਾਕਾਰ ਵੀਰ ਸਾਰੇ ਹੀ ਮੇਰੇ ਗੀਤ ਗਾ ਚੁੱਕੇ ਹਨ।
? ਤੁਸੀਂ ਕਿਸ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਏ?
– ਮੈਂ ਜੀ ਸਭ ਤੋਂ ਵੱਧ ਉਸਤਾਦ ਚਾਂਦੀ ਰਾਮ ਜੀ ਤੋਂ ਪ੍ਰਭਾਵਿਤ ਹੋਇਆ।
? ਤੁਸੀਂ ਵੀ ਆਮ ਕਲਾਕਾਰਾਂ ਵਾਂਗੂੰ ਨਵੀਂ ਕੈਸੇਟ ਆਉਣ ਤੋਂ ਬਾਅਦ ਰੇਟ ਵਧਾ ਦਿੰਦੇ ਹੋ?
– ਨਹੀਂ ਵੀਰ ਜੀ ਅਸੀਂ ਇਸ ਤਰ•ਾਂ ਨਹੀਂ ਕਰਦੇ। ਸਾਡੀਆਂ 24-25 ਕੈਸੇਟਾਂ ਆ ਚੁੱਕੀਆਂ, ਤੁਸੀਂ ਆਪ ਹੀ ਸੋਚ ਲਵੋ ਕਿ ਜੇ ਅਸੀਂ ਇਸ ਤਰ•ਾਂ ਰੇਟ ਵਧਾਉਂਦੇ ਤਾਂ ਅੱਜ ਸਾਡਾ ਰੇਟ ਕਿੰਨਾ ਹੁੰਦਾ।
? ਤੁਸੀਂ ਹੁਣ ਤੱਕ ਦੀ ਸਫਲਤਾ ਤੋਂ ਸੰਤੁਸ਼ਟ ਹੋ?
– ਹਾਂ-ਹਾਂ ਵੀਰ ਜੀ ਮੈਂ ਪੂਰੀ ਤਰ•ਾਂ ਸੰਤੁਸ਼ਟ ਹਾਂ।
? ਹਾਕਮ ਜੀ ਜੋਤਿਸ਼ ਬਾਰੇ ਤੁਹਾਡਾ ਕੀ ਖਿਆਲ ਹੈ?
– ਜੀ ਮੈਂ ਰੱਬ ਤੋਂ ਬਿਨਾਂ ਕਿਸੇ ਚੀਜ਼ ਵਿਚ ਵਿਸ਼ਵਾਸ਼ ਨਹੀਂ ਰੱਖਦਾ।
? ਹਾਕਮ ਜੀ ਗਾਇਕੀ ਪ੍ਰਤੀ ਤੁਹਾਡੇ ਮਾਤਾ ਪਿਤਾ ਜੀ ਨੇ ਤੁਹਾਨੂੰ ਕਿੰਨਾ ਕੁ ਸਹਿਯੋਗ ਦਿੱਤਾ?
– ਤੋਬਾ ਵੀਰ ਤੋਬਾ ਮੈਂ ਦੱਸ ਨਹੀਂ ਸਕਦਾ ਕਿ ਮੇਰੀ ਗਾਇਕੀ ਪ੍ਰਤੀ ਘਰ ਦਿਆਂ ਨੇ ਐਨਾ ਵਿਰੋਧ ਕੀਤਾ।
? ਪਾਠਕਾਂ ਨੂੰ ਆਪਣੇ ਵਿਦੇਸ਼ੀ ਦੌਰਿਆਂ ਬਾਰੇ ਦੱਸੋ?
– ਵੀਰ ਮੈਂ ਹਜੇ ਤੱਕ ਕੋਈ ਵਿਦੇਸ਼ੀ ਦੌਰਾ ਨਹੀਂ ਕੀਤਾ ਨਾ ਹੀ ਕਦੇ ਕੋਸ਼ਿਸ਼ ਕੀਤੀ ਹੈ।
? ਇਸ ਖੇਤਰ ਵਿਚ ਕੋਈ ਖਾਸ ਮੁਸ਼ਕਿਲ ਵੀ ਆਈ?
– ਇਕ ਮੁਸ਼ਕਿਲ ਤੁਸੀਂ ਇਹ ਪੁੱਛੋ ਮੁਸ਼ਕਿਲ ਆਈ ਕਿਹੜੀ ਨੀ, ਮੈਂ ਇਹ ਕਹਿਨਾਂ ਜ਼ਿੰਦਗੀ ਮੁਸ਼ਕਿਲਾਂ ਦਾ ਨਾਂ ਹੈ।
? ਹਾਕਮ ਜੀ ਮਾਨ-ਸਨਮਾਨ ਬਾਰੇ ਵੀ ਕੁਝ ਦੱਸੋ?
– ਵੀਰ ਅਸੀਂ ਕਦੇ ਵੀ ਮੇਲਿਆਂ ਤੇ ਸਨਮਾਨ ਪੈਸਿਆਂ ਨਾਲ ਜਾਂ ਕਹਿ ਕੇ ਨਹੀਂ ਲਿਆ, ਮੁੱਲਾਪੁਰ ਵਰਿੰਦਰ ਯਾਦਗਾਰੀ ਮੇਲੇ ਤੇ ਮਿਲੇਨੀਅਮ ਜੋੜੀ ਦਾ ਐਵਾਰਡ ਮਿਲਿਆ। ਕੋਈ ਕਹੇ ਕਹਿ ਕੇ ਲਿਆ ਹੈ। ਮੈਨੂੰ ਤਾਂ ਇਹਦੇ ਅਰਥ ਵੀ ਨਹੀਂ ਪਤਾ ਸੀ। ਜ਼ਿਲ•ਾ ਸੰਗਰੂਰ ਮੇਲੇ ਨੇ ਸਾਨੂੰ 25 ਪਿੰਡਾਂ ਦੀਆਂ ਪੰਚਾਇਤਾਂ ਨੇ ਸਨਮਾਨਿਤ ਕੀਤਾ, ਹੋਰ ਵੀ ਅਨੇਕਾਂ ਮਾਨ-ਸਨਮਾਨ ਮਿਲੇ, ਪਰ ਸਭ ਤੋਂ ਵੱਡਾ ਸਰੋਤਿਆਂ ਦਾ ਪਿਆਰ ਹੀ ਸਨਮਾਨ ਹੈ।
? ਜਾਂਦੇ-ਜਾਂਦੇ ਗਾਇਕੀ ਨੂੰ ਕੋਈ ਸੁਨੇਹਾ ਜ਼ਰੂਰ ਦੇ ਜਾਓ?
– ਸੁਨੇਹਾ ਤਾਂ ਇਹੀ ਹੈ ਕਿ ਚੰਗਾ ਗਾਓ, ਚੰਗਾ ਗਾਉਣ ਵਾਲਿਆਂ ਨੂੰ ਲੋਕ (ਸਰੋਤੇ) ਪ੍ਰਵਾਨ ਕਰਦੇ ਹਨ। ਜੇ ਚੰਗਾ ਬੀਜੋਗੇ ਤਾਂ ਹੀ ਚੰਗਾ ਵੱਡੋਗੇ।

 

ਸਕੂਲੀ ਸਟੇਜ ਤੋਂ ਹਿੰਦੀ ਫਿਲਮ ਤੱਕ -ਭਵਖੰਡਨ ਸਿੰਘ ਰੱਖਰਾ (ਬੀ.ਕੇ. ਸਿੰਘ)

13

-ਭਵਨਦੀਪ ਸਿੰਘ ਪੁਰਬਾ

ਕਲਾ ਤੇ ਗੁਣ ਕੁਦਰਤ ਵੱਲੋਂ ਬਖਸ਼ਿਆ ਤੋਹਫਾ ਹੈ ਪਰ ਇਸ ਨੂੰ ਸੰਭਾਲਣਾ ਤੇ ਤਰਾਸ਼ਣਾ ਇਨਸਾਨ ਦੇ ਹੱਥ ਵਿਚ ਹੈ। ਕਲਾ ਦੇ ਖੇਤਰ ਵਿਚ ਬਹੁਤ ਸਾਰੇ ਤਾਰੇ ਹਨ ਪਰ ਸਿਤਾਰਾ ਉਹੀ ਬਣਦਾ ਹੈ ਜਿਸ ਨੇ ਤਪੱਸਿਆ ਕੀਤੀ ਹੋਵੇ, ਮਿਹਨਤ ਕੀਤੀ ਹੋਵੇ। ਅਜਿਹੇ ਹੀ ਕਲਾਕਾਰ ਵਿਚੋਂ ਇਕ ਕਲਾਕਾਰ ਹਨ ਜਿਨ•ਾਂ ਨੇ ਵਿਦੇਸ਼ਾਂ ਵਿਚ ਰਹਿੰਦੇ ਹਏ ਵੀ, ਇੰਨੀ ਭੱਜ-ਦੌੜ ਦੀ ਜ਼ਿੰਦਗੀ ਵਿਚ ਗੁਜ਼ਰਦਿਆਂ ਵੀ ਆਪਣੇ ਸ਼ੌਕ ਨੂੰ ਬਰਕਰਾਰ ਰੱਖਿਆ ਹੈ। ਉਹ ਕਲਾਕਾਰ ਹੈ ਭਵਖੰਡਨ ਸਿੰਘ ਜਿਸ ਨੇ ਸਕੂਲ ਦੀ ਸਟੇਜ ਤੋਂ ਥੀਏਟਰ ਸ਼ੁਰੂ ਕੀਤਾ ਆਪਣੇ ਕੰਮ ਕਾਰਾਂ ਦੇ ਨਾਲ ਆਪਣੇ ਸ਼ੌਕ ਨੂੰ ਬਰਕਰਾਰ ਰੱਖਦਿਆਂ ਅੱਜ ਉਹ ਵੱਡੀ ਬਜਟ ਦੀ ਹਿੰਦੀ ਫਿਲਮ ਵਿਚ ਅਦਾਕਾਰ ਦੇ ਤੌਰ ਆ ਰਹੇ ਹਨ।
ਭਵਖੰਡਨ ਸਿੰਘ ਕੈਨੇਡੀਅਨ ਪੰਜਾਬੀ ਰੰਗਮੇਚ ਵਿਚ 1974 ਤੋਂ ਸਰਗਰਮ ਹੈ। ਉਨ•ਾਂ ਨੇ ਵਤਨੋਂ ਦੂਰ ਆਰਟ ਫਾਊਂਡੇਸ਼ਨ, ਭਾਰਤੀ ਨਾਟ ਕੇਂਦਰ, ਵੈਨਕੂਵਰ ਸੱਥ, ਟਿਪਾਨਾ, ਸਰਗਰਮ ਆਰਟ ਥੀਏਟਰ ਵੱਲੋਂ ਕੀਤੇ ਨਾਟਕਾਂ ‘ਦੂਜਾ ਪਾਸਾ’, ‘ਕਾਮਾਗਾਟਾਮਾਰੂ’, ‘ਕੁਰਸੀ ਮੋਰਚਾ ਤੇ ਹਵਾ ਵਿਚ ਲਟਕਦੇ ਲੋਕ’, ‘ਬਿਗਾਨੇ ਬੋਹੜ ਦੀ ਛਾਂ’, ‘ਤੂਤਾਂ ਵਾਲਾ ਖੂਹ’, ‘ਸ਼ਰਬਤੀ’, ‘ਹਵਾਈ ਗੋਲੇ’ ਅਤੇ ‘ਅਹਿਸਾਸ’ ਵਿਚ ਕੰਮ ਕੀਤਾ ਹੈ। ਮੰਚ ਅਦਾਕਾਰੀ ਤੋਂ ਬਿਨਾਂ ਉਨ•ਾਂ ਵੀਡੀਓ ਨਾਟਕਾਂ ਵਿਚ ਵੀ ਕੰਮ ਕੀਤਾ ਹੈ। ਪਿਛਲੇ 33 ਸਾਲਾਂ ਤੋਂ ਉਹ ਵੈਨਕੂਵਰ (ਕੈਨੇਡਾ) ਵਿਖੇ ਰਹਿ ਰਹੇ ਹਨ। ਪਿਛਲੇ ਦਿਨਾਂ ਦੌਰਾਨ ਉਹ ਹਿੰਦੀ ਫਿਲਮ ‘ਐਸੀ ਦੀਵਾਨਗੀ’ ਦੀ ਸ਼ੂਟਿੰਗ ਲਈ ਇੰਡੀਆ ਆਏ ਹੋਏ ਸਨ। ਉਨ•ਾਂ ਨਾਲ ਕੀਤੀ ਗੱਲਬਾਤ ਦੇ ਕੁਝ ਅੰਸ਼ ਪਾਠਕਾਂ ਲਈ:
? ਸਭ ਤੋਂ ਪਹਿਲਾਂ ਤੁਸੀਂ ਆਪਣੇ ਪਿਛੋਕੜ ਬਾਰੇ ਦੱਸੋ?
¸ ਮੇਰਾ ਜਨਮ ਕਪੂਰੇ ਪਿੰਡ ਵਿਖੇ 1955 ਦਾ ਹੈ ਪ੍ਰਾਇਮਰੀ ਵਿੱਦਿਆ ਗੌਰਮਿੰਟ ਪ੍ਰਾਇਮਰੀ ਸਕੂਲ ਤੋਂ ਅਤੇ ਮੈਟ੍ਰਿਕ ਭੁਪਿੰਦਰਾ ਖਾਲਸਾ, ਹਾਇਰ ਸੈਕੰਡਰੀ ਸਕੂਲ ਤੋਂ ਅਤੇ ਹਾਇਰਸੈਕੰਡਰੀ ਐਮ. ਡੀ. ਏ. ਐਸ. ਸਕੂਲ ਮੋਗਾ ਤੋਂ ਪ੍ਰਾਪਤ ਕੀਤੀ। ਗਰੇਟ ਟਵੈਲਵ ਕੈਨੇਡਾ ਤੋਂ ਪ੍ਰਾਪਤ ਕੀਤੀ। 1974 ਵਿਚ ਮੈਂ ਕੈਨੇਡਾ ਚਲਾ ਗਿਆ ਸੀ ਉਥੇ ਮੇਰੀ ਮੁਲਾਕਾਤ ਯੋਗਰਾਜ ਸੈਡਾ ਨਾਲ ਹੋ ਗਈ। ਉਨ•ਾ ਨਾਲ ਨਾਟਕ ਰੱਤਾ ਸਾਲੂ ਕੀਤਾ, ਬਿਜਨੈੱਸ ਮੈਨੇਜਮੈਂਟ ਦੇ ਵੀ ਸਰਟੀਫਿਕੇਟ ਪ੍ਰਾਪਤ ਕੀਤੇ ਹਨ। ਇਕ ਅਕਾਊਂਟਿੰਗ ਦੇ ਟੀਚਰ ਬਾਰੇ ਸ਼ਾਟ ਕੋਰਸ ਕੀਤਾ ਹੈ।
? ਤੁਹਾਨੂੰ ਬੀ. ਕੇ. ਸਿੰਘ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਕਿਉਂ?
¸ ਮੇਰਾ ਪੂਰਾ ਨਾਮ ਭਵਖੰਡਨ ਸਿੰਘ ਰਖਰਾ ਹੈ। ਫਿਲਮ ਵਿਚ ਵੱਡੇ ਨਾਮ ਨਹੀ ੰਚਲਦੇ ਇਸ ਲਈ ਮੇਰਾ ਨਾਮ (ਸ਼ੋਟ ਨੇਮ) ਛੋਟਾ ਨਾਮ ਬੀ. ਕੇ. ਸਿੰਘ ਚੱਲਦਾ ਹੈ।
? ਤੁਸੀਂ ਰੰਗਮੰਚ ਵੱਲੋਂ ਕਿਵੇਂ ਰੁਚਿਤ ਹੋਏ?
¸ ਮੈਂ ਭੁਪਿੰਦਰਾ ਖਾਲਸਾ ਹਾਇਰ ਸੈਕੰਡਰੀ ਸਕੂਲ ਮੋਗਾ ਵਿਚ ਦਸਵੀਂ ਜਮਾਤ ਵਿਚ ਪੜ•ਦਾ ਸੀ ਜਦੋਂ ਅਸੀਂ ਤਿੰਨ ਦੋਸਤਾਂ ਨੇ ਮਿਲ ਕੇ ਇਕ ਪੰਦਰਾਂ ਕੁ ਮਿੰਟ ਦਾ ਸਕਿੱਟ ਤਿਆਰ ਕੀਤਾ। ਉਸ ਤੋਂ ਬਾਅਦ ਮੈਂ ਆਰੀਆ ਸਕੂਲ ਮੋਗਾ ਵਿਚ ਦਾਖਲ ਹੋ ਗਿਆ ਤੇ ਗਿਆਰਵੀਂ ਜਮਾਤ ਵਿਚ ਪੜ•ਦੇ ਵੇਲੇ ਸਕੂਲ ਦੇ ਸਾਲਾਨਾ ਫੰਕਸ਼ਨ ਵਿਚ ਤਿਆਰੀ ਵਗੈਰਾ ਕਰਾਉਣ ਦਾ ਕੰਮ ਕੀਤਾ ਤਾਂ ਇਸ ਪਾਸੇ ਵੱਲ ਹੋਰ ਰੁਚੀ ਵੱਧ ਗਈ।
1974 ਵਿਚ ਮੈਂ ਕੈਨੇਡਾ ਆ ਗਿਆ ਤੇ ਉਦੋਂ ਇਥੇ ਯੋਗਰਾਜ ਹੁਰਾਂ ਨੇ ‘ਵਰਤੋਂ ਦੂਰ ਆਰਟ ਫਾਊਡੇਸ਼ਨ’ ਬਣਾਈ ਸੀ ਜਿਸ ਵਿਚ ਮੈਂ ਵੀ ਸ਼ਾਮਿਲ ਹੋ ਗਿਆ। ਪਹਿਲਾ ਡਰਾਮਾ ਰੱਤਾ ਸਾਲ ਕੀਤਾ ਗਿਆ ਜਿਸ ਵਿਚ ਮੈਂ ਵੀ ਕੰਮ ਕੀਤਾ। ਉਸ ਦੀਆਂ ਤਿੰਨ ‘ਪਰਫਾਰਮੈਂਸ’ ਹੋਈਆਂ। ਉਸ ਤੋਂ ਬਾਅਦ ‘ਭਾਰਤੀ ਨਾਟ ਕੇਂਦਰ’ ਦੇ ਨਾਂ ਥੱਲੇ ਹੋਏ ਡਰਾਮਿਆਂ ਦੂਸਰਾ ਪਾਸਾ ਅਤੇ ਕਾਮਾਗਾਟਾਮਾਰੂ ਵਿਚ ਕੰਮ ਕੀਤਾ।
? ਤੁਸੀਂ ਹੁਣ ਤੱਕ ਕਿਹੜੇ-ਕਿਹੜੇ ਪਲੇਅ (ਨਾਟਕ) ਕਰ ਚੁੱਕੇ ਹੋ?
– ਮੈਂ 1974 ਵਿਚ ਰੱਤਾ ਸਾਲੂ, 1977 ਵਿਚ ਦੂਜਾ ਪਾਸਾ, 1979 ਵਿਚ ਕਾਮਾਗਾਟਾ ਮਾਰੂ, 1984 ਵਿਚ ਕੁਰਸੀ, ਮੋਰਚਾ, ਹਵਾ ਵਿਚ ਲਟਕਦੇ ਲੋਕ, 1985 ਵਿਚ ਜਦੋਂ ਰੋਸ਼ਨੀ ਹੁੰਦੀ ਹੈ, ਸੰਘਣੇ ਬੋਹੜ ਦੀ ਛਾਂ, 1989-90 ਵਿਚ ਸ਼ਰਾਬੀ, 1995 ਵਿਚ ਕੋਣ ਭਲੇ ਕੋ ਮੰਦੇ, 1997 ਵਿਚ ਹਿੰਦ ਦੀ ਚਾਦਰ ਆਦਿ।
? ਤੁਸੀਂ ਹੁਣ ਤੱਕ ਕਿਹੜੇ-ਕਿਹੜੇ ਨਿਰਦੇਸ਼ਕਾਂ ਨਾਲ ਕੰਮ ਕੀਤਾ?
– ਯੋਗਰਾਜ ਸੈਦਾ, ਅਜਮੇਰ ਰੋਡੇ, ਮੋਹਨ ਬਸਨ, ਭੋਲੀ ਗਰੇਵਾਲ, ਜਸਪ੍ਰੀਤ ਕੌਰ ਟੀ.ਵੀ. ਸੀਰੀਅਲ ਤੇਰੀ ਮੇਰੀ ਦੁਨੀਆਂ ਤੇ ਭਾਜੀ ਗੁਰਸ਼ਰਨ ਸਿੰਘ ਹੋਰਾਂ ਦੀ ਨਿਦੇਸ਼ਨਾਂ ਹੇਠ ਬਹੁਤ ਸਾਰੇ ਨਾਟਕ, ਸੀਰੀਅਲ ਕੀਤੇ ਹਨ।
? ਹੁਣ ਤੁਸੀਂ ਹਿੰਦੀ ਫਿਲਮ ਵਿਚ ਆ ਰਹੇ ਹੋ। ਇਸ ਤੋਂ ਪਹਿਲਾਂ ਕਿਸੇ ਫਿਲਮ ਵਿਚ ਕੰਮ ਕੀਤਾ?
¸ਮੈਂ 1978 ਵਿਚ ਸਰਬਜੀਤ ਧਾਲੀਵਾਲ ਦੀ ਹਿੰਦੀ ਫ਼ਿਲਮ ‘ਅਹਿਸਾਸ’  ਅਤੇ 1986 ਵਿਚ ਅਮਰਜੀਤ ਚਾਹਲ ਤੇ ਕਰਮਜੀਤ ਘੁਮਾਨ ਦੀ ਪੰਜਾਬੀ ‘ਮਸਲਾ ਰੋਟੀ ਦਾ’ ਵਿਚ ਕੰਮ ਕੀਤਾ ਹੁਣ ਅਸਦਲ ਕਾਯੁਮ ਦੀ ਫਿਲਮ ਐਸੀ ਦੀਵਾਨਗੀ ਦੀ ਸ਼ੂਟਿੰਗ ਕੀਤੀ ਹੈ।
? ‘ਐਸੀ ਦੀਵਾਨਗੀ’ ਫਿਲਮ ਬਾਰੇ ਕੁਝ ਦੱਸੋ?
¸ਝਾਜੀ ਫਿਲਮਜ਼ ਪ੍ਰਾ. ਲਿਮ. ਦੀ ਪਹਿਲੀ ਫਿਲਮ ਹੈ ‘ਐਸੀ ਦੀਵਾਨਗੀ’ ਇਸ ਫਿਲਮ ਦੀ ਪਲੇਨਿੰਗ ਤੇ ਸਕਿਰਿਪਟ ਵਿਚ ਮੇਰਾ ਯੋਗਦਾਨ ਹੈ। ਇਸ ਫਿਲਮ ਪ੍ਰਡਿਊਸਰ ਸੰਗੀਜ ਝਾਜੀ ਜਿਹੜੇ ਪਿਛਲੇ 13-14 ਸਾਲ ਤੋਂ ਕੈਨੇਡਾ ਵਿਚ ਹਨ। ਡਾਇਰੈਕਟਰ ਅਬਦੁਲ ਕਾਯੁਮ ਹਨ ਜਿਨ•ਾਂ ਦਾ ਫਿਲਮ ਲਾਈਨ ਵਿਚ 14 ਸਾਲ ਦਾ ਤਜਰਬਾ ਹੈ। ਇਸ ਫਿਲਮ ਵਿਚ ਹੋਰ ਕਲਾਕਾਰ ਸਰਵਣ ਅਹੂਜਾ, ਦੀਵਿਆ ਤ੍ਰਿਵੇਦੀ, ਸਿਮਰਨ ਸਚਦੇਵਾ, ਸਾਹਿਬਾ, ਮਾਯੂਰੀ, ਕਿਰਨ ਕੁਮਾਰ, ਪੰਕਜ ਬੇਰੀ, ਅਵਤਾਰ ਗਿੱਲ, ਸੰਜੀਵ ਭਾਜੀ ਦਾ ਸਾਇਡ ਰੋਲ ਹੈ। ਸਾਨਾ ਖਾਨ ਆਦਿ ਹੋਰ ਕਈ ਕਲਾਕਾਰ ਹਨ। ਕਹਾਣੀ 60 ਪ੍ਰਤੀਸ਼ਤ ਭਾਗੀ ਆਂ 40 ਪ੍ਰਤੀਸ਼ਤ ਬਾਹਰ ਦੀ ਹੈ। ਮਰੂਸੀਅਸ ਅਤੇ ਕੁਝ ਕੁ ਸੀਨ ਕੈਨੇਡਾ ਦੇ ਹਨ।
? ਤੁਸੀਂ ਜਦੋਂ ਕੋਈ ਪਾਤਰ ਤਿਆਰ ਕਰਦੇ ਹੋ ਤਾਂ ਆਪਣੇ ਆਪ ਨੂੰ ਉਸ ਵਿਚ ਕਿਵੇਂ ਢਾਲਦੇ ਹੋ?
¸ ਪਹਿਲਾਂ ਤਾਂ ਕਹਾਣੀ ਦੇ ਅਲੱਗ ਅਲੱਘ ਪਾਤਰਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹਾਂ ਅਤੇ ਡਰਾਮੇ ਦੇ ਹਾਲਾਤ ਨੂੰ ਮਨ ਵਿਚ ਵਸਾਉਂਦਾ ਹਾਂ। ਫਿਰ ਆਪਣੇ ਕਿਰਦਾਰ ਦੀਆਂ ਆਦਤਾਂ, ਸੁਭਾਅ ਤੇ ਪਹਿਰਾਵੇ ਆਦਿ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹਾਂ।
? ਕੈਨੇਡਾ ਵਿਚ ਪੰਜਾਬੀ ਰੰਗਮੰਚ ਦੀ ਪੱਧਰ ਬਾਰੇ ਕਿਵੇਂ ਮਹਿਸੂਸ ਕਰਦੇ ਹੋ?
¸ ਅਸੀਂ ਇੰਡੀਆ ਨਾਲੋਂ ਪਿੱਛੇ ਹਾਂ। ਉਸ ਦੀ ਵਜ•ਾ ਹੈ ਡਰਾਮੇ ਦੇ ‘ਸਬਜੈਕਟਸ’ ਦੀ ਚੋਣ। ਜੇਕਰ ਨਾਟਕ ਕੈਨੇਡੀਅਨ ਸਮਾਜ ਬਾਰੇ ਲਿਖੇ ਜਾਣ ਅਤੇ ਪੇਸ਼ ਕੀਤੇ ਜਾਣ ਤਾਂ ਵਧੀਆ ਰਹੇਗਾ। ਵੈਸੇ ਥੋੜ•ੀ ਜਿਹੀ ‘ਪਰੋਗਰੈਸ’ ਹੋਈ ਹੈ ਇਸ ਪਾਸੇ। ਪਰ ਡਾਇਰੈਕਟਰ ਦੀ ਘਾਟ ਬਹੁਤ ਰੜਕਦੀ ਹੈ। ਬਾਕੀ ਕੈਨੇਡੀਅਨ ਰੰਗ ਮੰਚ ਨਾਲੋਂ ਅਸੀਂ ਹਰ ਪੱਖੋਂ ਬਹੁਤ ਪਿੱਛੇ ਹਾਂ।
? ਕੈਨੇਡਾ ਦੇ ਪੰਜਾਬੀ ਰੰਗਮੰਚ ਵਿਚ ਅਦਾਕਾਰੀ ਦਾ ਪੱਧਰ ਤੁਹਾਨੂੰ ਕਿਹੋ ਜਿਹਾ ਲੱਗਦਾ ਹੈ?
¸ ਕਈ ਕਲਾਕਾਰ ਤਾਂ ਬਹੁਤ ਚੰਗੇ ਨੇ ਜਿਨ•ਾਂ ਵਿਚ ਹਰ ਉਮਰ ਦੇ ਇਸਤਰੀ ਅਤੇ ਮਰਦ ਕਲਾਕਾਰ ਸ਼ਾਮਿਲ ਹਨ। ਮੈਂ ਤਾਂ ਇਹ ਵੀ ਕਹਿੰਦਾ ਹਾਂ ਕਿ ਪੰਜਾਬੀ ਫਿਲਮਾਂ ਨਾਲੋਂ ਵਧੀਆ ਕਲਾਕਾਰ ਵੈਨਕੂਵਰ ਵਿਚ ਮੌਜੂਦ ਹਨ ਪਰ ਉਨ•ਾਂ ਤੋਂ ਕੰਮ ਲੈਣ ਵਾਲਾ ਡਾਇਰੈਕਟਰ ‘ਐਬਸੈਂਟ’ ਹੈ। ਇਕ ਚੰਗਾ ਡਾਇਰੈਕਟਰ ਸਾਧਾਰਨ ਕਲਾਕਾਰ ਤੋਂ ਵੀ ਵਧੀਆ ਕੰਮ ਕਰਵਾ ਸਕਦਾ ਹੈ।
? ਇਸ ਸਥਿਤੀ ਨੂੰ ਸੁਧਾਰਨ ਲਈ ਕੀ ਕੁਝ ਹੋਣਾ ਚਾਹੀਦਾ ਹੈ?
¸ ‘ਡੈਡੀਕੇਸ਼ਨ’ ਵਾਲੇ ਬੰਦਿਆਂ ਨੂੰ ਇਕੱਠੇ ਹੋ ਕੇ ਹੰਭਲਾ ਮਾਰਨਾ ਚਾਹੀਦਾ ਹੈ। ‘ਪਲੇ’ ਦੇ ‘ਸਬਜੈਕਟ’ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ ਨਾ ਕਿ ‘ਪੋਲੀਟਿਕਸ’ ਨਾਲ। ਸਾਨੂੰ ਪੰਜਾਬੀ ਕਲਚਰਲ ਨੂੰ ‘ਪਰਮੋਟ’ ਕਰਨ ਲਈ ਕੰਮ ਕਰਨਾ ਚਾਹੀਦਾ ਹੈ ਨਾ ਕਿ ਕਿਸੇ ਖਾਸ ਸਿਆਸੀ ਪਾਰਟੀ ਨੂੰ। ਕਲਾਕਾਰ ਸੱਭ ਦਾ ਸਾਂਝਾ ਹੁੰਦਾ ਹੈ। ਜਿੱਥੇ ਗਰੁੱਪ ਵਿਚ ਸਿਆਸਤ ਆ ਵੜੇਗੀ ਉਥੇ ਕਲਾਕਾਰ ਜ਼ਿਆਦਾ ਦੇਰ ਨਹੀਂ ਟਿਕੇਗਾ ਜਾਂ ਫਿਰ ਕਲਾਕਾਰ ਵੀ ਉਸੇ ਹੀ ਸਿਆਸੀ ਸੋਚ ਦਾ ਧਾਰਨੀ ਹੋਵੇ ਜਿਸ ਦਾ ਗਰੁੱਪ ਹੈ।
? ਭਵਿੱਖ ਦੀ ਕੋਈ ਯੋਜਨਾ?
¸ਜੇਕਰ ਫਿਲਮਾਂ ਵਿਚ ਕੰਮ ਮਿਲਿਆ ਹਿੰਦੀ ਪੰਜਾਬੀ ਤੇ ਇੰਗਲਿਸ਼ ਆਦਿ ਚੰਗੀਆਂ ਫਿਲਮਾਂ ਵਿਚ ਕੰਮ ਮਿਲਿਆ ਤਾਂ ਜ਼ਰੂਰੀ ਕਰਾਂਗੇ। ਹੁਣ ਕੈਨੇਡਾ ਵਿਚ ਚੱਲ ਰਹੇ ਲੜੀਵਾਰ ‘ਤੇਰੀ ਮੇਰੀ ਦੁਨੀਆਂ’ ਸੀਰੀਅਲ ਵਿਚ ਕੰਮ ਕਰ ਰਿਹਾ ਹਾਂ। ਉਨ•ਾਂ ਦੇ ਨਵੇਂ ਆ ਰਹੇ ਸੀਰੀਅਲ ਵਿਚ ਵੀ ਕੰਮ ਕਰਦਾ ਰਹਾਂਗਾ। ਉਸ ਸੀਰੀਅਲ ਦੇ ਪ੍ਰੋਡਿਊਸਰ ਤੇ ਡਾਇਰੈਕਟਰ ਜਸਪ੍ਰੀਤ ਕੌਰ ਹਨ ਜਿਹੜੇ ਬੁਹਤ ਵਧੀਆ ਲੇਖਕ ਵੀ ਹਨ। ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿਚ ਬਹੁਤ ਵਧੀਆ ਸੀਰੀਅਲ ਬਣਿਆ ਕਰਨੇਗਾ।
? ਤੁਹਾਡਾ ਐਡਰੈਸ ਕੀ ਹੈ?
– B.K. Singh
Bhavkhandan S. Rakhra,
Vancouver (Canada)
E-mail: brakhra@shaw.ca

ਬਿਨਾ ਪਰਾਂ ਤੋਂ ਅੰਬਰਾਂ ਤੇ ਹਸਤਾਖਰ ਕਰਨ ਲਈ ਯਤਨਸ਼ੀਲ-ਗੁਰਮੇਲ ਸਿੰਘ ਬੋਡੇ

GURMAIL BAUDE

-ਭਵਨਦੀਪ ਸਿੰਘ ਪੁਰਬਾ

ਗੁਰਮੇਲ ਸਿੰਘ ਬੋਡੇ ਜਿਸਨੇ ਜੀਵਨ ਪੰਥ ਤਹਿ ਕਰਦਿਆਂ ਇਹ ਮਹਿਸੂਸ ਹੀ ਨਹੀਂ ਕੀਤਾ ਸਗੋਂ ਹੰਢਾਇਆ ਵੀ ਹੈ ਕਿ ਜ਼ਿੰਦਗੀ ਜਨਮ ਤੋਂ ਲੈ ਕੇ ਮਰਨ ਆਪਣੇ ਵਜੂਦ ਨੂੰ ਜਿਉਂਦਾ ਰੱਖਣ ਲਈ ਕੀਤੇ ਸੰਘਰਸ਼ ਦਾ ਨਾਂ ਹੈ। ਆਪਣੀ ਹੋਦ ਨੂੰ ਸਲਾਮਤ ਰੱਖਣਾ ਹਰ ਮਨੁੱਖ ਦਾ ਨਿੱਜੀ  ਸੰਘਰਸ਼ ਹੋ ਨਿਬੜਦਾ ਹੈ। ਗੁਰਮੇਲ ਸਿੰਘ ਬੋਡੇ ਦਾ ਜਨਮ 26 ਅਗਸਤ 1960 ਵਿਚ ਮਾਤਾ ਗਿਆਨ ਕੌਰ ਤੇ ਪਿਤਾ ਸ. ਚੜਤ ਸਿੰਘ ਦੇ ਸਧਾਰਨ ਘਰ ਵਿਚ ਸਰੀਰਕ ਪੱਖੋਂ ਬੜੀ ਕਮਜੋਰ ਸਥਿਤੀ ‘ਚ ਹੋਇਆ ਕਿਸੇ ਨੂੰ ਆਸ ਨਹੀਂ ਸੀ ਕਿ ਇਹ ਬੱਚਾ ਜ਼ਿੰਦਗੀ ਦਾ ਇਕ ਮਹੀਨਾ ਜਾਂ ਸਾਲ ਪੂਰਾ ਕਰ ਸਕੇਗਾ। ਪਰ ਇਹ ਬੱਚਾ ਜੀਵਿਆ ਘਰ ਵਿਚ ਮੰਜੇ ਦੀ ਬਾਹੀ ਫੜਕੇ ਤੁਰਨਾ ਸਿੱਖਣ ਤੋਂ ਲੈ ਕੇ ਨਿੱਕੇ ਪੈਰਾਂ ਦੇ ਅਕਸ ਜੋ ਵਿਹੜੇ ਦੀ ਮਿੱਟੀ ਜਾਂ ਬੀਹੀਆਂ ਵਿਚ ਸੰਗੀ ਸਾਥੀਆਂ ਨਾਲ ਖੇਡਕੇ ਬਣਾਏ, ਉਹ ਮਿੱਟੀ ਤੋਂ ਤਾਂ ਭਾਵੇਂ ਮਿਟ ਗਏ ਪਰ ਦਿਲ ਦੀਆਂ ਯਾਦਾ ਵਿਚ ਅਜੇ ਵੀ ਤਾਜਾ ਹਨ।
ਕਮਜੋਰ ਵਜੂਦ ਪਰ ਅਬੰਰੀ ਉਡਾਰੀਆਂ ਭਰਨ ਵਾਲੇ ਸੁਪਨੇ ਜ਼ਿੰਦਗੀ ਦੇ ਉਸ ਪੜਾਅ ‘ਚ ਟੁੱਟੇ ਜਿਸਨੂੰ ਜਵਾਨੀ ਕਹਿੰਦੇ ਹਨ। ਸਰੀਰ ‘ਚ ਧੜਕਦੀ ਜ਼ਿੰਦਗੀ ਨੂੰ ਉਹ ਯਤਨ ਫਿਰ ਸ਼ੁਰੂ ਕਰਨੇ ਜੋ ਮੰਜੀ ਦੀ ਬਾਹੀ ਦਾ ਸਹਾਰਾ ਲੈ ਕੇ ਤੁਰਨ ਲਈ ਸ਼ੁਰੂ ਕੀਤੇ ਸਨ ਕਿਉਂਕਿ 20 ਦਸੰਬਰ 1979 ਨੂੰ ਹੋਏ ਸੜਕ ਹਾਦਸੇ ਤੋਂ ਬਾਅਦ ਜ਼ਿੰਦਗੀ ਦਾ ਬਾਕੀ ਸਫਰ ਤਹਿ ਕਰਨ ਲਈ ਸਿਰਫ ਇਕ ਪੈਰ ਰਹਿ ਗਿਆ ਸੀ। ਮਾਂ-ਬਾਪ ਤੇ ਵੱਡੇ ਭਰਾ ਦੇ ਮੋਢੇ ਦਾ ਸਹਾਰਾ ਲੈ ਤੁਰਨਾ ਸਿੱਖਿਆ। ਸਰੀਰ ਅੰਦਰ ਧੜਕਦੀਆਂ ਸੋਚਾਂ ਨੇ ‘ਸੁਰਮੇ ਦੀ ਸਿਰਜਣਾ’ ਅਮਲੀ ਇਨਸਾਨ ਦੀ ਕਹਾਣੀ ਵਰਗੀ ਰਚਨਾ ਦੀ ਉਂਗਲ ਫੜੀ। ਬੁਢਾਪੇ ਲਈ ਬਣੀ ਖੁੰਡੀ 19-20 ਸਾਲ ਦੀ ਉਮਰੇ ਹੱਥ ਆ ਗਈ ਸੀ। ਪੁੱਤਰ ਨੂੰ ਰੀਝਾਂ ਨਾਲ ਪੜ•ਾਉਣ ਦੇ ਸੁਪਨੇ ਤੇ ਪੁੱਤਰ ਦੀ ਉਨ•ਾਂ ਨੂੰ ਛਾਂ ਦੇ ਸਕਣ ਵਾਲੀ ਕੰਰਾਣ ਦੇਹੀ ਹੁਣ ਧੀਆਂ ਦੀ ਹੋਦ ਵਾਂਗ ਜਾਪਣ ਲੱਗੀ ਸੀ ਕਿਉਂਕਿ ਸਰੀਰਕ ਪੱਖੋਂ ਅਪਾਹਜ ਹੋਣ ਤੇ ਦਸੰਬਰ 79 ਵਿਚ ਕਨੇਡਾ ਵਾਲੀ ਮੰਗੇਤਰ ਨਾਲ ਹੋਣ ਵਾਲਾ ਰਿਸ਼ਤਾ ਟੁੱਟ ਗਿਆ ਸੀ ਇਸ ਸਥਿਤੀ ਵਿਚ ਹੋਣ ਦੇ ਬਾਵਜੂਦ ਉਸ ਦੇ ਅੰਦਰੋ ਕਿਸੇ ਪੌਦੇ ਦੀ ਕੱਟੀ ਕਲਮ ‘ਚੋਂ ਫੁੱਟਦੀਆਂ ਕਰੂੱਬਲਾ ਵਾਂਗ ਸਾਹਿਤਕ ਲੇਖਣੀ ਸਦਕਾ ਡੀ. ਐਮ. ਕਾਲਜ ਮੈਗਜੀਨ ਦਾ ਸੰਪਾਦਕ ਬਨਣਾ, ਜੋਨਲ ਯੂਨੀਵਰਸਿਟੀ ਪੱਧਰ ਦੀਆਂ ਸਟੇਜਾਂ ਤੇ ਸੰਗਰਾਮੀ ਕਵਿਤਾਵਾਂ, ਨਗਮੇ ਤੇ ਭਾਸ਼ਨ ਗੁੰਜੇ। ਲੋਕ ਪੰਖੀ ਸੰਘਰਸ਼ਾਂ ਨਾਲ ਬੱਝੀ ਸੋਚ ‘ਬੱਸ ਕਿਰਾਇਆ ਐਜੀਟੇਸਨ’, ‘ਪੁਲੀਸ ਐਜੀਟੇਸਨ’, ‘ਸ਼ਹੀਦ ਰੰਧਾਵਾ ਐਜੀਟੇਸਨ, ਅੱਤਵਾਦ ਦੋਰਾਨ ਖਾੜਕੂਆਂ ਦੇ ਧਮਕੀ ਪੱਤਰ ਤੇ ਪੁਲਿਸ ਤਸੱਦਦ ਦੌਰਾਨ ਵੀ ਕਾਇਮ ਰਹੀ।
ਗੁਰਮੇਲ ਸਿੰਘ ਬੋਡੇ ਨੇ ਆਪਣੇ ਸਰੀਰ ਨਾਲ, ਰਿਸ਼ਤਿਆਂ ਨਾਲ, ਹਾਲਾਤ ਨਾਲ, ਸਮਾਜ ਨਾਲ ਤੇ ਜਬਰ ਜ਼ੁਲਮ ਨਾਲ ਸੰਘਰਸ਼ ਕੀਤਾ ਤੇ ਆਪਣੀ ਸਰੀਰਕ ਮੌਤ ਤੇ ਉਹ ਆਪਣੇ ਸਰੀਰ ਨੂੰ ਡਾਕਟਰੀ ਖੋਜਾ ਲਈ ਦੇਣ, ਅੱਖਾਂ, ਗੁਰਦੇ ਗ਼ਰੀਬ ਲੋਕਾਂ ਲਈ ਦੇਣ ਦਾ ਚਾਹਵਾਨ ਹੈ। ਆਪਣੇ ਅੰਤਮ ਸਮੇਂ ਕਿਸੇ ਦੇ ਚਰਨਾ ‘ਚ ਨਿਵਾਸ ਜਾਂ ਆਤਮਿਕ ਸ਼ਾਂਤੀ ਲਈ ਕੀਤੇ ਜਾਣ ਵਾਲੇ ਅੰਡਬਰਾਂ ਤੋਂ ਬਚਾਉਣਾ ਲੋਚਦਾ ਹੈ। ਜਿਸ ਦੇਸ਼ ਦੇ ਕਰੋੜਾਂ ਮਿਹਨਤ ਕਸ਼ ਲੋਕਾਂ ਨੂੰ ਜ਼ਿੰਦਗੀ ਦਾ ਮੁੱਲ ਨਹੀਂ ਮਿਲਿਆ ਅਜਿਹੇ ਨਿਜਾਮ ‘ਚੋਂ ਅਗਲੇ ਜਨਮ ਦੇ ਸੁਰਗਾ ਦੇ ਪਾਖੰਡਾਂ ਨਾਲ ਉਸ ਨੂੰ ਸਖਤ ਨਫਰਤ ਹੈ। ਮੇਰਾ ‘ਗੁਰਮੇਲ ਸਿੰਘ ਬੋਡੇ’ ਨਾਲ ਰਾਬਤਾ ਉਦੋਂ ਤੋਂ ਹੈ ਜਦੋਂ ਪ੍ਰਸਿਧ ਲੇਖਕ ਬਹਾਦਰ ਡਾਲਵੀ ਨੇ ਮੈਨੂੰ ਉਨਾ ਨਾਲ ਮਿਲਾਇਆ ਸੀ ਤੇ ਉਸ ਤੋਂ ਬਾਅਦ ਉਨ•ਾਂ ਦਾ ਲੜੀਵਾਰ ਕਾਲਮ ‘ਅਣਫੋਲੇ ਵਰਕੇ’ ‘ਮਹਿਕ ਵਤਨ ਦੀ’ ‘ਚ ਪ੍ਰਕਾਸ਼ਤ ਹੋਣ ਲੱਗ ਪਿਆ। ਇਸੇ ਤਰ•ਾਂ ਮੈਂ ਹੌਲੀ-ਹੌਲੀ ਇਸ ਸੰਘਰਸ਼ਮਈ ਇਨਸਾਨ ਦੀ ਕਹਾਣੀ ਤੋਂ ਵਾਕਿਫ ਹੋਣ ਲੱਗ ਪਿਆ। ਇਕ ਦਿਨ ਮੈਂ ਤੇ ਮੇਰੇ ਦੋਸਤ ‘ਪ੍ਰਦੀਪ ਕੁਮਾਰ ਮੀਨੀਆਂ’ ਨੇ ਆਪਣੇ ਰਾਸਤੇ ਖੁਦ ਤਰਾਸਣ ਵਾਲੇ ਇਸ ਇਨਸਾਨ ਦੀ ਗਾਥਾ ਨੂੰ ਪਾਠਕਾਂ ਸਾਹਮਣੇ ਪੇਸ਼ ਕਰਨ ਦਾ ਉਪਰਾਲਾ ਕੀਤਾ। ਅਸੀਂ ਗੁਰਮੇਲ ਸਿੰਘ ਬੋਡੇ ਦੇ ਜੀਵਨ ਬਾਰੇ ਜੋ ਗੱਲਬਾਤ ਉਨ•ਾਂ ਨਾਲ ਕੀਤੀ ਉਸ ਦੇ ਕੁਝ ਅੰਸ਼ ਪਾਠਕਾ ਲਈ।
? ਸਭ ਤੋਂ ਪਹਿਲਾਂ ਆਪਣੇ ਸੰਘਰਸ਼ ਮਈ ਜੀਵਨ ਦੀ ਕੋਈ ਅਜਿਹੀ ਘਟਨਾ ਦੱਸੋ ਜਿਸ ਨੇ ਤੁਹਾਡੇ ਦਿਲ ਤੇ ਗਹਿਰਾ ਜ਼ਖ਼ਮ ਕੀਤਾ ਹੋਵੇ?
-1979 ਦੇ ਮੋਟਰ ਸਾਈਕਲ ਹਾਸਦੇ ਤੋਂ ਬਾਅਦ ਜਦ ਹਸਪਤਾਲੋਂ ਘਰ ਆਇਆ ਤਾਂ ਪਿੰਡੋਂ ਹਮਦਰਦੀ ਰੱਖਣ ਵਾਲੇ ਉਸ ਦਾ ਪਤਾ ਲੈਣ ਆਏ। ਕੁਝ ਦਿਨਾਂ ਬਾਅਦ ਇਕ ‘ਹਮਦਰਦ’ ਪਿੰਡ ਵਾਸੀ ਆਇਆ ਏਧਰ-ਓਧਰ ਦੀਆਂ ਗੱਲਾਂ ਕਰਨ ਤੋਂ ਬਾਅਦ ਕਹਿਣ ਲੱਗਾ ਕਿ ਡਾਕਟਰ ਨੇ ਜੋ ਤੇਰੀ ਲੱਤ ਕੱਟੀ ਐ, ਉਹ ਕਿੱਥੇ ਐ, ਮੈਂ ਦੇਖਣੀ ਚਾਹੁੰਦਾ ਹਾਂ ਉਸ ਦੀ ਇਹ ਗੱਲ ਸੁਣ ਕੇ ਮੈਂ ਸੁਨ ਹੋ ਕੇ ਰਹਿ ਗਿਆ ਤੇ ਕਾਫ਼ੀ ਸਮਾਂ ਇਹ ਸੋਚ ਕੇ ਬੋਲ ਨਾ ਸਕਿਆ ਕਿ ਇਹ ਆਦਮੀ ਹਮਦਰਦੀ ਪ੍ਰਗਟਾਉਣ ਆਇਆ ਹੈ ਜਾਂ ਕੱਟੇ ਅੰਗ ਦਾ ਨਮੂਨਾ ਦੇਖਣ ਆਇਆ। ਅੱਜ ਵੀ ਜਦੋਂ ਉਹ ਗੱਲ ਯਾਦ ਆਉਂਦੀ ਹੈ ਤਾਂ ਸਰੀਰ ਵਿਚ ਇਕ ਝੁਣਝੁਣੀ ਜਿਹੀ ਦੋੜਦੀ ਮਹਿਸੂਸ ਕਰਦਾ ਹਾਂ।
ਦੂਸਰੀ ਉਹ ਗੱਲ ਜਿਸ ਨੇ ਮੇਰੇ ਦਿਲ ਤੇ ਗਹਿਰਾ ਜ਼ਖ਼ਮ ਕੀਤਾ ਉਹ ਇਹ ਹੈ ਕਿ ਜੂਨ 1985 ਵਿਚ ਮਨੀਲਾ (ਫਿਲਪਾਈਨ) ਲਈ ਬਦੇਸ਼ੀ ਉਡਾਰੀ ਦਾ ਇਕ ਸਬੱਬ ਜੁੜਿਆ। 29 ਜੂਨ 1985 ਦੀ ਰਾਤ ਨੂੰ ਏਅਰ ਫਰਾਸ ਰਾਹੀਂ ਸੀਟ ਓ. ਕੇ. ਸੀ. ਪਰ ਇਮੀਗਰੇਸ਼ਨ ਅਫਸਰ ਪਾਸਪੋਰਟ ਤੇ ਮੋਹਰ ਲਗਾ ਕੇ ਦਸਤਖਤ ਕਰਨੇ ਭੁੱਲ ਗਿਆ, ਜਿਸ ਦੀ ਸਜ਼ਾ ਦਿੱਲੀ ਏਅਰ ਪੋਰਟ ਤੋਂ ਅੱਖਾਂ ਸਾਹਮਣੇ ਉਡ ਰਹੇ ਜਹਾਜ ਦਾ ਧੂਆਂ ਦੇਖਣ ਦੇ ਰੂਪ ਵਿਚ ਹੰਢਾਈ। 1979 ਵਿਚ ਮੰਗੇਤਰ ਦੇ ਕਨੇਡਾ ਆਉਣ ਤੋਂ ਕੁਝ ਦਿਨ ਪਹਿਲਾਂ ਹਾਦਸਾ ਹੋਣ ਕਰਕੇ ਦੁਨੀਆਂ ਘੁਮਣ ਦਾ ਸੁਪਨਾ ਟੁੱਟਿਆ ਤੇ ਦੂਸਰੀ ਵਾਰ ਪ੍ਰਵਾਸੀ ਬਣਨ ਦਾ ਸੁਪਨਾ ਏਅਰ ਪੋਰਟ ਤੋਂ ਵਾਪਸ ਮੁੜ ਕੇ ਟੁੱਟਿਆ।
? ਤੁਸੀਂ ਅਧਿਆਪਕ ਲਾਈਨ ਵਿਚ ਕਿਸ ਤਰ•ਾਂ ਆਏ ?
ਕਾਲਜ ਪੜ•ਦੇ ਸਮੇਂ ਅਧਿਆਪਕ ਬਣਨਾ ਜ਼ਿੰਦਗੀ ਦਾ ਮਕਸਦ ਨਹੀਂ ਸੀ। ਸਿਰਫ ਪੜ•ਕੇ ਵਿਦੇਸ਼ ਸੈਟਲ ਹੋਣ ਦੀ। ਜੂਨ 1986 ਤੱਕ ਵੀਜੇ ਲਈ ਕੋਸ਼ਿਸ਼ਾਂ ਕੀਤੀਆਂ, ਪਰ ਅਸਫਲ ਫਿਰ ਬੀ. ਐਂਡ. ਦੇ ਅਧਾਰ ਤੇ ਨੌਕਰੀ ਲਈ ਅਪਲਾਈ ਕੀਤਾ, ਪਰ ਵਿਸ਼ਾ ਕੰਬੀਨਸਨ ਦੀ ਸ਼ਰਤ ਪੂਰੀ ਕਰਨ ਲਈ ਅਪ੍ਰੈਲ 1987 ਵਿਚ ਇਤਿਹਾਸ ਦਾ ਵਿਸ਼ਾ ਵਾਧੂ ਵਿਸ਼ੇ ਵਜੋਂ ਪਾਸ ਕਰਨਾ ਪਿਆ। ਜੂਨ 1988 ਵਿਚ ਬਤੌਰ ਅਧਿਆਪਕ ਪਹਿਲੀ ਨਿਯੁਕਤੀ ਸਰਕਾਰੀ ਹਾਈ ਸਕੂਲ ਭਾਗੀਕੇ (ਫਰੀਦਕੋਟ) ਵਿਖੇ ਹੋਈ ਨਵੰਬਰ 1992 ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਦੀ ਬਦਲੀ ਹੋਈ। 1996-97 ਵਿਚ ਐਮ. ਏ. ਪਾਸ ਕੀਤੀ 1996 ਤੋਂ ਹੁਣ ਤੱਕ ਸੀਨੀਅਰ ਸੈਕੰਡਰੀ ਸਕੂਲ ਬੱਧਣੀ ਕਲਾ ਵਿਚ ਹਾਂ ਏਥੇ ਅਧਿਆਪਕ ਕਾਲਜ ਦੇ ਨਾਲ-ਨਾਲ ਐੱਮ. ਐੱਡ. ਦੀ ਪ੍ਰੀਖਿਆ ਵੀ ਪਾਸ ਕਰ ਲਈ ਸੀ। ਇਸ ਅਧਿਆਪਕ ਖੇਤਰ ਵਿਚ ਆ ਕੇ ਸੋਚਦਾ ਹਾਂ ਕਿ ਮਾਂ-ਬਾਪ ਨੇ ਮੇਰਾ ਨਾਂ ਬਘੇਲ ਸਿੰਘ ਰੱਖਿਆ ਸੀ। ਪਰ ਮੱਲੇਆਣਾ ਪਿੰਡ ਦੇ ਅਧਿਆਪਕ ਮਾਣ ਤੇ ਪਿਆਰ ਨਾਲ ਗੁਰਮੇਲ ਸਿੰਘ ਦਾ ਨਾਂ ਦੇ ਕੇ ਸਕੂਲ ਦਾਖਲ ਕੀਤਾ। ਅੱਜ ਸੋਚਦਾ ਹਾਂ ਕਿ ਸ਼ਾਇਦ ਅਧਿਆਪਕ ਵਰਗ ਨੇ ਨਾਮ ਹੀ ਨਹੀਂ ਸਗੋਂ ਕਿਤਾ ਵੀ ਦਿੱਤਾ ਸੀ।
? ਤੁਹਾਡਾ ਗ੍ਰਿਸਤੀ ਜੀਵਨ ਕਦੋਂ  ਆਰੰਭ ਹੋਇਆ ?
-ਇਛਾ ਤਾਂ ਯੋਗਬਰ ਦੀ ਵਿਦਿਅਕ ਯੋਗਤਾ ਰੱਖਦੀ ਨੌਕਰੀ ਯਾਫਤਾ ਜੀਵਨ ਸਾਥੀ ਦੀ ਸੀ ਤੇ ਇਹ ਸਾਥੀ ਮਿਲ ਵੀ ਗਿਆ ਪਰ 1989 ਵਿਚ ਮਾਂ-ਬਾਪ ਵੇਲੇ ਉਨ•ਾਂ ਦੀ ਇੱਛਾ ਨੂੰ ਪਹਿਲ ਦੇ ਕੇ ਸੱਤਪਾਲ ਕੌਰ ਨਾਲ ਸ਼ਾਦੀ ਕੀਤੀ, ਜੋ ਉਸ ਸਮੇਂ +2 ਦੀ ਵਿਦਿਆਰਥਣ ਸੀ। ਸ਼ਾਦੀ ਤੋਂ ਬਾਅਦ ਪਤਨੀ ਦੀ ਪੜ•ਾਈ ਨਿਰੰਤਰ ਜਾਰੀ ਰਹੀ। ਲੇਪੋ ਕਾਲਜ ਤੋਂ ਬੀ. ਏ. ਤੇ ਫਿਰ ਇਸੇ ਕਾਲਜ ਤੋਂ ਬੀ. ਐਂਡ ਕੀਤੀ। ਪੇਂਡੂ ਮਾਹੋਲ ਵਿਚ ਨੂੰਹ ਦਾ ਸੋਹਰੇ ਘਰੋਂ ਹਰ ਰੋਜ਼ ਕਾਲਜ ਪੜ•ਨ ਜਾਣਾ ਲੋਕਾਂ ਲਈ ਆਚੰਭਾ ਬਣਿਆ। 1993 ਵਿਚ ਜ਼ਿੰਦਗੀ ਵਿਚ ਪ੍ਰਭਜੋਤ ਨੇ ਪੁੱਤਰ ਦੇ ਰੂਪ ਵਿਚ ਪ੍ਰਵੇਸ਼ ਕੀਤਾ। ਸੰਨ 2002 ਤੱਕ ਮੇਰੀ ਪਤਨੀ ਨੇ ਪੰਜਾਬੀ ਦੀ ਐੱਮ. ਏ. ਕਰ ਲਈ ਸੀ।
? ਬੋਡੇ ਸਾਹਿਬ ਤੁਹਾਡੇ ਸਾਹਿਤਕ ਜੀਵਨ ਦਾ ਆਰੰਭ ਕਿਵੇਂ ਹੋਇਆ ?
– ਮੈਂ ਮਾਸਟਰ ਅਜਮੇਰ ਸਿੰਘ ਦੀ ਪ੍ਰੇਰਨਾ ਨਾਲ ਸਾਹਿਤ ਸਭਾ ਨਿਹਾਲ ਸਿੰਘ ਵਾਲਾ ਦਾ ਮੈਂਬਰ ਬਣਿਆ ਜਿਸ ਨਾਲ ਮੇਰੀਆਂ ਲਿਖਤਾਂ ਵਿਚ ਸੰਜੀਦਗੀ ਤੇ ਪ੍ਰਪਕਤਾ ਆਉਂਦੀ ਗਈ। ਸ਼ੁਰੂਆਤ ਮੇਰੀ ਸਕੂਲ ਤੇ ਕਾਲਜ ਦੀ ਜ਼ਿੰਦਗੀ ਦੌਰਾਨ ਪੜ•ੇ ਅਗਾਹਵਧੂ ਸਹਿਤ ਤੋਂ ਹੋਈ ਉਸ ਨੇ ਲਿਖਣ ਦੀ ਚੇਟਕ ਲਗਾਈ ਤੇ ਡੀ. ਐੱਮ. ਕਾਲਜ ਮੋਗਾ ਦੇ ਮੈਗਜੀਨ ਦਾ ਲਗਾਤਾਰ ਤਿੰਨ ਸਾਲ ਵਿਦਿਆਰਥੀ ਸੰਪਾਦਕ ਰਿਹਾ। ਸਾਹਿਤ ਸਭਾ ਨਿਹਾਲ ਸਿੰਘ ਵਾਲਾ ਦਾ ਮੈਂਬਰ ਬਨਣ ਤੋਂ ਬਾਅਦ ਡਾ. ਜੁਆਲਾ ਸਿੰਘ ਮੋੜ ਨੇ ਹੰਭਲਾ ਸਾਹਿਤ ਕੇਂਦਰ ਮੋੜਾ (ਸੰਗਰੂਰ) ਨੇ ਮੈਨੂੰ ਸਰਗਰਮ ਮੈਂਬਰ ਵਜੋਂ ਲੈ ਕੇ ਕੱਢੇ ਜਾਂਦੇ ਮੈਗਜੀਨ ‘ਹੰਭਲਾ’ ਵਿਚ ਲਿਖਤਾਂ ਨੂੰ ਛਾਪਿਆ, ਫਿਰ ਇਸੇ ਅਦਾਰੇ ਵੱਲੋਂ ਪ੍ਰਕਾਸ਼ਤ ਪੁਸਤਕ ‘ਯਾਦਾਂ ਦੇ ਪ੍ਰਛਾਵੇਂ’ ਨਾਅ ਦੀ ਕਿਤਾਬ ਵਿਚ ਪੰਜਾਬ ਦੇ ਚੋਟੀ ਦੇ ਲੇਖਕਾਂ ਵਿਚ ਮੇਰੇ ਹੰਢਾਏ ਅਨੁਭਵਾਂ ਨੂੰ ਪ੍ਰਕਾਸ਼ਤ ਕੀਤਾ।
? ਤੁਹਾਡੀਆਂ ਕਿਤਾਬਾਂ ਅਤੇ ਤੁਸੀਂ ਹੁਣ ਤੱਕ ਕਿਹੜੇ-ਕਿਹੜੇ ਅਖ਼ਬਾਰ ਤੇ ਮੈਗਜ਼ੀਨਜ ਵਿਚ ਛਪ ਚੁਕੇ ਹੋ ?
-1986-87 ਵਿਚ ‘ਸੰਧੂਰੀ ਕਲਮਾ’ ਨਾਅ ਦੀ ਪੁਸਤਕ ਵਿਚ ਦਿੱਲੀ ਦੰਗਿਆਂ ਤੇ ਲਿਖੀ ਤ੍ਰਾਸਦੀ ਭਰੀ ਕਹਾਣੀ ‘ਭਾਰਤੀ ਬਾਲਕ’ ਪ੍ਰਕਾਸਤ ਹੋਈ ਤੇ ਇਹ ਕਹਾਣੀ ਕੈਨੇਡਾ ਤੋਂ ਪ੍ਰਕਾਸ਼ਤ ਹੁੰਦੇ ਕਈ ਅਖ਼ਬਾਰਾ ਨੇ ਛਾਪੀ। ‘ਹਉਕਾ ਤੇ ਮੁਸਕਾਨ’ ਕਹਾਣੀ ਕੈਨੇਡਾ ਤੋਂ ਪ੍ਰਕਾਸ਼ਤ ਹੁੰਦੇ ਅਖ਼ਬਾਰ ‘ਗਾਰਡੀਅਨ’ ਵਿਚ ਪ੍ਰਕਾਸਿਤ ਹੋਈ। ਸੰਨ 2002 ਵਿਚ ‘ਹੰਭਲਾ’ ਮੈਗਜੀਨ ਦੀ ਲਗਾਤਾਰ ਦੋ-ਢਾਈ ਸਾਲ ਪ੍ਰਕਾਸਨਾ ਹੁੰਦੀ ਰਹੀ ਤੇ ਇਸ ਮੈਗਜੀਨ ਦੇ ਸਲਾਹਕਾਰ ਮੁੱਖ ਸੰਪਦਾਕ ਵਜੋਂ ਲਗਾਤਾਰ ਲਿਖਤਾ ਛਪਣ ਲੱਗੀਆਂ ਤੇ ਆਰਥਿਕ ਸੰਕਟ ਕਾਰਨ ਇਹ ਮੈਗਜੀਨ ਬੰਦ ਕਰਨਾ ਪਿਆ। ਮਾਰਚ 2002 ਵਿਚ ‘ਹੰਭਲਾ ਸਾਹਿਤ ਪ੍ਰਕਾਸਨ’ ਵੇਲੇ ਕਹਾਣੀਆਂ ਦੀ ਕਿਤਾਬ ‘ਬੰਨ ਉਠਾਈ ਪੋਟਲੀ’ ਛਾਪ ਕੇ ਰੀਲੀਜ ਕੀਤੀ ਗਈ, ਦਸੰਬਰ 2002 ਵਿਚ ‘ਪੱਤਰ ਹਰੇ ਕਚੂਰ’ ਪੁਸਤਕ ਵਿਚ ਪੰਜ ਕਵਿਤਾਵਾਂ ਦਾ ਸੈਟ ਪ੍ਰਕਾਸ਼ਿਤ ਹੋਇਆ। ਫਰਬਰੀ 2003 ਵਿਚ ਪੰਜਬੀ ਟ੍ਰਿਬਿਉਨ ਨੇ ਕਹਾਣੀ ”ਤਾਬੂਤ” ਪ੍ਰਕਾਸ਼ਿਤ ਕੀਤੀ। ਨਵੰਬਰ 2004 ਵਿਚ ਕਾਵਿ ਸੰਗ੍ਰਹਿ ‘ਪਗੜੀ ਅਜੇ ਸੰਭਲੀ ਨਹੀ’ ਪ੍ਰਕਾਸ਼ਿਤ ਹੋਇਆ। ਤੁਹਾਡਾ ਅੰਤਰ-ਰਾਸ਼ਟਰੀ ਮੈਗਜੀਨ ‘ਮਹਿਕ ਵਤਨ ਦੀ’ ਅਣਫੋਲੇ ਵਰਕੇ ਕਾਲਮ ਲਗਾਤਾਰ ਛਾਪ ਰਿਹਾ। ਦਸੰਬਰ 2004 ਵਿਚ ਪ੍ਰਕਾਸ਼ਿਤ ਕਿਤਾਬ ‘ਮਰਜੀਵੜੇ’ ਵਿਚ ਪੰਜ ਕਵਿਤਾਵਾਂ ਦਾ ਸੈਟ ਪ੍ਰਕਾਸ਼ਤ ਹੋਇਆ।
? ਤੁਹਾਡੇ ਭਵਿਖ ਦੀ ਕੋਈ ਯੋਜਨਾ ?
– ਬਹੁਤ ਸਾਰੀਆਂ ਯੋਜਨਾਵਾਂ ਹਨ ਜੇਕਰ ਸਾਹਿਤਕ ਖੇਤਰ ਦੀ ਗੱਲ ਕਰੀਏ ਤਾਂ ਜ਼ਿੰਦਗੀ ਵਿਚ ਵਾਪਰੀਆਂ ਘਟਨਾਵਾਂ ਨੂੰ ਲੜੀਬੱਧ ਕਰਕੇ ‘ਅਣਫੋਲੇ ਵਰਕੇ’ ਅਤੇ ਕਹਾਣੀ ਸੰਗ੍ਰਹਿ ‘ਤਾਬੂਤ’ ਦੀ ਪ੍ਰਕਾਸਨਾ ਲਈ ਵਿਉਤ ਬੰਦੀ ਕੀਤੀ ਜਾ ਰਹੀ ਹੈ।
? ਬੋਡ ਜੀ ਤੁਹਾਡੇ ਪਰਿਵਾਰ ਦੇ ਕੁਝ ਮੈਂਬਰ ਵਿਦੇਸ਼ਾਂ ਵਿਚ ਰਹਿੰਦੇ ਹਨ ਤੁਹਾਡਾ ਵੀ ਵਿਦੇਸ਼ ਵਿਚ ਜਾਣ ਦਾ ਸਬੱਬ ਬਣ ਸਕਦਾ ਹੈ। ਕੀ ਤੁਹਾਨੂੰ ਉਥੇ ਇਹੋ ਜਿਹਾ ਮਾਹੌਲ ਮਿਲ ਸਕੇਗਾ ?
ਮਾਹੋਲ ਕਦੇ ਮਿਲਦਾ ਨਹੀਂ ਲੱਭਣਾ ਪੈਂਦਾ ਹੈ ਜਾਂ ਬਣਾਉਣਾ ਪੈਂਦਾ ਹੈ। ਵਿਦੇਸ਼ਾਂ ਬਾਰੇ ਜੋ ਕੰਨੀ ਸੁਣਿਆ ਹੈ ਉਥੇ ਜ਼ਿੰਦਗੀ ਮਸ਼ੀਨ ਵਾਂਗ ਹੈ। ਆਰਥਿਕ ਦੋੜ ਕਾਰਨ ਫੁਰਸਤ ਦੇ ਪਲ ਬਹੁਤ ਘਟ ਨੇ। ਜੇ ਮੇਰਾ ਵਿਦੇਸ਼ ਜਾਣ ਦਾ ਸਬੱਬ ਬਣਿਆ ਤਾਂ ਮੈਨੂੰ ਉਨ•ਾਂ ਦੇ ਮਾਹੋਲ ਵਿਚ ਐਡਜਸਟ ਹੋਣ ਵਿਚ ਕੋਈ ਅੋਖ ਨਹੀਂ ਆਵੇਗੀ ਕਿਉਂਕਿ ਮੇਰੇ ਵੱਡੇ ਭਰਾ ਉਥੇ ਹਨ। ਪਰ ਪਿੰਡਾਂ ਵਰਗਾ ਖੁੱਲਾ-ਡੁੱਲਾ ਮਾਹੋਲ ਤੇ ਪੋਣ ਪਾਣੀ ਉਥੇ ਨਹੀਂ ਹੋ ਸਕਦਾ।
? ਪੰਜਾਬੀ ਪਾਠਕਾਂ ਦੀ ਗਿਣਤੀ ਦਿਨੋ-ਦਿਨ ਘੱਟ ਰਹੀ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ?
-ਭਵਨਦੀਪ ਜੀ ਬੜਾ ਸੰਜੀਦਾ ਤੇ ਅਹਿਮ ਸਵਾਲ ਕੀਤਾ ਹੈ। ਅੱਜ ਤੋਂ 30-35 ਸਾਲ ਪਹਿਲਾਂ ਲੋਕਾਂ ਵਿਚ ਸਾਹਿਤ ਪੜਨ ਦੀ ਇੱਛਾ ਹੁੰਦੀ ਸੀ। ਗੁਰਬਖਸ਼ ਸਿੰਘ ਪ੍ਰੀਤਲੜੀ, ਨਾਨਕ ਸਿੰਘ ਜੀ, ਜਸਵੰਤ ਸਿੰਘ ਕੰਵਲ ਤੇ ਗੁਰਦਿਆਲ ਸਿੰਘ ਦੇ ਨਾਵਲ ਉਤਸ਼ਾਹ ਨਾਲ ਪੜੇ ਜਾਂਦੇ ਸਨ। ਇਨ•ਾਂ ਨਾਵਲਾਂ ਦਾ ਸਮਾਜ ਸੁਧਾਰਨ ਦਾ ਸਮਾਜ ਬਦਲਣ ਦਾ ਸੁਨੇਹਾ ਪਾਠਕਾਂ ਨੂੰ ਸੰਘਰਸ਼ਸ਼ੀਲ ਮਨੁੱਖ ਬਣਕੇ ਇਮਾਨਦਾਰੀ ਦਾ ਸਬਕ ਸਿਖਾਉਂਦਾ ਸੀ। ਵਧੀਆ ਮਨੁੱਖ ਬਣਾਉਦਾ ਸੀ। ਬੇਸ਼ਕ ਉਸ ਸਮੇਂ ਪੜ•ਾਈ ਦਾ ਅੱਜ ਵਾਂਗ ਬੋਲ ਬਾਲਾ ਨਹੀਂ ਸੀ ਪਰ ਪੜ•ਾਈ ਦਾ ਮਿਆਰ ਤੇ ਸਤਿਕਾਰ ਕਾਇਮ ਸੀ। ਅੱਜ -ਕੱਲ• ਬਿਜਲਈ ਮੀਡੀਏ ਨੇ ਸਮਾਜ ਵਿਚ ਲੱਚਰ ਫ਼ਿਲਮਾ, ਲੱਚਰ ਫ਼ਿਲਮਾਂਕਣ, ਸੀ. ਡੀ. ਨੇ ਸਾਹਿਤ ਨੂੰ ਢਾਹ ਲਾਈ ਹੈ ਸੰਜੀਦਾ ਪਾਰਕ ਤ੍ਰਾਸਦੀ ਵਿਚ ਲੰਘ ਰਿਹਾ ਹੈ। ਇਹ ਸੀ. ਡੀਜ ਨੌਜਵਾਨਾਂ ਵਿਚ ਫੈਸ਼ਨ, ਅਵਾਰਾ ਗਰਦ, ਮੋਟਰ ਸਾਈਕਲਾਂ, ਕਾਰਾਂ ਲੇ ਫਿਰਦੇ ਮੁਸਟੰਡੇ ਬਣਾ ਰਿਹਾ ਹੈ। ਜਿਸਨੇ ਨੌਜਵਾਨਾਂ ਨੂੰ ਵਸੀਲਾ ਮਨੁੱਖ ਸੰਘਰਸ਼ ਕਰਕੇ ਅਣਖ ਨਾਲ ਜੀਣਾਂ ਤੇ ਹੱਕ ਪ੍ਰਾਪਤ ਕਰਨ ਵਾਲੇ ਰਾਹ ਤੋਂ ਭਟਕਾ ਦਿੱਤਾ ਹੈ। ਅੱਜ ਦਾ ਨੌਜਵਾਨ ਕਿਤਾਬਾਂ ਨਹੀਂ ਸਗੋਂ ਸੀ. ਡੀਜ ਖਰੀਦਦਾ ਹੈ। ਏਹੀ ਕਾਰਨ ਹੈ ਸਾਹਿਤ ਦੇ ਅਧਿਅੇਨ ਨਾਲੋਂ ਇਹ ਰੁਝਾਨ ਭਾਰੂ ਹੈ।
? ਤੁਹਾਡੇ ਖਿਆਲ ਮੁਤਾਬਕ ਸਾਹਿਤ ਦੇ ਖੇਤਰ ਵਿਚ ਪ੍ਰਫੁਲਤ ਹੋਣ ਲਈ ਪੈਸਾ ਕੀ ਭੁਮਿਕਾ ਨਿਭਾਉਂਦਾ ਹੈ ?
-ਭਵਨਦੀਪ ਜੀ ਪੈਸਾ ਸਾਹਿਤ ਪੈਦਾ ਨਹੀਂ ਕਰ ਸਕਦਾ ਨਾਂ ਹੀ ਸਾਹਿਤ ਪੈਸੇ ਲਈ ਲਿਖਿਆ ਜਾਂਦਾ ਹੈ। ਸਾਹਿਤ ਵਿਚਾਰਾਂ ਦੀ ਜੰਗ ਹੁੰਦੀ ਹੈ। ਸਾਹਿਤਕਾਰ ਇਕ ਕਲਮੀ ਬੇਧਾ ਹੁੰਦਾ ਹੈ। ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਹੈ ਕਿ ਕਿ ਧੰਨ ਲਿਖਾਰੀ ਨਾਨਕਾ ਜਿਸ ਪਛਾਤਾ ਸੱਚ। ਇਹ ਕਿਹਾ ਜਾਂਦਾ ਰਿਹਾ ਹੈ ਕਿ ਕਲਮ ਤਲਵਾਰ ਨਾਲੋਂ ਤਾਕਤਵਰ ਹੈ। ਚੰਗਾ ਸਾਹਿਤ ਲੋਕਾਂ ਨਾਲ ਮਨੁਖਤਾ ਨਾਲ ਖਿਲਵਾੜ ਨਹੀਂ ਕਰਦਾ। ਅਫਸੋਸ ਕਿ ਕੁਝ ਹੋਛੀਆਂ ਤੇ ਲੋਕ ਵਿਰੋਧੀ ਕਲਮਾਂ ਲੱਚਰ ਗੀਤਾਂ ਦੇ ਰਾਹੀਂ ਜਗਜਨਣੀ ਔਰਤ ਨਾਲ ਤੇ ਉਸ ਨਾਲ ਜੁੜੇ ਰਿਸ਼ਤਿਆਂ ਦੀ ਖੇਹ ਉਡਾਕੇ ਮਨੁੱਖਤਾ ਨੂੰ ਜਲੀਲ ਕਰ ਰਹੇ ਹਨ। ਸੱਚੀਆਂ ਸੁੱਚੀਆਂ ਲਿਖਤਾ ਲਾਇਬਰੇਰੀਆਂ ‘ਚ ਸਿਉਂਕ ਦਾ ਭੋਜਨ ਬਣ ਰਹੀਆਂ ਹਨ। ਅੱਜ ਪੈਸਾ ਤੇ ਮੀਡੀਆ ਇਸ ਪਾਸੇ ਯਤਨਸ਼ੀਲ ਹੈ ਤੇ ਸਾਹਿਤਕ ਖੇਤਰ ਵਿਚ ਸੱਚੇ-ਸੁੱਚੇ ਸਹਿਤਕਾਰ ਆਪਣੇ ਵਿਚਾਰਾਂ ਦੇ ਬਲਬੂਤੇ ਸੋਚ ਦੇ ਬਲਬੂਤੇ, ਬਿਨਾ ਕਿਸੇ ਲਾਲਚ ਦੇ ਪ੍ਰਫੁੱਲਤ ਹੋ ਰਹੇ ਹਨ। ਥੋੜਾ ਬਹੁਤਾ ਪੈਸਾ ਵਿਚਾਰਾਂ ਦੀ ਪ੍ਰਕਾਸ਼ਸਨਾ ਲਈ ਜ਼ਰੂਰੀ ਹੈ। ਸਾਹਿਤਕ ਖੇਤਰ ਵਿਚ ਨਿਸਰ ਤੇ ਲੋਕ ਪੱਖੀ ਸਾਹਿਤ ਹੀ ਪ੍ਰਫੁਲਤ ਹੋਣ ਵਿਚ ਭੂਮਿਕਾ ਨਿਭਾਉਂਦਾ ਹੈ ਪੈਸਾ ਨਹੀਂ।
? ਹੁਣ ਤੱਕ ਤੁਹਾਡੀਆਂ ਜੋ ਪੁਸਤਕਾਂ ਛਪੀਆਂ ਹਨ। ਉਨ•ਾਂ ਨੂੰ ਪਾਠਕਾਂ ਨੇ ਕੀ ਹੁੰਗਾਰਾ ਦਿੱਤਾ ?
-ਮੈਨੂੰ ਚੰਗੀ ਤਰ•ਾਂ ਯਾਦ ਹੈ ਕਿ ਮੈ ਚੋਥੀ ਜਮਾਤ ਵਿਚ ਪ੍ਰੀਤ ਲੜੀ, ਪੜ•ਨੀ ਸ਼ੁਰੂ ਕੀਤੀ ਇਸੇ ਜਮਾਤ ਵਿਚ ਪੜ•ਦਿਆਂ ਨਾਨਕ ਸਿੰਘ ਦਾ ਨਾਵਲ ਚਿੱਟਾ ਲਹੂ ਪੜਿ•ਆ। ਜਸਵੰਤ ਸਿੰਘ ਕੰਵਲ ਦਾ ”ਸੱਚ ਨੂੰ ਫਾਂਸੀ” ਪੜਿ•ਆ ਦਸਵੀ ਤੱਕ ਨਾਨਕ ਸਿੰਘ, ਕੰਵਲ, ਗੁਰਦਿਆਲ ਸਿੰਘ, ਗੁਰਬਖਸ਼ ਸਿੰਘ ਡੀ. ਐਮ. ਕਾਲਜ ਦੇ ਗੇਟ ਅੱਗੇ ਪੀਪਲਜ ਬੁੱਕ ਡਿਪੂ ਜੋ ਉਸਾਰੂ ਸਾਹਿਤ ਦਾ ਭੰਡਾਰ ਸੀ ਉਥੋਂ ਰੂਸ, ਚੀਨ, ਜਰਮਨ, ਇੰਗਲੈਂਡ ਦੇ ਹੋਰ ਵਿਧਵਾਨਾ ਦੇ ਪੰਜਾਬੀ ਅਨੁਵਾਦਤ ਸਾਹਿਤ ਨੂੰ ਪੜਿ•ਆ ਇਨ•ਾ ਲਿਖਤਾਂ ਤੋਂ ਪ੍ਰਭਾਵਤ ਹੋ ਕੇ ਅੰਦਰਲਾ ਲੇਖਕ ਨੁਮਾ ਅਹਿਸਾਸ ਮਚਲਣ ਲਗਾ। ਇਨ•ਾਂ ਲੇਖਕਾਂ ਨੇ ਹੀ ਰਾਹ ਦਿਖਾਇਆ ਕਿ ਤੁਹਾਡੀ ਲਿਖਤ ਕਿਸ ਵਰਗ ਲਈ ਹੋਣੀ ਚਾਹੀਦੀ ਹੈ। ਲਿਖਤਾਂ ਨੂੰ ਹੁੰਘਾਰਾਂ ਤਾਂ ਕਾਲਜ ਮੈਗਜੀਨ ਵਿਚ ਛਪਣ ਸਮੇਂ ਫਿਰ ਕੁਝ ਸੰਗ੍ਰਹਿ ਰੂਪ ਵਿਚ ਛਪੀਆਂ ਲਿਖਤਾਂ ਤੋਂ ਮਿਲਣ ਲੱਗ ਪਿਆ ਸੀ। ਆਪਣੀ ਪਹਿਲੀ ਕਿਤਾਬ ”ਬੰਨ ਉਠਾਈ ਪੋਟਲੀ” ਸਾਹਿਤਕ ਖੇਤਰ ਵਿਚ ਪੇਸ਼ ਕੀਤੀ। ਇਸਨੇ ਵਾਕਫੀਅਤ ਦਾ ਦਾਇਰਾ ਵਿਸ਼ਾਲ ਕੀਤਾ ਹੌਂਸਲਾ ਵਧਾਊ ਹੁੰਗਾਰਾ ਮਿਲਿਆ। ਇਸ ਹੁੰਗਾਰੇ ਵਿਚੋਂ ਕਾਵਿ ਸੰਗ੍ਰਹਿ ਪੱਗੜੀ ਅਜੇ ਸੰਭਾਲੀ ਨਹੀਂ ”ਸਾਹਿਤਕ ਖੇਤਰ ਵਿਚ ਰੱਖਿਆ ਜਿਸਨੇ ਮੇਰੀ ਪਛਾਣ ਨੂੰ ਮੈਂ ਸਮਝਦਾਂ ਹਾਂ ਕਿ ਸਾਹਿਤਕ ਸਿਖਿਆਰਥੀ ਸਾਹਿਤਕ ਵਜੋਂ ਬਣਾ ਦਿੱਤੀ ਹੈ।
? ਨਵੇਂ ਸਾਹਿਤਕਾਰਾਂ ਨੂੰ ਕੋਈ ਸੰਦੇਸ਼ ?
– ਜਿਸ ਸਮਾਜ ਵਿਚ ਅਸੀਂ ਰਹਿ ਰਹੇ ਹਾਂ ਇਸ ਵਿਚ ਮਨੁੱਖ ਨੂੰ ਦਰਪੇਸ਼ ਚੁਣੋਤੀਆਂ ਵੱਧ ਰਹੀਆਂ ਹਨ।  ਮਨੁੱਖ ਦੀ ਜਮੀਰ ਇਕ ਨਹੀਂ ਅਨੇਕਾਂ ਪੱਖਾਂ ਤੋਂ ਵਾਰ ਝੱਲ ਰਹੀ ਹੈ ਤੇ ਇਹ ਸਮਾਜ ਅਣਖ ਨਾਲ ਜੀਣ ਵਾਲੇ ਲੋਕਾਂ ਲਈ ਮੁਹਾਲ ਹੁੰਦਾ ਜਾ ਰਿਹਾ ਹੈ। ਰਾਜਨੀਤਕ ਭ੍ਰਿਸ਼ਟਾਚਾਰ, ਅਫਸਰਸ਼ਾਹੀ ਦਾ ਕਿਰਦਾਰ ਤੇ ਜਿਆਦਤੀਆਂ ਵਧਾ ਰਿਹਾ ਆਰਥਿਕ ਪਾੜਾ, ਗ਼ਰੀਬੀ, ਬੇਰੁਜ਼ਗਾਰੀ, ਅੰਧ ਵਿਸ਼ਵਾਸ਼ ਧਾਰਮਿਕ ਪਖੰਡ ਕੱਲਚਰਤਾ, ਨਸ਼ਿਆਂ ਦਾ ਰੁਝਾਨ ਭਟਕਾਵ ਹਰ ਬੁਰਾਈ ਦੀ ਸਿਰਜ ਰਹੀ ਹੈ। ਇਸ ਸਥਿਤੀ ‘ਚ ਸੁਲਝੀਆਂ ਕਲਮਾਂ ਸੁਹਿਰਦ ਮਨੁਖਾਂ ਤੇ ਚੇਤੰਨ ਸਿਰਾਂ ਲੋੜ ਹੈ। ਪ੍ਰਗਰਦੇ ਸਾਹਿਤਕਾਰਾਂ ਨੂੰ ਏਹੀ ਸੁਨੇਹਾ ਹੈ ਕਿ ਇਹ ਸਭ ਕਾਸੇ ਦੇ ਮੁਕਾਬਲੇ ਲਈ ਸਮਾਜ ਨੂੰ ਬਣਾਉਣ ਲਈ ਲੋਕ ਪਖੀ ਤੇ ਨਰੋਈਆ ਲਿਖਤਾ ਨਾਲ ਇਸ ਨੇਕੀ ਤੇ ਬਦੀ ਦੀ ਲੜਾਈ ਵਿਚ ਸਿਪਾਹੀ ਭੂਮਿਕਾ ਨਿਭਾਉਣ।
? ਅਕਸਰ ਲੇਖਕਾਂ ਤੇ ਮਹਿਫਲਾਂ ਵਿਚ ਪੀਣ ਦਾ ਇੰਤਜਾਮ ਲਗਦਾ ਹੈ ਤੁਸੀਂ ਇਸ ਪੱਖ ਤੋਂ ਕਿੰਨੇ ਕੁ ਬਚੇ ਹੋਏ ਹੋ ?
– ਮੈਂ ਆਪਣੇ ਆਪ ਨੂੰ ਕੋਈ ਵੱਡਾ ਸਾਹਿਤਕਾਰ ਨਹੀਂ ਸਮਝਦਾ ਪਰ ਮਹਾਨ ਸਾਹਿਤਕਾਰਾਂ ਦਾ ਪਾਰਕ ਜ਼ਰੂਰ ਹਾਂ। ਨਾਨਕ ਸਿੰਘ, ਗੁਰਬਖਸ਼ ਸਿੰਘ, ਗੁਰਦਿਆਲ ਸਿੰਘ, ਵਰਗੇ ਸਾਹਿਤਕਾਰ ਦਾ ਜੀਵਨ ਬੜਾ ਸੱਚਾ-ਸੁਚਾ ਤੇ ਸੰਘਰਸ਼ ਹੀਣ ਰਿਹਾ ਹੈ। ਇਸ ਪਖੋਂ ਨਾਟਕਕਾਰ ਗੁਰਸ਼ਰਨ ਸਿੰਘ ਜੀ ਇਕ ਉਦਾਹਰਣ ਹਨ। ਜਿੰਨਾ ਤੋਂ ਮੈਂ ਪ੍ਰਭਾਵਤ ਹਾਂ। ਭਾਈ ਮੰਨਾ ਸਿੰਘ ਦਾ ਕਿਰਦਾਰ ਸਿਰਫ ਸਾਹਿਤਕਾਰ ਹੀ ਨਹੀਂ ਸਗੋਂ ਲੋਕ-ਨਾਇਕ ਬਣਿਆ ਹੈ। ਜੋ ਸਾਹਿਤਕਾਰ ਲਿਖਤਾਂ ਪਖੋਂ ਬੜੀਆਂ ਕਲਾਤਸਿਕ ਤੇ ਲੋਕ ਪੱਖੀ ਸਾਹਿਤਕ ਘਾਲਣਾ ਦੀ ਮਾਲਕ ਹਨ। ਪਰ ਸ਼ਰਾਬ ਪੀਣਾ, ਜਾਂ ਆਦੀ ਹੋਣਾ ਜਾਂ ਥਿੜਕ ਜਾਣ ਪਿੱਛੇ ਉਨ•ਾਂ ਦੀ ਕੋਈ ਸੁਭਾਵਕ ਮਜ਼ਬੂਰੀ ਜਾਂ ਲੋੜ ਹੋਵੇਗੀ। ਮੈਂ ਨਿੱਜੀ ਤੌਰ ਤੇ ਮਹਿਸੂਸ ਕਰਦਾ ਹਾਂ ਕਿ ਹਰ ਸਾਹਿਤਕਾਰ ਮਨੁਖ ਇਸ ਅਲਾਮਤ ਤੋਂ ਇੰਝ ਮੁਕਰ ਹੋਣਾ ਚਾਹੀਦਾ ਹੈ। ਜਿਵੇਂ ਅੰਮ੍ਰਿਤਧਾਰੀ ਲਈ ਨਸ਼ਾ ਕੁਰਹਿਤ ਹਨ। ਜਿਥੋਂ ਤੱਕ ਮੇਰਾ ਸਵਾਲ ਹੈ ਮੈਂ ਅਜੇ ਤੱਕ ਇਸ ਅਲਾਮਤ ਤੋਂ ਮੁਕਤ ਹਾਂ। ਬਹੁਤੀ ਵਾਰ ਸਾਹਿਤਕਾਰਾਂ ਦੀ ਮਹਿਫਲ ਵਿਚ ਬੈਠਿਆਂ ਹਾਂ ਪਰ ਇਸ ਮਹਿਫਲ ਵਿਚ ਉਨ•ਾਂ ਦੀ ਸੰਗਤ ਚਾਹ ਕੋਫੀ ਪੀ ਕੇ ਜਾਂ ਸਲਾਦ ਵਿਚ ਪਈ ਮੂਲੀ ਗੋਭੀ ਦੇ ਪੱਤੇ ਜਾਂ ਪਿਆਜ ਖਾ ਕੇ ਕਰੀਦੀ ਹੈ। ਮੇਰੇ ਸਹਿਤਕਾਰ ਮਿੱਤਰ ਜਾਣਦੇ ਹਨ ਕਿ ਗੁਰਮੇਲ ਸਿੰਘ ਬੋਡੇ ਦਾ ਸਰੀਰ ਸ਼ਰਾਬ ਲਈ ਹੀ ਨਹੀਂ ਸਗੋਂ ਕਿਸੇ ਵੀ ਨਸ਼ੇ ਲਈ ਨਹੀਂ ਬਣਿਆ।
? ਅਖ਼ਬਾਰ ਮੈਗਜੀਨ ਨੂੰ ਕੋਈ ਸੁਨੇਹਾ ?
– ਅਜੋਕੇ ਸਮੇਂ ਵਿਚ ਪੰਜਾਬੀ ਮੈਗਜੀਨ ਕੱਢਣਾ ਘਰ ਫੂਕ ਤਮਾਸ਼ਾ ਦੇਖਣ ਵਾਲੀ ਗੱਲ ਐ। ਤੁਸੀਂ ਬੜੇ ਸਿਰੜੀ ਮਨੁੱਖ ਹੋ ਜੋ ਇਹ ਕਾਰਜ ਨਿਭਾ ਹੀ ਨਹੀਂ ਰਹੇ ਸਗੋਂ ਸ਼ਹਿਰਦਤਾ ਨਾਲ ਕਾਰਜਸ਼ੀਲ ਹੋ। ਤੁਹਾਨੂੰ ਮੈਗਜੀਨ ਨੂੰ ਦਰਪੇਸ਼ ਚੁਣੋਤੀਆਂ ਦਾ ਅਹਿਸਾਸ ਹੀ ਨਹੀਂ ਸਗੋਂ ਹੰਢਾ ਵੀ ਰਹੇ ਹੋ। ਤੁਹਾਡੇ ਯਤਨਾ ਨੂੰ ਸੁਨੇਹਾ ਨਹੀਂ ਸਗੋ ਸ਼ੁਭਕਾਮਨਾਵਾਂ ਤੇ ਇਸ ਮਾਰਗ ਤੇ ਅੱਗੇ ਵਧਦੇ ਰਹਿਣ ਦੀ ਦੁਆ ਹਾਜਰ ਹੈ। ਦੁਆ ਹੈ ਕਿ ਮਹਿਕ ਵਤਨ ਦੀ ਮੈਗਜੀਨ ਵਿਚ ਵਤਨ ਦੇ 80% ਲੋਕ ਜੋ ਗ਼ਰੀਬੀ ਭੁੱਖ ਮਰੀ, ਅਧੂਰੀਆਂ ਹਸਰਤਾਂ, ਦੇ ਸ਼ਿਕਾਰ ਹਨ। ਜਿਨ•ਾਂ ਦੀ ਨਾ ਤਾਂ ਕੋਈ ਸੁਹਿਰਦ ਰਾਜਨੇਤਾ, ਨਾ ਕੋਈ ਧਰਮੀ ਵਾਂਹ ਫੜ ਰਿਹਾ ਹੈ। ਜਦ ਕਿ ਉਹਨਾਂ ਦੇ ਸੁਪਨਿਆਂ ਦੀ ਤਜਾਰਤ ਕਰਕੇ ਰਾਜਗੱਦੀਆਂ ਚਲਾ ਰਹੇ ਹਨ। ਮੈਗਜੀਨ ਉਹਨਾਂ ਲੋਕਾਂ  ਨੂੰ ਬੇਪਰਦਾ ਕਰੇ ਮੈਗਜੀਨ ਆਪਣੇ ਲੋਕਾਂ ਦੀ ਨਰੋਈ ਧਿਰ ਬਣਕੇ ਗੁਰੂ ਨਾਨਕ ਦੀ ਬਾਣੀ ਵਾਂਗ ਮਲਕ ਭਾਗੋ ਦੇ ਅਹਿਲਕਾਰਾਂ ਜਾਂ ਉਹਨਾਂ ਦੇ ਨਚਾਰਾਂ ਜਾਂ ਨਾਚੀਆਂ ਦਾ ਢੰਡੋਰਦੀ ਕਦੇ ਨਾ ਬਣੇ ਸਗੋਂ ਭਾਈ ਲਾਲੋ ਦਾ ਖੈਰ ਖਵਾਹ ਬਣੇ।

Leave a Reply

Your email address will not be published. Required fields are marked *